ਅਜਨਾਲਾ, 8 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਕੇਂਦਰ ਸਰਕਾਰ ਵਲੋਂ ਘਰੇਲੂ ਐਲ.ਪੀ.ਜੀ ਸਲੰਡਰ ਦੀ ਰਿਫਿਲ ਬੁਕਿੰਗ ਸੰਬੰਧੀ ਦਿਹਾਤੀ ਖਪਤਕਾਰਾਂ ਲਈ ਵੱਡੀ ਰਾਹਤ ਦਿੱਤੀ ਗਈ ਹੈ। ਹੁਣ ਪੇਂਡੂ ਖੇਤਰਾਂ ਦੇ ਖਪਤਕਾਰ 45 ਦਿਨਾਂ ਦੀ ਬਜਾਏ 25 ਦਿਨਾਂ ਬਾਅਦ ਆਪਣਾ ਘਰੇਲੂ ਗੈਸ ਸਲੰਡਰ ਰਿਫਿਲ ਬੁੱਕ ਕਰਵਾ ਸਕਣਗੇ। ਇਸ ਫੈਸਲੇ ਨਾਲ ਖ਼ਾਸ ਕਰਕੇ ਘਰੇਲੂ ਗੈਸ ਦੀ ਵੱਧ ਖਪਤ ਕਰਨ ਵਾਲੇ ਪਰਿਵਾਰਾਂ ਨੂੰ ਵੱਡੀ ਰਾਹਤ ਮਿਲਣ ਦੀ ਉਮੀਦ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਅਜਨਾਲਾ ਗੈਸ ਸਰਵਿਸ ਦੇ ਮਾਲਕ ਬਿਕਰਮਜੀਤ ਸਿੰਘ ਰਾਠ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਪੇਂਡੂ ਖੇਤਰਾਂ ਵਿਚ ਘਰੇਲੂ ਗੈਸ ਸਿਲੰਡਰ ਦੀ ਅਗਲੀ ਬੁਕਿੰਗ ਲਈ 45 ਦਿਨਾਂ ਦਾ ਅੰਤਰ ਰੱਖਿਆ ਗਿਆ ਸੀ, ਜਦਕਿ ਸ਼ਹਿਰੀ ਖੇਤਰਾਂ ਵਿਚ ਇਹ ਅੰਤਰ 25 ਦਿਨ ਸੀ। 45 ਦਿਨਾਂ ਦੀ ਮਿਆਦ ਕਾਰਨ ਦਿਹਾਤੀ ਇਲਾਕਿਆਂ ਵਿਚ ਵੱਧ ਗੈਸ ਵਰਤਣ ਵਾਲੇ ਪਰਿਵਾਰਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ।
ਉਨ੍ਹਾਂ ਦੱਸਿਆ ਕਿ ਅਮਰੀਕਾ ਅਤੇ ਇਰਾਨ ਵਿਚਾਲੇ ਜੰਗ ਤੋਂ ਬਾਅਦ ਪੈਦਾ ਹੋਏ ਕੌਮਾਂਤਰੀ ਹਾਲਾਤ ਦੇ ਮੱਦੇਨਜ਼ਰ ਕੇਂਦਰ ਸਰਕਾਰ ਵਲੋਂ ਘਰੇਲੂ ਐਲ.ਪੀ.ਜੀ. ਦੀ ਵਰਤੋਂ ਅਤੇ ਸਪਲਾਈ ਨੂੰ ਲੈ ਕੇ ਇਹ 45 ਦਿਨਾਂ ਵਾਲਾ ਅੰਤਰ ਲਾਗੂ ਕੀਤਾ ਗਿਆ ਸੀ। ਹੁਣ ਦੇਸ਼ ਵਿਚ ਐਲ.ਪੀ.ਜੀ. ਦੀ ਸਪਲਾਈ ਅਤੇ ਉਪਲਬਧਤਾ ਵਿਚ ਸੁਧਾਰ ਨੂੰ ਦੇਖਦਿਆਂ ਦਿਹਾਤੀ ਖਪਤਕਾਰਾਂ ਲਈ ਵੀ ਰਿਫਿਲ ਬੁਕਿੰਗ ਦਾ ਅੰਤਰ ਘਟਾ ਕੇ 25 ਦਿਨ ਕਰ ਦਿੱਤਾ ਗਿਆ ਹੈ।
ਬਿਕਰਮਜੀਤ ਸਿੰਘ ਰਾਠ ਨੇ ਦੱਸਿਆ ਕਿ ਨਵਾਂ ਨਿਯਮ ਲਾਗੂ ਹੋਣ ਨਾਲ ਦਿਹਾਤੀ ਖਪਤਕਾਰ ਹੁਣ 25 ਦਿਨ ਪੂਰੇ ਹੋਣ ਤੋਂ ਬਾਅਦ ਆਪਣਾ ਐਲ.ਪੀ.ਜੀ. ਸਿਲੰਡਰ ਰਿਫਿਲ ਬੁੱਕ ਕਰਵਾ ਸਕਣਗੇ। ਇਸ ਨਾਲ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿਚ ਰਿਫਿਲ ਬੁਕਿੰਗ ਦੇ ਅੰਤਰ ਨੂੰ ਵੀ ਬਰਾਬਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਫੈਸਲਾ ਖ਼ਾਸ ਕਰਕੇ ਵੱਡੇ ਪਰਿਵਾਰਾਂ ਅਤੇ ਜਿਨ੍ਹਾਂ ਘਰਾਂ ਵਿਚ ਰਸੋਈ ਲਈ ਗੈਸ ਦੀ ਖਪਤ ਵੱਧ ਹੈ, ਉਨ੍ਹਾਂ ਲਈ ਲਾਹੇਵੰਦ ਸਾਬਤ ਹੋਵੇਗਾ।
ਉਨ੍ਹਾਂ ਖਪਤਕਾਰਾਂ ਨੂੰ ਅਪੀਲ ਕੀਤੀ ਕਿ ਉਹ ਨਵੇਂ ਨਿਯਮ ਅਨੁਸਾਰ ਸਮੇਂ ਸਿਰ ਗੈਸ ਦੀ ਬੁਕਿੰਗ ਕਰਵਾਉਣ ਅਤੇ ਐਲ.ਪੀ.ਜੀ. ਦੀ ਵਰਤੋਂ ਸੰਜਮ ਨਾਲ ਕਰਨ, ਤਾਂ ਜੋ ਸਪਲਾਈ ਪ੍ਰਬੰਧ ਸੁਚਾਰੂ ਢੰਗ ਨਾਲ ਚੱਲਦੇ ਰਹਿਣ।