JALANDHAR WEATHER

ਵਪਾਰੀ ਦੇ ਘਰੋਂ 15 ਲੱਖ ਰੁਪਏ ਨਕਦੀ ਅਤੇ ਸੋਨੇ ਦੇ ਗਹਿਣੇ ਚੋਰੀ

ਮਾਛੀਵਾੜਾ ਸਾਹਿਬ (ਲੁਧਿਆਣਾ), 30 ਜੁਲਾਈ (ਰਾਜਦੀਪ ਸਿੰਘ ਅਲਬੇਲਾ)- ਸਥਾਨਕ ਸ਼ਹਿਰ ਦੇ ਇਕ ਵਪਾਰੀ ਘਰੋਂ 15 ਲੱਖ ਰੁਪਏ ਦੀ ਨਕਦੀ ਅਤੇ ਸੋਨੇ ਦੇ ਗਹਿਣੇ ਚੋਰੀ ਹੋ ਗਏ ਜਿਸ ਵਿਚ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਆਟਾ ਚੱਕੀ ਚਲਾਉਂਦੇ ਅਭੈ ਕੁਮਾਰ ਨੇ ਦੱਸਿਆ ਕਿ ਆਪਣੀ ਪਤਨੀ ਸਮੇਤ ਲੰਘੀ 15 ਜੁਲਾਈ ਨੂੰ ਗਊਸ਼ਾਲਾ ਵਿਖੇ ਪਸ਼ੂਆਂ ਨੂੰ ਚਾਰਾ ਪਾਉਣ ਲਈ ਗਿਆ ਸੀ। ਘਰ ਵਿਚ ਉਸਦਾ 13 ਸਾਲ ਦਾ ਪੁੱਤਰ ਮੌਜੂਦ ਸੀ ਅਤੇ ਉਸ ਦਿਨ ਉਹ ਬੀਮਾਰ ਵੀ ਸੀ। ਕੁੱਝ ਦਿਨ ਬਾਅਦ ਉਸ ਨੂੰ ਪੈਸੇ ਦੀ ਜ਼ਰੂਰਤ ਪਈ ਤਾਂ ਉਸਨੇ ਆਪਣੇ ਘਰ ਪੂਜਾ ਅਸਥਾਨ ’ਚ ਗੁਪਤ ਰੂਪ ਵਿਚ ਬਣਾਇਆ ਲਾਕਰ ਖੋਲ੍ਹਿਆ ਤਾਂ ਦੇਖ ਕੇ ਹੈਰਾਨ ਰਹਿ ਗਿਆ ਕਿ ਉਸ ’ਚੋਂ 15 ਲੱਖ ਰੁਪਏ ਤੇ ਸੋਨੇ ਦੇ ਗਹਿਣੇ ਚੋਰੀ ਹੋ ਚੁੱਕੇ ਸਨ।

ਅਭੈ ਕੁਮਾਰ ਨੇ ਦੱਸਿਆ ਕਿ ਲਾਕਰ ਦਾ ਅਗਲਾ ਲਾਕ ਵੀ ਤੋੜਿਆ ਹੋਇਆ ਸੀ। ਜਦੋਂ ਉਸਨੇ ਆਪਣੇ ਘਰ ਵਿਚ ਮੌਜੂਦ ਪੁੱਤਰ ਨੂੰ ਪੁੱਛਿਆ ਕਿ ਉਸਦੀ ਗੈਰ-ਹਾਜ਼ਰੀ ਦੌਰਾਨ ਘਰ ਕੋਈ ਆਇਆ ਤਾਂ ਉਸਨੇ ਦੱਸਿਆ ਕਿ 2 ਵਿਅਕਤੀ ਆਏ ਸਨ ਜਿਨ੍ਹਾਂ ਨੇ ਉਸ ਨੂੰ ਰੁਮਾਲ ਨਾਲ ਕੁਝ ਸੁੰਘਾ ਦਿੱਤਾ ਅਤੇ ਉਨ੍ਹਾਂ ਕੋਲ ਇਕ ਤਿੱਖੀ ਵਸਤੂ ਵੀ ਮੌਜੂਦ ਸੀ। ਉਸ ਤੋਂ ਬਾਅਦ ਉਨ੍ਹਾਂ ਨੇ ਘਰ ਵਿਚ ਕੀ ਚੋਰੀ ਕੀਤਾ ਉਸ ਨੂੰ ਜਾਣਕਾਰੀ ਨਹੀਂ। ਵਪਾਰੀ ਅਭੈ ਕੁਮਾਰ ਨੇ ਦੱਸਿਆ ਕਿ ਉਸਨੇ ਘਰ ਦੇ ਆਸਪਾਸ ਲੱਗੇ ਸੀ.ਸੀ.ਟੀ.ਵੀ. ਕੈਮਰੇ ਦੇਖੇ ਤਾਂ ਉਸ ਵਿਚ ਨਜ਼ਰ ਆਇਆ ਕਿ 2 ਵਿਅਕਤੀ ਉਸਦੇ ਘਰ ਅੰਦਰ ਦਾਖ਼ਲ ਹੋ ਰਹੇ ਹਨ ਅਤੇ ਕੁਝ ਸਮੇਂ ਬਾਅਦ ਨਿਕਲ ਰਹੇ ਹਨ।

ਉਨ੍ਹਾਂ ਕਿਹਾ ਕਿ ਉਹ ਇਕ ਵਿਅਕਤੀ ਨੂੰ ਪਹਿਚਾਣਦੇ ਹਨ ਜਦਕਿ ਦੂਜੇ ਵਿਅਕਤੀ ਬਾਰੇ ਉਨ੍ਹਾਂ ਨੂੰ ਜਾਣਕਾਰੀ ਨਹੀਂ। ਵਪਾਰੀ ਨੇ ਦੱਸਿਆ ਕਿ ਜਿਸ ਦਿਨ ਉਹ ਗਊਸ਼ਾਲਾ ਗਏ ਉਸ ਦਿਨ ਉਨ੍ਹਾਂ ਆਪਣੇ ਘਰ ਵਿਚ ਮੌਜੂਦ ਲੜਕੇ ਨੂੰ ਦਰਵਾਜਾ ਲਗਾਉਣ ਲਈ ਕਿਹਾ ਸੀ ਪਰ ਉਹ ਭੁੱਲ ਗਿਆ ਜਿਸ ਕਾਰਨ ਸੀ.ਸੀ.ਟੀ.ਵੀ. ਕੈਮਰੇ ਵਿਚ ਦੇਖਣ ਨੂੰ ਮਿਲਿਆ ਕਿ 9.30 ਤੋਂ 10.15 ਵਜੇ ਦੇ ਵਿਚਕਾਰ ਉਸਦੇ ਘਰ ਅੰਦਰ ਵਿਅਕਤੀ ਦਾਖਲ ਹੋਏ ਅਤੇ ਫਿਰ ਬਾਹਰ ਆਏ। ਵਪਾਰੀ ਅਭੈ ਕੁਮਾਰ ਨੇ ਦੱਸਿਆ ਕਿ ਉਸਨੇ ਇਹ ਪੈਸੇ ਘਰ ਵਿਚ ਇੱਕ ਜਗ੍ਹਾ ਖਰੀਦੀ ਸੀ ਜਿਸ ਉੱਪਰ ਮਕਾਨ ਬਣਾਉਣ ਲਈ ਰੱਖੇ ਹੋਏ ਸਨ।

ਵਪਾਰੀ ਨੇ ਪੁਲਿਸ ਤੋਂ ਮੰਗ ਕੀਤੀ ਕਿ ਚੋਰੀ ਦੀ ਘਟਨਾ ਸਬੰਧੀ ਜਾਂਚ ਕਰ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਉਸ ਦਾ ਚੋਰੀ ਹੋਇਆ ਸੋਨਾ ਤੇ 15 ਲੱਖ ਰੁਪਏ ਨਕਦੀ ਵਾਪਸ ਦਿਵਾਈ ਜਾਵੇ। ਥਾਣਾ ਮੁਖੀ ਚਰਨਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਕੋਲ ਚੋਰੀ ਦੀ ਸ਼ਿਕਾਇਤ ਪੁੱਜੀ ਹੈ ਅਤੇ ਮਾਮਲੇ ਦੀ ਜਾਂਚ ਕਰ ਜਲਦ ਚੋਰ ਕਾਬੂ ਕਰ ਲਏ ਜਾਣਗੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਪੰਜਾਬ / ਜਨਰਲ

ਅਜੀਤ ਟੀ ਵੀ