ਅਰਜਨਟੀਨਾ 6ਵੀਂ ਵਾਰ ਵਿਸ਼ਵ ਕੱਪ ਸੈਮੀਫਾਈਨਲ ’ਚ ਰੋਮਾਂਚਕ ਮੈਚ ’ਚ ਸਵਿਟਜ਼ਰਲੈਂਡ ਨੂੰ 3-1 ਨਾਲ ਹਰਾਇਆ
ਨਿਊਯਾਰਕ, 12 ਜੁਲਾਈ (ਰਾਜੂ ਸਹਿਬਾਜ਼ਪੁਰਾ)-ਫੀਫਾ ਵਿਸ਼ਵ ਕੱਪ 2026 ਦੇ ਕੁਆਰਟਰ ਫਾਈਨਲ ’ਚ ਮੌਜੂਦਾ ਚੈਂਪੀਅਨ ਅਰਜਨਟੀਨਾ ਨੇ ਸਖ਼ਤ ਟੱਕਰ ਦੇਣ ਵਾਲੇ ਸਵਿਟਜ਼ਰਲੈਂਡ ਨੂੰ ਵਾਧੂ ਸਮੇਂ ’ਚ 3-1 ਨਾਲ ਹਰਾ ਕੇ ਸੈਮੀਫਾਈਨਲ ’ਚ ਜਗ੍ਹਾ ਪੱਕੀ ਕਰ ਲਈ। ਨਿਰਧਾਰਤ ਸਮੇਂ ਤੱਕ ਦੋਵੇਂ ਟੀਮਾਂ 1-1 ਨਾਲ ਬਰਾਬਰੀ ’ਤੇ ਰਹੀਆਂ, ਪਰ ਵਾਧੂ ਸਮੇਂ ਵਿਚ ਜੂਲੀਅਨ ਅਲਵਾਰੇਜ਼ ਤੇ ਲਾਊਟਾਰੋ ਮਾਰਟੀਨੇਜ਼ ਦੇ ਗੋਲਾਂ ਨੇ ਅਰਜਨਟੀਨਾ ਨੂੰ ਸ਼ਾਨਦਾਰ ਜਿੱਤ ਦਿਵਾਈ। ਮੈਚ ਦੀ ਸ਼ੁਰੂਆਤ ਤੋਂ ਹੀ ਅਰਜਨਟੀਨਾ ਨੇ ਹਮਲਾਵਰ ਖੇਡ ਦਿਖਾਈ। 10ਵੇਂ ਮਿੰਟ ’ਚ ਲਿਓਨਲ ਮੈਸੀ ਦੇ ਕਾਰਨਰ ’ਤੇ ਐਲੈਕਸਿਸ ਮੈਕ ਐਲਿਸਟਰ ਨੇ ਸ਼ਾਨਦਾਰ ਹੈਡਰ ਰਾਹੀਂ ਗੋਲ ਕਰਕੇ ਟੀਮ ਨੂੰ 1-0 ਦੀ ਬੜ੍ਹਤ ਦਿਵਾਈ। ਪਹਿਲੇ ਅੱਧ ਵਿਚ ਅਰਜਨਟੀਨਾ ਨੇ ਗੇਂਦ ’ਤੇ ਕਾਬੂ ਬਣਾਈ ਰੱਖਿਆ ਤੇ ਸਵਿਸ ਟੀਮ ਨੂੰ ਵੱਡਾ ਮੌਕਾ ਨਹੀਂ ਦਿੱਤਾ। ਦੂਜੇ ਅੱਧ ’ਚ ਸਵਿਟਜ਼ਰਲੈਂਡ ਨੇ ਜ਼ਬਰਦਸਤ ਵਾਪਸੀ ਕੀਤੀ। ਡੈਨ ਐਨਡੋਏ ਨੇ ਸੁੰਦਰ ਮੂਵ ਨੂੰ ਗੋਲ ’ਚ ਬਦਲ ਕੇ ਸਕੋਰ 1-1 ਕਰ ਦਿੱਤਾ ਅਤੇ ਮੈਚ ਨੂੰ ਰੋਮਾਂਚਕ ਬਣਾ ਦਿੱਤਾ। ਇਸ ਤੋਂ ਬਾਅਦ ਸਵਿਸ ਟੀਮ ਦਾ ਹੌਸਲਾ ਵਧਿਆ, ਪਰ ਕੁਝ ਹੀ ਮਿੰਟਾਂ ’ਚ ਮੈਚ ਦਾ ਸਭ ਤੋਂ ਵੱਡਾ ਮੋੜ ਆ ਗਿਆ। ਸਵਿਟਜ਼ਰਲੈਂਡ ਦੇ ਸਟਰਾਈਕਰ ਬ੍ਰੀਲ ਐਮਬੋਲੋ ਨੂੰ ਡਾਈਵਿੰਗ (ਸਿਮੂਲੇਸ਼ਨ) ਕਰਨ ਦੇ ਦੋਸ਼ ’ਚ ਵੀ.ਏ.ਆਰ. ਸਮੀਖਿਆ ਤੋਂ ਬਾਅਦ ਦੂਜਾ ਪੀਲਾ ਕਾਰਡ ਦਿਖਾਇਆ ਗਿਆ, ਜਿਸ ਕਾਰਨ ਉਸ ਨੂੰ ਮੈਦਾਨ ਛੱਡਣਾ ਪਿਆ। 10 ਖਿਡਾਰੀਆਂ ਨਾਲ ਰਹਿ ਗਈ ਸਵਿਸ ਟੀਮ ਨੇ ਬਹਾਦਰੀ ਨਾਲ ਬਚਾਅ ਕੀਤਾ, ਪਰ ਅਰਜਨਟੀਨਾ ਦੇ ਲਗਾਤਾਰ ਹਮਲਿਆਂ ਅੱਗੇ ਆਖ਼ਿਰਕਾਰ ਉਸ ਦੀ ਰੱਖਿਆ ਟੁੱਟ ਗਈ। ਵਾਧੂ ਸਮੇਂ ਦੇ 112ਵੇਂ ਮਿੰਟ ਵਿਚ ਜੂਲੀਅਨ ਅਲਵਾਰੇਜ਼ ਨੇ ਪੈਨਲਟੀ ਬਾਕਸ ਤੋਂ ਬਾਹਰੋਂ ਸੱਜੇ ਪੈਰ ਨਾਲ ਐਸਾ ਸ਼ਾਨਦਾਰ ਕਰਲਿੰਗ ਸ਼ਾਟ ਲਗਾਇਆ ਕਿ ਗੋਲਕੀਪਰ ਗ੍ਰੇਗਰ ਕੋਬੇਲ ਕੋਲ ਕੋਈ ਜਵਾਬ ਨਹੀਂ ਸੀ। ਇਹ ਗੋਲ ਮੈਚ ਦਾ ਫ਼ੈਸਲਾਕੁਨ ਪਲ ਸਾਬਤ ਹੋਇਆ ਤੇ ਅਰਜਨਟੀਨਾ 2-1 ਨਾਲ ਅੱਗੇ ਨਿਕਲ ਗਿਆ।
ਗੋਲ ਖਾਣ ਤੋਂ ਬਾਅਦ ਸਵਿਟਜ਼ਰਲੈਂਡ ਨੇ ਬਰਾਬਰੀ ਲਈ ਪੂਰੀ ਤਾਕਤ ਨਾਲ ਹਮਲਾ ਕੀਤਾ, ਜਿਸ ਦਾ ਫਾਇਦਾ ਅਰਜਨਟੀਨਾ ਨੂੰ ਮਿਲਿਆ। ਇੰਜਰੀ ਟਾਈਮ ’ਚ ਤੇਜ਼ ਕਾਊਂਟਰ ਅਟੈਕ ਦੌਰਾਨ ਲਾਊਟਾਰੋ ਮਾਰਟੀਨੇਜ਼ ਨੇ ਤੀਜਾ ਗੋਲ ਕਰਕੇ ਸਵਿਸ ਟੀਮ ਦੀਆਂ ਉਮੀਦਾਂ ‘ਤੇ ਪੂਰੀ ਤਰ੍ਹਾਂ ਪਾਣੀ ਫੇਰ ਦਿੱਤਾ। ਭਾਵੇਂ ਲਿਓਨਲ ਮੈਸੀ ਇਸ ਮੈਚ ਵਿੱਚ ਗੋਲ ਨਹੀਂ ਕਰ ਸਕੇ, ਪਰ ਉਨ੍ਹਾਂ ਦੀ ਕਪਤਾਨੀ, ਕਾਰਨਰ ਤੋਂ ਬਣਾਇਆ ਪਹਿਲਾ ਗੋਲ ਤੇ ਪੂਰੇ ਮੈਚ ਦੌਰਾਨ ਹਮਲਾਵਰ ਖੇਡ ਨੇ ਟੀਮ ਨੂੰ ਲਗਾਤਾਰ ਅੱਗੇ ਵਧਾਇਆ। ਦੂਜੇ ਪਾਸੇ, ਗੋਲਕੀਪਰ ਐਮਿਲਿਆਨੋ ਮਾਰਟੀਨੇਜ਼ ਨੇ ਵੀ ਕਈ ਅਹਿਮ ਬਚਾਅ ਕਰਕੇ ਅਰਜਨਟੀਨਾ ਨੂੰ ਮੈਚ ਵਿੱਚ ਬਣਾਈ ਰੱਖਿਆ। ਸਵਿਟਜ਼ਰਲੈਂਡ ਲਈ ਡੈਨ ਐਨਡੋਏ ਦਾ ਗੋਲ ਤੇ ਗੋਲਕੀਪਰ ਗ੍ਰੇਗਰ ਕੋਬੇਲ ਦੇ ਕਈ ਸ਼ਾਨਦਾਰ ਬਚਾਅ ਕਾਬਿਲੇ-ਤਾਰੀਫ਼ ਰਹੇ, ਪਰ ਐਮਬੋਲੋ ਦੇ ਲਾਲ ਕਾਰਡ ਨੇ ਟੀਮ ਦੀਆਂ ਯੋਜਨਾਵਾਂ ਨੂੰ ਵੱਡਾ ਝਟਕਾ ਦਿੱਤਾ। ਇਸ ਜਿੱਤ ਨਾਲ ਅਰਜਨਟੀਨਾ ਨੇ ਲਗਾਤਾਰ ਦੂਜੀ ਵਾਰ ਵਿਸ਼ਵ ਕੱਪ ਦੇ ਸੈਮੀਫਾਈਨਲ ’ਚ ਜਗ੍ਹਾ ਬਣਾਈ ਹੈ। ਹੁਣ ਉਸ ਦਾ ਮੁਕਾਬਲਾ 15 ਜੁਲਾਈ ਨੂੰ ਐਟਲਾਂਟਾ ਵਿੱਚ ਇੰਗਲੈਂਡ ਨਾਲ ਹੋਵੇਗਾ। ਫੁੱਟਬਾਲ ਪ੍ਰੇਮੀਆਂ ਦੀਆਂ ਨਜ਼ਰਾਂ ਹੁਣ ਇਸ ਮਹਾਂਮੁਕਾਬਲੇ ‘ਤੇ ਟਿਕੀਆਂ ਹੋਈਆਂ ਹਨ, ਜਿੱਥੇ ਮੈਸੀ ਦੀ ਅਗਵਾਈ ਵਾਲੀ ਅਰਜਨਟੀਨਾ ਫਾਈਨਲ ਵੱਲ ਇਕ ਹੋਰ ਕਦਮ ਵਧਾਉਣ ਦੀ ਕੋਸ਼ਿਸ਼ ਕਰੇਗੀ
;
;
;
;
;
;
;