ਮੈਲਬੌਰਨ (ਆਸਟਰੇਲੀਆ), 7 ਸਤੰਬਰ (ਪਰਮਵੀਰ ਸਿੰਘ ਆਹਲੂਵਾਲੀਆ)- ਆਸਟਰੇਲੀਆ ਦੀ ਰਾਜਧਾਨੀ ਕੈਨਬਰਾ ਨੇੜੇ ਬੀਤੇ ਦਿਨੀਂ ਫੈਡਰਲ ਹਾਈਵੇ ’ਤੇ ਵਾਪਰੇ ਦਰਦਨਾਕ ਸੜਕ ਹਾਦਸੇ ਵਿਚ 30 ਸਾਲਾਂ ਭਾਰਤੀ ਨੌਜਵਾਨ ਹਰਸ਼ ਸ਼ਰਮਾ ਦੀ ਮੌਤ ਹੋ ਗਈ। ਪੁਲਿਸ ਅਨੁਸਾਰ ਹਰਸ਼ ਪੈਦਲ ਜਾ ਰਿਹਾ ਸੀ ਕਿ ਸੈਮੀ-ਟ੍ਰੇਲਰ ਟਰੱਕ ਨੇ ਉਸ ਨੂੰ ਟੱਕਰ ਮਾਰ ਦਿੱਤੀ। ਪੁਲਿਸ ਦੇ ਮੌਕੇ ’ਤੇ ਪਹੁੰਚਣ ਤੱਕ ਉਸ ਦੀ ਮੌਤ ਹੋ ਚੁੱਕੀ ਸੀ।
ਟਰੱਕ ਚਾਲਕ ਨੂੰ ਲਾਜ਼ਮੀ ਜਾਂਚ ਲਈ ਹਸਪਤਾਲ ਲਿਜਾਇਆ ਗਿਆ ਹੈ ਜਦਕਿ ਹਾਦਸੇ ਸੰਬੰਧੀ ਜਾਂਚ ਜਾਰੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹਰਸ਼ ਆਪਣੇ ਪਿੱਛੇ ਪਤਨੀ ਅਤੇ ਦੋ ਨਿੱਕੀਆਂ ਧੀਆਂ ਛੱਡ ਗਿਆ ਹੈ। ਉਸ ਦੀ ਸਭ ਤੋਂ ਛੋਟੀ ਧੀ ਦਾ ਜਨਮ ਇਸ ਹਾਦਸੇ ਤੋਂ ਸਿਰਫ਼ ਤਿੰਨ ਹਫ਼ਤੇ ਪਹਿਲਾਂ ਹੋਇਆ ਸੀ ਜਦਕਿ ਉਸ ਦੇ ਮਾਪੇ ਭਾਰਤ ਵਿਚ ਰਹਿੰਦੇ ਹਨ। ਦੋਸਤਾਂ ਵਲੋਂ ਮ੍ਰਿਤਕ ਦੇ ਪਰਿਵਾਰ ਦੀ ਆਰਥਿਕ ਮਦਦ ਲਈ ਸਮਾਜਿਕ ਮਾਧਿਅਮ ਤੇ ਇਕ ਮੁਹਿੰਮ ਵੀ ਚਲਾਈ ਜਾ ਰਹੀ ਹੈ।