ਪਿੰਡ ਪੱਧਰੀ ਤੋਂ ‘ਆਪ’ ਦੇ ਮੈਂਬਰ ਪੰਚਾਇਤ ਮੁੜ ਜੇਤੂ ਐਲਾਨੇ
ਰਾਮ ਤੀਰਥ (ਅੰਮ੍ਰਿਤਸਰ), 30 ਜੁਲਾਈ (ਧਰਵਿੰਦਰ ਸਿੰਘ ਔਲਖ) ਹਲਕਾ ਰਾਜਾਸਾਂਸੀ ਅਧੀਨ ਆਉਂਦੇ ਪਿੰਡ ਪੱਧਰੀ ਦੀ ਪੰਚੀ ਦੀ ਨਗਰ ਪੰਚਾਇਤ ਰਾਜਾਸਾਂਸੀ ਵਿਖੇ ਹੋਈ ਮੁੜ ਗਿਣਤੀ ਦੌਰਾਨ ਆਮ ਆਦਮੀ ਪਾਰਟੀ ਨਾਲ ਸਬੰਧਤ ਉਮੀਦਵਾਰ ਤਰਸੇਮ ਸਿੰਘ ਨੂੰ 12 ਵੋਟਾਂ ਦੇ ਫ਼ਰਕ ਨਾਲ ਜੇਤੂ ਐਲਾਨਿਆ ਗਿਆ। ਮੁੜ ਗਿਣਤੀ ਤੋਂ ਬਾਅਦ ਤਰਸੇਮ ਸਿੰਘ ਮੈਂਬਰ ਪੰਚਾਇਤ ਚੁਣੇ ਗਏ ਹਨ। ਇਸ ਮੌਕੇ ਗੱਲਬਾਤ ਕਰਦਿਆਂ ਪਿੰਡ ਪੱਧਰੀ ਦੇ ਸਾਬਕਾ ਸਰਪੰਚ ਅਤੇ ਐਡਵੋਕੇਟ ਚੰਦ ਸੰਧੂ ਨੇ ਦੋਸ਼ ਲਾਇਆ ਕਿ ਪੰਚਾਇਤੀ ਚੋਣਾਂ ਦੌਰਾਨ ਵੋਟਾਂ ਦੀ ਗਿਣਤੀ ਸਮੇਂ ਕੁਝ ਅਧਿਕਾਰੀਆਂ ਵੱਲੋਂ ਕਥਿਤ ਤੌਰ ’ਤੇ ਗਲਤ ਢੰਗ ਨਾਲ ਤਰਸੇਮ ਸਿੰਘ ਨੂੰ ਹਰਾ ਕੇ ਗੁਰਭੇਜ ਸਿੰਘ ਨੂੰ ਜੇਤੂ ਕਰਾਰ ਦਿੱਤਾ ਗਿਆ ਸੀ।
ਉਨ੍ਹਾਂ ਦੱਸਿਆ ਕਿ ਉਸ ਸਮੇਂ ਤਰਸੇਮ ਸਿੰਘ ਨੂੰ 65 ਅਤੇ ਗੁਰਭੇਜ ਸਿੰਘ ਨੂੰ 53 ਵੋਟਾਂ ਪ੍ਰਾਪਤ ਹੋਈਆਂ ਸਨ, ਇਸ ਦੇ ਬਾਵਜੂਦ ਤਰਸੇਮ ਸਿੰਘ ਨੂੰ ਹਾਰਿਆ ਹੋਇਆ ਐਲਾਨ ਦਿੱਤਾ ਗਿਆ। ਐਡਵੋਕੇਟ ਚੰਦ ਸੰਧੂ ਨੇ ਦੱਸਿਆ ਕਿ ਕਥਿਤ ਧੱਕੇਸ਼ਾਹੀ ਖ਼ਿਲਾਫ਼ ਇਨਸਾਫ਼ ਲੈਣ ਲਈ ਤਰਸੇਮ ਸਿੰਘ ਵਲੋਂ ਅਦਾਲਤ ਦਾ ਦਰਵਾਜ਼ਾ ਖੜਕਾਇਆ ਗਿਆ, ਜਿਸ ਤੋਂ ਬਾਅਦ ਕਰੀਬ ਦੋ ਸਾਲਾਂ ਬਾਅਦ ਮੁੜ ਗਿਣਤੀ ਹੋਣ ’ਤੇ ਉਨ੍ਹਾਂ ਨੂੰ ਇਨਸਾਫ਼ ਮਿਲਿਆ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਕਥਿਤ ਤੌਰ ’ਤੇ ਬੇਈਮਾਨੀ ਕਰਨ ਵਾਲੇ ਅਧਿਕਾਰੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਵਾਉਣ ਲਈ ਵੀ ਯਤਨ ਕੀਤੇ ਜਾਣਗੇ।
;
;
;
;
;
;
;
;