ਪਿੰਡ ਜਸਰਾਊਰ ਦੇ ਕਾਂਗਰਸ ਪਾਰਟੀ ਨਾਲ ਸਬੰਧਤ ਸਰਪੰਚ ਮੁੜ ਗਿਣਤੀ ’ਚ ਜੇਤੂ ਐਲਾਨੇ
ਰਾਮ ਤੀਰਥ (ਅੰਮ੍ਰਿਤਸਰ), 30 ਜੁਲਾਈ (ਧਰਵਿੰਦਰ ਸਿੰਘ ਔਲਖ)- ਨਗਰ ਪੰਚਾਇਤ ਰਾਜਾਸਾਂਸੀ ਦੇ ਦਫ਼ਤਰ ਵਿਖੇ ਪਿੰਡ ਜਸਰਾਊਰ ਦੇ ਸਰਪੰਚ ਦੀ ਕਰਵਾਈ ਗਈ ਮੁੜ ਗਿਣਤੀ ਦੌਰਾਨ ਕਾਂਗਰਸ ਪਾਰਟੀ ਨਾਲ ਸਬੰਧਿਤ ਪਹਿਲਾਂ ਚੁਣੇ ਗਏ ਸਰਪੰਚ ਕੰਵਲਜੀਤ ਸਿੰਘ ਨੂੰ ਮੁੜ 5 ਵੋਟਾਂ ਦੇ ਫ਼ਰਕ ਨਾਲ ਜੇਤੂ ਐਲਾਨਿਆ ਗਿਆ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼ਮਸ਼ੇਰ ਸਿੰਘ ਨੂੰ ਮੁੜ ਗਿਣਤੀ ਵਿਚ ਵੀ ਹਾਰ ਦਾ ਸਾਹਮਣਾ ਕਰਨਾ ਪਿਆ।
ਜ਼ਿਕਰਯੋਗ ਹੈ ਕਿ ਸਰਪੰਚੀ ਦੀ ਪਹਿਲੀ ਗਿਣਤੀ ਦੌਰਾਨ ਕੰਵਲਜੀਤ ਸਿੰਘ ਨੇ 12 ਵੋਟਾਂ ਦੇ ਫ਼ਰਕ ਨਾਲ ਜਿੱਤ ਹਾਸਲ ਕੀਤੀ ਸੀ। ਮੁੜ ਗਿਣਤੀ ਤੋਂ ਬਾਅਦ ਵੀ ਉਨ੍ਹਾਂ ਦੀ ਜਿੱਤ ਬਰਕਰਾਰ ਰਹੀ ਅਤੇ ਉਨ੍ਹਾਂ ਨੂੰ 5 ਵੋਟਾਂ ਦੇ ਫ਼ਰਕ ਨਾਲ ਜੇਤੂ ਐਲਾਨਿਆ ਗਿਆ।
ਮੁੜ ਗਿਣਤੀ ਦੌਰਾਨ ਐੱਸ.ਡੀ.ਐੱਮ. ਮਨਬੀਰ ਸਿੰਘ ਢਿੱਲੋਂ, ਡੀ.ਐੱਸ.ਪੀ. ਕਪਿਲ ਕੌਸ਼ਲ ਅਤੇ ਐੱਸ.ਐੱਚ.ਓ. ਰਾਜਾਸਾਂਸੀ ਗੁਰਪ੍ਰੀਤ ਸਿੰਘ ਪੁਲਿਸ ਫੋਰਸ ਸਮੇਤ ਹਾਜ਼ਰ ਸਨ। ਇਸ ਮੌਕੇ ਕਾਂਗਰਸ ਪਾਰਟੀ ਦੇ ਆਗੂ ਅਤੇ ਜ਼ਿਲ੍ਹਾ ਪਰਿਸ਼ਦ ਦੇ ਸਾਬਕਾ ਚੇਅਰਮੈਨ ਦਿਲਰਾਜ ਸਿੰਘ ਸਰਕਾਰੀਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਭਾਵੇਂ ਧੱਕੇਸ਼ਾਹੀ ਰਾਹੀਂ ਚੋਣ ਨਤੀਜਾ ਆਪਣੇ ਹੱਕ ਵਿੱਚ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਮੁੜ ਗਿਣਤੀ ਵਿੱਚ ਵੀ ਕਾਂਗਰਸ ਪਾਰਟੀ ਦੇ ਉਮੀਦਵਾਰ ਦੀ ਜਿੱਤ ਨੇ ਸਾਬਤ ਕਰ ਦਿੱਤਾ ਹੈ ਕਿ ਆਖ਼ਰ ਸੱਚਾਈ ਦੀ ਜਿੱਤ ਹੋਈ ਹੈ।
;
;
;
;
;
;
;
;