ਹੁਸ਼ਿਆਰਪੁਰ, 29 ਅਗਸਤ (ਬਲਜਿੰਦਰਪਾਲ ਸਿੰਘ)- ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਦੇ ਘਰ ਹੁਸ਼ਿਆਰਪੁਰ ਵਿਖੇ ਅੱਜ ਥਾਣਾ ਮਾਡਲ ਟਾਊਨ ਦੀ ਪੁਲਿਸ 'ਸਿੱਟ' (ਸਪੈਸ਼ਲ ਇਨਵੈਸਟੀਗੇਸ਼ਨ ਟੀਮ) ਵਲੋਂ ਜਾਰੀ ਕੀਤੇ ਸੰਮਨ ਲੈ ਕੇ ਪਹੁੰਚੀ। 'ਸਿੱਟ' ਵਲੋਂ ਬਹਿਬਲਕਾਂਡ ਗੋਲੀਕਾਂਡ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋਈਆਂ ਬੇਅਦਬੀਆਂ ਨੂੰ ਲੈ ਕੇ ਕੀਤੀ ਜਾ ਰਹੀ ਜਾਂਚ ਦੇ ਚੱਲਦਿਆਂ ਵਿਜੇ ਸਾਂਪਲਾ ਨੂੰ 2 ਸਤੰਬਰ ਨੂੰ ਚੰਡੀਗੜ੍ਹ ਵਿਖੇ ਪੇਸ਼ ਹੋਣ ਲਈ ਸੰਮਨ ਭੇਜੇ ਗਏ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੇ ਸਾਂਪਲਾ ਨੇ ਦੱਸਿਆ ਕਿ 2 ਸਤੰਬਰ ਨੂੰ ਉਹ 'ਸਿੱਟ' ਸਾਹਮਣੇ ਪੇਸ਼ ਨਹੀਂ ਹੋ ਸਕਦੇ, ਕਿਉਂਕਿ ਉਸ ਦਿਨ ਪਾਰਟੀ ਦੇ ਕਈ ਰੁਝੇਵੇਂ ਹਨ। ਉਨ੍ਹਾਂ ਲਿਖਤੀ ਰੂਪ 'ਚ 'ਸਿੱਟ' ਤੋਂ 3 ਸਤੰਬਰ ਨੂੰ ਪੇਸ਼ ਹੋਣ ਦਾ ਸਮਾਂ ਮੰਗਿਆਂ ਹੈ। ਇਸ ਮੌਕੇ ਵਿਜੇ ਸਾਂਪਲਾ ਨੇ ਕਿਹਾ ਕਿ ਸਰਕਾਰ ਵਲੋਂ ਲਗਾਤਾਰ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੂੰ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਨਾਲ ਉਨ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ ਹੈ ਅਤੇ ਉਨ੍ਹਾਂ ਨੂੰ ਬਿਨ੍ਹਾਂ ਵਜ੍ਹਾ ਇਸ ਮਾਮਲੇ 'ਚ ਉਲਝਾਇਆ ਜਾ ਰਿਹਾ ਹੈ।