29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਕਾਂਗਰਸ ਹਾਈਕਮਾਂਡ ਨੇ ਟਿਕਟ ਦਿੱਤੀ ਤਾਂ ਮੁੱਖ ਮੰਤਰੀ ਮਾਨ ਖਿਲਾਫ਼ ਚੋਣ ਲੜਾਂਗਾ- ਰਾਜਾ ਵੜਿੰਗ

ਮਾਛੀਵਾੜਾ ਸਾਹਿਬ (ਲੁਧਿਆਣਾ), 29 ਅਗਸਤ (ਰਾਜਦੀਪ ਸਿੰਘ ਅਲਬੇਲਾ) - ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ....

ਅਜੀਤ ਡੈਸਕ 29-08-2026

ਮਾਛੀਵਾੜਾ ਸਾਹਿਬ (ਲੁਧਿਆਣਾ), 29 ਅਗਸਤ (ਰਾਜਦੀਪ ਸਿੰਘ ਅਲਬੇਲਾ) - ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਜੇਕਰ ਕਾਂਗਰਸ ਹਾਈਕਮਾਂਡ ਨੇ ਉਨ੍ਹਾਂ ਨੂੰ ਯੋਗ ਸਮਝਿਆਂ ਤਾਂ ਉਹ ਸਿਰਫ਼ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖਿਲਾਫ਼ ਹੀ ਚੋਣ ਲੜਨਗੇ। ਸੂਬਾ ਪ੍ਰਧਾਨ ਰਾਜਾ ਵੜਿੰਗ ਅੱਜ ਮਾਛੀਵਾੜਾ ਵਿਖੇ ਆਪਣੇ ਨਜ਼ਦੀਕੀ ਸਾਥੀ ਜ਼ਿਲ੍ਹਾ ਉਪ ਪ੍ਰਧਾਨ ਕਸਤੂਰੀ ਲਾਲ ਮਿੰਟੂ ਦੇ ਦਫ਼ਤਰ ਵਿਖੇ ਪੁੱਜੇ ਸਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਇਸ ਵਾਰ ਕਾਂਗਰਸ ਪਾਰਟੀ ਵਿਧਾਨ ਸਭਾ ਚੋਣਾਂ ਲਈ ਉਮੀਦਵਾਰ ਐਲਾਨਣ ਵਿਚ ਇਸ ਵਾਰ ਪਿੱਛੇ ਨਹੀਂ ਰਹੇਗੀ ਬਲਕਿ ਪਹਿਲਕਦਮੀ ਕਰਦਿਆਂ ਹਾਈਕਮਾਂਡ ਜਲਦ ਹੀ ਟਿਕਟਾਂ ਦੀ ਸੂਚੀ ਦਾ ਐਲਾਨ ਕਰੇਗੀ।

ਪਾਰਟੀ ਵਿਚ ਗੁੱਟਬੰਦੀ ਸਬੰਧੀ ਉਨ੍ਹਾਂ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਸੂਬੇ ਵਿਚ ਕਾਂਗਰਸ ਦਾ ਪੂਰਾ ਬੋਲਬਾਲਾ ਹੈ ਜਿਸ ਕਾਰਨ ਜਿੱਥੇ ਚੜ੍ਹਤ ਹੁੰਦੀ ਹੈ ਉੱਥੇ 2 ਭਾਂਡੇ ਖੜਕਦੇ ਹੀ ਹਨ। ਉਨ੍ਹਾਂ ਕਿਹਾ ਕਿ ਅੱਜ ਹਰੇਕ ਸਿਆਸੀ ਪਾਰਟੀ ਵਿਚ ਗੁੱਟਬੰਦੀ ਹੈ, ਉਹ ਚਾਹੇ ਅਕਾਲੀ ਦਲ ਹੋਵੇ, ‘ਆਪ’ ਹੋਵੇ ਜਾਂ ਭਾਜਪਾ ਪਰ ਕਾਂਗਰਸ ਵਿਚ ਜੋ ਗੁੱਟਬੰਦੀ ਹੈ ਉਹ ਕੁਝ ਹੀ ਦਿਨਾਂ ਅੰਦਰ ਹਾਈਕਮਾਂਡ ਖ਼ਤਮ ਕਰ ਦੇਵੇਗੀ। ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਸਾਨੂੰ ਕਾਂਗਰਸ ਪਾਰਟੀ ਵਿਚ ਰਵਨੀਤ ਸਿੰਘ ਬਿੱਟੂ ਵਰਗੇ ‘ਸਲਿੱਪਰ ਸੈੱਲ’ ਪਹਿਚਾਨਣ ਦੀ ਲੋੜ ਹੈ ਜੋ ਪਾਰਟੀ ਵਿਚ ਰਹਿੰਦਿਆਂ ਵਿਰੋਧੀ ਸਿਆਸੀ ਪਾਰਟੀਆਂ ਨਾਲ ਮਿਲੀਭੁਗਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਰਵਨੀਤ ਸਿੰਘ ਬਿੱਟੂ ਕਾਂਗਰਸ ਪਾਰਟੀ ਵਿਚ ਰਹਿੰਦਿਆਂ ਭਾਜਪਾ ਦੇ ਗ੍ਰਹਿ ਮੰਤਰੀ ਨੂੰ ਮਿਲਦੇ ਰਹੇ ਅਤੇ ਉਨ੍ਹਾਂ ਦੀ ਝੋਲੀ ਵਿਚ ਹੀ ਬਹਿ ਗਿਆ। ਉਨ੍ਹਾਂ ਕਿਹਾ ਕਿ ਅੱਜ ਵੀ ਪਾਰਟੀ ਵਿਚ ਅਜਿਹੇ ਹੋਰ ਸਲਿੱਪਰ ਸੈੱਲ ਬਾਕੀ ਹਨ ਜਿਨ੍ਹਾਂ ਨੂੰ ਪਹਿਚਾਨਣ ਦੀ ਲੋੜ ਹੈ ਤਾਂ ਜੋ ਪਾਰਟੀ ਦਾ ਨੁਕਸਾਨ ਨਾ ਹੋਵੇ। ਇਸ ਮੌਕੇ ਸਾਬਕਾ ਬਲਾਕ ਸੰਮਤੀ ਮੈਂਬਰ ਹੁਸਨ ਲਾਲ ਮੜਕਨ, ਰਮੇਸ਼ ਖੁੱਲਰ, ਬਲਾਕ ਸੰਮਤੀ ਮੈਂਬਰ ਰਛਪਾਲ ਸਿੰਘ ਵੀ ਮੌਜੂਦ ਸਨ।

84 ਸਿੱਖ ਕਤਲੇਆਮ ਮਾਮਲੇ ਦੇ ਦੋਸ਼ੀ ਸੱਜਣ ਕੁਮਾਰ ਦੇ ਮਾਮਲੇ ’ਚ ਰਾਜਾ ਵੜਿੰਗ ਨੇ ਕਿਹਾ, ‘ਗੁਨਾਹਗਾਰਾਂ ਨੂੰ ਰੱਬ ਸਜ਼ਾ ਦਿੰਦਾ ਹੈ’

84 ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਦੀ ਮੌਤ ਤੋਂ ਬਾਅਦ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਬਿਆਨ ਦਿੱਤਾ ਸੀ ਕਿ ਇਸ ਨੂੰ ਚੌਰਾਹੇ ਵਿਚ ਫਾਂਸੀ ਦੇਣੀ ਚਾਹੀਦੀ ਸੀ। ਇਸ ਸਬੰਧੀ ਸੂਬਾ ਪ੍ਰਧਾਨ ਰਾਜਾ ਵੜਿੰਗ ਤੋਂ ਮ੍ਰਿਤਕ ਸੱਜਣ ਕੁਮਾਰ ਸਬੰਧੀ ਸਵਾਲ ਪੁੱਛਣ ’ਤੇ ਉਨ੍ਹਾਂ ਕਿਹਾ ਕਿ ਰੱਬ ਦੇ ਕੰਮ ਵਿਚ ਵਿਘਨ ਨਹੀਂ ਪਾਉਣਾ ਚਾਹੀਦਾ, ਉਹ ਕੌਣ ਹੁੰਦੇ ਹਨ ਸਜ਼ਾ ਦੇਣ ਵਾਲੇ, ਜਿਸ ਨੇ ਕੋਈ ਵੀ ਗੁਨਾਹ ਕੀਤਾ ਹੈ ਉਸ ਨੂੰ ਰੱਬ ਸਜ਼ਾ ਦਿੰਦਾ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਕਤਲ ਕੀਤੇ ਜਾਂ ਕਰਵਾਏ ਉਸ ਸਬੰਧੀ ਅਕਾਲ ਪੁਰਖ ਜਾਣਦਾ ਹੈ ਜੋ ਕਿ ਓਹੀ ਸਜ਼ਾ ਦੇਣ ਵਾਲਾ ਹੈ।

ਰਾਹੁਲ ਗਾਂਧੀ ਦੇ ਚਿਹਰੇ ’ਤੇ ਪੰਜਾਬ ਵਿਧਾਨ ਸਭਾ ਚੋਣਾਂ ਲੜਾਂਗੇ

ਪੱਤਰਕਾਰਾਂ ਵਲੋਂ ਜਦੋਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਵਲੋਂ ਮੁੱਖ ਮੰਤਰੀ ਦਾ ਚਿਹਰਾ ਕੌਣ ਹੋਵੇਗਾ, ਇਸ ਸਬੰਧੀ ਰਾਜਾ ਵੜਿੰਗ ਨੇ ਕਿਹਾ ਕਿ ਉਨ੍ਹਾਂ ਦੇ ਅਖਤਿਆਰ ਵਿਚ ਨਹੀਂ, ਇਸ ਸਬੰਧੀ ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਅਰਜੁਨ ਖੜਗੇ ਜਾਂ ਰਾਹੁਲ ਗਾਂਧੀ ਹੀ ਕਰਨਗੇ। ਉਨ੍ਹਾਂ ਕਿਹਾ ਕਿ ਕਾਂਗਰਸ ਪੰਜਾਬ ਵਿਚ ਰਾਹੁਲ ਗਾਂਧੀ ਦੇ ਚਿਹਰੇ ’ਤੇ ਚੋਣਾਂ ਲੜੇਗੀ ਅਤੇ ਸ਼ਾਨਦਾਰ ਜਿੱਤ ਪ੍ਰਾਪਤ ਕਰ ਸਰਕਾਰ ਬਣਾਵੇਗੀ ਅਤੇ ਹਾਈਕਮਾਂਡ ਨੇ ਹੀ ਫੈਸਲਾ ਕਰਨਾ ਹੈ ਕਿ ਮੁੱਖ ਮੰਤਰੀ ਕੌਣ ਹੋਵੇਗਾ।

ਟਕਸਾਲੀ ਆਗੂ ਕਸਤੂਰੀ ਲਾਲ ਮਿੰਟੂ ਵਰਗੇ ਮਿਹਨਤੀ ਆਗੂਆਂ ਦੇ ਯਤਨਾਂ ਸਦਕਾ ਬਣੇਗੀ ਸਰਕਾਰ

ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਕਸਤੂਰੀ ਲਾਲ ਮਿੰਟੂ ਵਰਗੇ ਟਕਸਾਲੀ ਆਗੂਆਂ ਦੀ ਮਿਹਨਤ ਸਦਕਾ ਕਾਂਗਰਸ ਪਾਰਟੀ ਸੂਬੇ ਵਿਚ ਆਪਣੀ ਸਰਕਾਰ ਬਣਾ ਸਕਦੀ ਹੈ। ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਜੇਕਰ ਹਾਈਕਮਾਂਡ ਚਾਹੇ ਤਾਂ ਮਿੰਟੂ ਵਰਗੇ ਮਿਹਨਤੀ ਆਗੂ ਨੂੰ ਵੀ ਟਿਕਟ ਨਾਲ ਨਿਵਾਜਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਟਿਕਟ ਹਾਈਕਮਾਂਡ ਨੇ ਦੇਣੀ ਹੈ ਉਹ ਤਾਂ ਇੱਕ ਪਾਰਟੀ ਦੇ ਵਕੀਲ ਬਣ ਸੁਝਾਅ ਦੇ ਸਕਦੇ ਹਨ। ਦੂਸਰੇ ਪਾਸੇ ਕਸਤੂਰੀ ਲਾਲ ਮਿੰਟੂ ਨੇ ਪ੍ਰਧਾਨ ਰਾਜਾ ਵੜਿੰਗ ਨੂੰ ਆਪਣੇ ਪਿੰਡ ਸ਼ੇਰਪੁਰ ਬੇਟ ਵਿਖੇ ਆਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਉਹ ਇਕ ਵਾਰ ਉੱਥੇ ਜ਼ਰੂਰ ਆਉਣ ਕਿਉਂਕਿ ਬੇਟ ਖੇਤਰ ਵਿਚ ਕਦੇ ਵੀ ਕਾਂਗਰਸ ਨੂੰ ਹਾਰ ਦਾ ਸਾਹਮਣਾ ਨਹੀਂ ਕਰਨਾ ਪਿਆ, ਚਾਹੇ ਹਾਲਾਤ ਕਿਹੋ ਜਿਹੇ ਵੀ ਰਹੇ ਹੋਣ।

ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਬਾਬਾ ਬਕਾਲਾ ਸਾਹਿਬ ਜੀ ਦੀ ਇਤਿਹਾਸਕ ਧਰਤੀ ਜਿੱਥੇ ਕਿ ਸਿਆਸੀ ਕਾਨਫਰੰਸਾਂ ਹੋਈਆਂ ਉੱਥੇ ਪੰਜਾਬ ਨੂੰ ਨਸ਼ਿਆਂ ’ਚੋਂ ਨੌਜਵਾਨਾਂ ਨੂੰ ਬਾਹਰ ਕੱਢਣ ਲਈ, ਕਰਜਾ ਮੁਕਤ ਕਰਨ ਲਈ, ਨੌਜਵਾਨਾਂ ਨੂੰ ਰੋਜ਼ਗਾਰ ਦੇਣ ਲਈ ਅਤੇ ਪੰਜਾਬ ਦੇ ਹਿੱਤਾਂ ਦੀ ਗੱਲ ਕਰਨ ਦੀ ਬਜਾਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਬਿਕਰਮ ਸਿੰਘ ਮਜੀਠੀਆ ਇੱਕ-ਦੂਜੇ ਨੂੰ ਮਸ਼ਕਰੀਆਂ ਕਰਦੇ ਦਿਖਾਈ ਦਿੱਤੇ ਜੋ ਕਿ ਸ਼ੋਭਾ ਨਹੀਂ ਦਿੰਦਾ। ਉਨ੍ਹਾਂ ਕਿਹਾ ਕਿ ਦੋਵੇਂ ਸਿਆਸੀ ਆਗੂਆਂ ਦੀ ਭਾਸ਼ਾ ਸਿਰਫ਼ 18 ਤੋਂ 21 ਸਾਲਾਂ ਦੇ ਨੌਜਵਾਨਾਂ ਨੂੰ ਭਰਮਾਉਣ ਲਈ ਹੈ ਨਾ ਕਿ ਸੂਬੇ ਨੂੰ ਤਰੱਕੀ ਵੱਲ ਲਿਜਾਣ ਲਈ।

ਪਿਛਲੀ ਖ਼ਬਰ ਵਰਿੰਦਰ ਸਿੰਘ ਫ਼ੌਜੀ ਦੀ ਮਾਤਾ ਦਾ ਦੇਹਾਂਤ , ਅੰਤਿਮ ਸੰਸਕਾਰ ਤੋਂ ਆ ਰਹੇ ਸਨ ਵਾਪਿਸ ਅਗਲੀ ਖ਼ਬਰ ਸਹਿਜੋ ਮਾਜਰਾ ਦੇ ਸਰਪੰਚ ਦੀ ਕੁੱਟਮਾਰ ਦੇ ਮਾਮਲੇ ਵਿਚ ਪੁਲਿਸ ਵਲੋਂ 4 ਖਿਲਾਫ਼ ਮਾਮਲਾ ਦਰਜ