ਪੰਜਾਬ ਸਰਕਾਰ ਨੇ ਲੋਕਾਂ ਦੇ ਭਰੋਸੇ ਨਾਲ ਕੀਤਾ ਧੋਖਾ - ਨਾਇਬ ਸਿੰਘ ਸੈਣੀ
ਫਗਵਾੜਾ (ਕਪੂਰਥਲਾ), 26 ਜੁਲਾਈ (ਹਰਜੋਤ ਸਿੰਘ ਚਾਨਾ) - ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਦੋਸ਼ ਲਗਾਇਆ ਹੈ ਕਿ ਪੰਜਾਬ ਸਰਕਾਰ ਹਰ ਪੱਧਰ ’ਤੇ ਬੁਰੀ ਤਰ੍ਹਾਂ ਫ਼ੇਲ੍ਹ ਹੋ ਗਈ ਹੈ ਤੇ ਉਨ੍ਹਾਂ ਕਿਹਾ ਕਿ ਜਿਥੇ ਸਰਕਾਰ ਨੇ ਲੋਕਾਂ ਨਾਲ ਵੱਡਾ ਧੋਖਾ ਕੀਤੇ ਹਨ ਉੱਥੇ ਪੰਜਾਬ ਦੇ ਕਰਮਚਾਰੀਆਂ ਦੀਆਂ ਵੀ ਮੰਗਾਂ ਨਾ ਮੰਨੇ ਜਾਣ ਕਾਰਨ ਕਰਮਚਾਰੀ ਸੜਕਾ ’ਤੇ ਉੱਤਰ ਆਏ ਹਨ। ਇਸ ਤੋਂ ਸਾਬਿਤ ਹੁੰਦਾ ਹੈ ਕਿ ਸਰਕਾਰ ਤੋਂ ਲੋਕ ਕਿੰਨੇ ਕੁ ਖੁਸ਼ ਹਨ।
ਅੱਜ ਇਥੇ ਨਵਿਆ ਹੈਂਡਜ ਫਾਊਡੇਸ਼ਨ ਵਲੋਂ ਕਰਵਾਏ ਗਏ ਵਿਸ਼ਾਲ ਖੂਨਦਾਨ ਕੈਂਪ ’ਚ ਸ਼ਾਮਿਲ ਹੁੰਦਿਆ ਸੈਣੀ ਨੇ ਕਿਹਾ ਕਿ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਸੀ ਕਿ ਜੇਕਰ ਪੰਜਾਬ ’ਚ ਕੋਈ ਵੀ ਪੇਪਰ ਲੀਕ ਹੋਇਆ ਤਾਂ ਸੰਬੰਧਿਤ ਮੰਤਰੀ ਅਸਤੀਫ਼ਾ ਦੇਵੇਗਾ, ਪਰ ਫਾਰਮੇਸੀ ਪੇਪਰ ਲੀਕ ਮਾਮਲੇ ਨੂੰ ਕਈ ਦਿਨ ਬੀਤ ਜਾਣ ਦੇ ਬਾਵਜੂਦ ਨਾ ਤਾਂ ਕਿਸੇ ਨੇ ਜ਼ਿੰਮੇਵਾਰੀ ਲਈ ਤੇ ਨਾ ਹੀ ਸਰਕਾਰ ਨੇ ਕੋਈ ਸਖ਼ਤ ਕਾਰਵਾਈ ਕੀਤੀ।
ਉਨ੍ਹਾਂ ਕਿਹਾ ਕਿ ਇਸ ਨਾਲ ਸਰਕਾਰ ਦੀ ਕਥਨੀ ਅਤੇ ਕਰਨੀ ਦਾ ਫ਼ਰਕ ਸਪੱਸ਼ਟ ਹੋ ਗਿਆ ਹੈ ਤੇ ਇਹ ਸਰਕਾਰ ਅਜੇ ਗਹਿਰੀ ਨੀਂਦ ’ਚ ਹੀ ਸੁੱਤੀ ਪਈ ਹੈ। ਉਨ੍ਹਾਂ ਹਾਲ ਹੀ ’ਚ ਆਏ ਐਕਸਾਈਜ਼ ਭਰਤੀ ਪ੍ਰੀਖਿਆ ਦੇ ਨਤੀਜਿਆਂ ’ਤੇ ਵੀ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਨਤੀਜਿਆਂ ’ਚ ਸਟੇਟ ਬੈਂਕ ਆਫ਼ ਇੰਡੀਆ, ਜੀਆਰਪੀਐਸ ਤੇ ਫੋਟੋ ਵਰਗੇ ਨਾਮਾਂ ਨੂੰ ਪਾਸ ਦਰਸਾਇਆ ਗਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਕ ਹੀ ਉਮੀਦਵਾਰ ਨੇ ਇਕੋ ਸਮੇਂ ਦੋ ਵੱਖ-ਵੱਖ ਕੇਂਦਰਾਂ ’ਤੇ ਪ੍ਰੀਖਿਆ ਦਿੱਤੀ ਦਿਖਾਈ ਗਈ ਹੈ, ਜੋ ਭਰਤੀ ਪ੍ਰਕਿਰਿਆ ਦੀ ਪਾਰਦਰਸ਼ਤਾ ’ਤੇ ਗੰਭੀਰ ਸਵਾਲ ਖੜ੍ਹੇ ਕਰਦੀ ਹੈ। ਉਨ੍ਹਾਂ ਕਿਹਾ ਕਿ ਇਹ ਯੋਗ ਤੇ ਮਿਹਨਤੀ ਨੌਜਵਾਨਾਂ ਨਾਲ ਧੋਖਾ ਹੈ।
;
;
;
;
;
;
;
;