ਰਾਮ ਤੀਰਥ/ਚੋਗਾਵਾਂ, (ਅੰਮ੍ਰਿਤਸਰ), 24 ਅਗਸਤ (ਧਰਵਿੰਦਰ ਸਿੰਘ ਔਲਖ, ਗੁਰਵਿੰਦਰ ਸਿੰਘ ਕਲਸੀ)- ਪਿੰਡ ਕੋਹਾਲੀ ਵਿਖੇ ਬਾਬਾ ਮੀਰਾਂ ਪਾਤਸ਼ਾਹ ਦੀ ਦਰਗਾਹ ’ਤੇ ਕਰਵਾਏ ਗਏ ਸੱਭਿਆਚਾਰਕ ਮੇਲੇ ਅਤੇ ਕੁਸ਼ਤੀ ਦੰਗਲ ਦੀ ਸਮਾਪਤੀ ਉਪਰੰਤ ਵਾਪਰੇ ਦਰਦਨਾਕ ਹਾਦਸੇ ਨੇ ਮੇਲੇ ਦੀਆਂ ਖੁਸ਼ੀਆਂ ਨੂੰ ਗਮੀਆਂ ਵਿਚ ਤਬਦੀਲ ਕਰ ਦਿੱਤਾ। ਮੇਲਾ ਖ਼ਤਮ ਹੋਣ ਤੋਂ ਬਾਅਦ ਟੈਂਟ ਉਤਾਰ ਰਹੇ ਦੋ ਨੌਜਵਾਨਾਂ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ ਮੇਲੇ ਦੀ ਸਮਾਪਤੀ ਤੋਂ ਬਾਅਦ ਟੈਂਟ ਹਾਊਸ ਦਾ ਕੰਮ ਕਰਨ ਵਾਲੇ ਕੁਝ ਨੌਜਵਾਨ ਟੈਂਟ ਅਤੇ ਹੋਰ ਸਮਾਨ ਉਤਾਰ ਰਹੇ ਸਨ। ਇਸ ਦੌਰਾਨ ਜਦੋਂ ਉਹ ਲੋਹੇ ਦੀ ਪੌੜੀ ਦੀ ਮਦਦ ਨਾਲ ਟੈਂਟ ਉਤਾਰ ਰਹੇ ਸਨ ਤਾਂ ਅਚਾਨਕ ਪੌੜੀ ਉੱਪਰੋਂ ਲੰਘ ਰਹੀਆਂ ਬਿਜਲੀ ਦੀਆਂ ਤਾਰਾਂ ਨਾਲ ਲੱਗ ਗਈ। ਬਿਜਲੀ ਦੀਆਂ ਤਾਰਾਂ ਦੇ ਸੰਪਰਕ ਵਿਚ ਆਉਂਦੇ ਹੀ ਦੋ ਨੌਜਵਾਨ ਕਰੰਟ ਦੀ ਲਪੇਟ ਵਿਚ ਆ ਗਏ ਅਤੇ ਬੁਰੀ ਤਰ੍ਹਾਂ ਝੁਲਸ ਗਏ।
ਹਾਦਸੇ ਤੋਂ ਬਾਅਦ ਮੌਕੇ ’ਤੇ ਮੌਜੂਦ ਲੋਕਾਂ ਵਿਚ ਹਫ਼ੜਾ-ਦਫ਼ੜੀ ਮੱਚ ਗਈ। ਦੋਵੇਂ ਨੌਜਵਾਨਾਂ ਨੂੰ ਤੁਰੰਤ ਇਲਾਜ ਲਈ ਲਿਜਾਣ ਦੀ ਕੋਸ਼ਿਸ਼ ਕੀਤੀ ਗਈ, ਪਰ ਉਨ੍ਹਾਂ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨਾਂ ਦੀ ਪਛਾਣ ਗੋਰਾ ਸਿੰਘ ਪੁੱਤਰ ਜਗਤਾਰ ਸਿੰਘ, ਵਾਸੀ ਸ਼ਹੂਰਾ ਅਤੇ ਸੋਨੂੰ ਸਿੰਘ ਵਾਸੀ ਠੱਠੀ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਨੌਜਵਾਨ ਜੋਗਿੰਦਰ ਟੈਂਟ ਹਾਊਸ, ਲੋਪੋਕੇ ਵਿਖੇ ਕੰਮ ਕਰਦੇ ਸਨ ਅਤੇ ਗਰੀਬ ਪਰਿਵਾਰਾਂ ਨਾਲ ਸੰਬੰਧਿਤ ਸਨ।
ਦੋ ਨੌਜਵਾਨਾਂ ਦੀ ਅਚਾਨਕ ਮੌਤ ਦੀ ਖ਼ਬਰ ਮਿਲਦਿਆਂ ਹੀ ਉਨ੍ਹਾਂ ਦੇ ਪਰਿਵਾਰਾਂ ਵਿਚ ਮਾਤਮ ਛਾ ਗਿਆ। ਇਲਾਕੇ ਵਿਚ ਵੀ ਇਸ ਘਟਨਾ ਨੂੰ ਲੈ ਕੇ ਸੋਗ ਦੀ ਲਹਿਰ ਪਾਈ ਜਾ ਰਹੀ ਹੈ।