ਸਿਕੰਦਰ ਸਿੰਘ ਨੂੰ ਸਰਕਾਰੀ ਸਨਮਾਨਾਂ ਨਾਲ ਦਿੱਤੀ ਅੰਤਿਮ ਵਿਦਾਈ
ਜਗਰਾਉਂ (ਲੁਧਿਆਣਾ), 10 ਜੂਨ (ਕੁਲਦੀਪ ਸਿੰਘ ਲੋਹਟ)- ਜਗਰਾਉਂ ਦੇ ਪਿੰਡ ਗਗੜਾ 'ਚ ਮਜ਼ਦੂਰ ਪਰਿਵਾਰ ਦੇ 33 ਸਾਲਾਂ ਨੌਜਵਾਨ ਸਿਕੰਦਰ ਸਿੰਘ ਦੀ ਡਿਊਟੀ ਦੌਰਾਨ ਅਚਾਨਕ ਸ਼ੱਕੀ ਹਾਲਾਤਾਂ ਵਿਚ ਮੌਤ ਹੋ ਗਈ। ਦੇਸ਼ ਦਾ ਇਹ ਬਹਾਦਰ ਸਪੂਤ ਸਦਾ ਲਈ ਆਪਣੇ ਪਰਿਵਾਰ ਅਤੇ ਦੇਸ਼ ਨੂੰ ਅਲਵਿਦਾ ਆਖ ਗਿਆ। ਜਿਵੇਂ ਹੀ ਸਿਕੰਦਰ ਸਿੰਘ ਦੀ ਮਿ੍ਤਕ ਦੇਹ ਪਿੰਡ ਗਗੜਾ ਪੁੱਜੀ ਤਾਂ ਮਾਹੌਲ ਸੋਗ ਵਿਚ ਡੁੱਬ ਗਿਆ। ਇਸ ਮੌਕੇ ਹਰ ਅੱਖ ਨਮ ਸੀ, ਹਰ ਚਿਹਰੇ 'ਤੇ ਦਰਦ ਦੀ ਡੂੰਘੀ ਲਕੀਰ ਸੀ ਅਤੇ ਹਰ ਦਿਲ ਵਿਚ ਆਪਣੇ ਲਾਡਲੇ ਪੁੱਤਰ ਨੂੰ ਗੁਆਉਣ ਦਾ ਅਹਿਸਾਸ ਸੀ।
ਇਲਾਕੇ ਦੇ ਲੋਕ, ਰਿਸ਼ਤੇਦਾਰ, ਸਮਾਜਿਕ ਤੇ ਧਾਰਮਿਕ ਸ਼ਖ਼ਸੀਅਤਾਂ ਵੱਡੀ ਗਿਣਤੀ ਵਿਚ ਅੰਤਿਮ ਦਰਸ਼ਨਾਂ ਲਈ ਪੁੱਜੇ ਅਤੇ ਨਮ ਅੱਖਾਂ ਨਾਲ ਆਪਣੇ ਬਹਾਦਰ ਸਪੂਤ ਨੂੰ ਸ਼ਰਧਾਂਜਲੀ ਭੇਟ ਕੀਤੀ। ਜਦੋਂ ਭਾਰਤੀ ਫੌਜ ਦੇ ਅਧਿਕਾਰੀਆਂ ਨੇ ਪੂਰੇ ਸੈਨਿਕ ਰਸਮੋ-ਰਿਵਾਜ ਅਨੁਸਾਰ ਰਾਸ਼ਟਰੀ ਤਿਰੰਗਾ ਉਨ੍ਹਾਂ ਦੀ ਪਤਨੀ ਰਮਨਜੀਤ ਕੌਰ ਦੇ ਹਵਾਲੇ ਕੀਤਾ ਤਾਂ ਉਹ ਪਲ ਉੱਥੇ ਮੌਜੂਦ ਹਰ ਸ਼ਖ਼ਸ ਲਈ ਅਸਹਿਣਯੋਗ ਬਣ ਗਏ ਤੇ ਸਭ ਦੀਆਂ ਧਾਹਾਂ ਨਿਕਲ ਗਈਆਂ। ਪਤੀ ਦੀ ਅਰਥੀ ਨਾਲ ਲੱਗ ਕੇ ਕੇ ਵਿਰਲਾਪ ਕਰਦੀ ਰਮਨਜੀਤ ਕੌਰ ਅਤੇ ਆਪਣੇ ਪਿਤਾ ਨੂੰ ਆਖ਼ਰੀ ਵਾਰ ਤੱਕਦੀਆਂ ਮਾਸੂਮ ਧੀਆਂ ਦਾ ਦਰਦ ਦੇਖ ਕੇ ਸਖ਼ਤ ਦਿਲ ਵੀ ਪਿਘਲ ਗਏ। ਅਜਿਹਾ ਲੱਗ ਰਿਹਾ ਸੀ ਜਿਵੇਂ ਪੂਰਾ ਪਿੰਡ ਉਸ ਪਰਿਵਾਰ ਦੇ ਦੁੱਖ ਵਿਚ ਸਾਂਝੀਵਾਲ ਬਣ ਗਿਆ ਹੋਵੇ।
ਅੰਤਿਮ ਸੰਸਕਾਰ ਮੌਕੇ ਭਾਰਤੀ ਫੌਜ਼ ਦੀ ਟੁਕੜੀ ਨੇ ਪੂਰੇ ਫੌਜੀ ਸਨਮਾਨ ਨਾਲ ਸਿਕੰਦਰ ਸਿੰਘ ਨੂੰ ਆਖ਼ਰੀ ਸਲਾਮੀ ਦਿੱਤੀ। ਫੌਜੀ ਜਵਾਨਾਂ ਨੇ ਹਥਿਆਰ ਉਲਟੇ ਕਰਕੇ ਆਪਣੇ ਸਾਥੀ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਸਰਕਾਰੀ ਸਲਾਮੀ ਨਾਲ ਵਿਦਾਈ ਦਿੱਤੀ। "ਸਿਕੰਦਰ ਸਿੰਘ ਅਮਰ ਰਹੇ" ਦੇ ਗੂੰਜਦੇ ਨਾਅਰਿਆਂ ਵਿਚਕਾਰ ਹਵਾ ਵੀ ਗਮਗੀਨ ਹੋ ਗਈ ਸੀ। ਉਸ ਦੇ ਅਧੂਰੇ ਸੁਪਨੇ, ਬੱਚਿਆਂ ਦੇ ਭਵਿੱਖ ਦੀਆਂ ਉਮੀਦਾਂ ਅਤੇ ਪਰਿਵਾਰ ਦੀਆਂ ਮੁਸਕਰਾਹਟਾਂ ਅੱਜ ਇਕ ਪਲ ਵਿਚ ਗ਼ਮ ਦੇ ਸਮੁੰਦਰ ਵਿਚ ਤਬਦੀਲ ਹੋ ਗਈਆਂ। ਇਸ ਮੌਕੇ ਭਾਵੁਕ ਹੋਈ ਪਤਨੀ ਰਮਨਜੀਤ ਕੌਰ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਕੋਲ ਪਰਿਵਾਰ ਲਈ ਆਰਥਿਕ ਸਹਾਇਤਾ ਅਤੇ ਆਪਣੇ ਲਈ ਸਰਕਾਰੀ ਨੌਕਰੀ ਦੀ ਮੰਗ ਕੀਤੀ ਹੈ।
ਇਸ ਮੌਕੇ ਸੂਬੇਦਾਰ ਗੁਰਮੀਤ ਸਿੰਘ ਨੇ ਦੱਸਿਆ ਕਿ ਸਿਕੰਦਰ ਸਿੰਘ ਦੇ ਵਿਛੋੜੇ ਦੇ ਮੁੱਢਲੇ ਕਾਰਨਾਂ ਦਾ ਪਤਾ ਪੋਸਟਮਾਰਟਮ ਦੀ ਰਿਪੋਰਟ ਉਪਰੰਤ ਸਾਹਮਣੇ ਆਵੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਸਿਕੰਦਰ ਸਿੰਘ ਸ਼ਹੀਦ ਦਾ ਰੁਤਬਾ ਮਿਲੇਗਾ ਤੇ ਆਰਮੀ ਵਲੋਂ ਬਣਦੀਆਂ ਸਾਰੀਆਂ ਸਹੂਲਤਾਂ ਮਿਲਣਗੀਆਂ। ਸਿਕੰਦਰ ਸਿੰਘ ਦੀ ਬੇਵਕਤੀ ਮੌਤ ਨਾਲ ਨਾ ਸਿਰਫ਼ ਪਰਿਵਾਰ ਨੇ ਆਪਣਾ ਸਹਾਰਾ ਗੁਆਇਆ ਹੈ, ਸਗੋਂ ਇਲਾਕੇ ਨੇ ਇਕ ਅਜਿਹਾ ਨੌਜਵਾਨ ਵੀ ਗੁਆ ਦਿੱਤਾ ਹੈ ਜਿਸ ਨੇ ਆਪਣੀ ਜ਼ਿੰਦਗੀ ਦੇਸ਼ ਦੀ ਸੇਵਾ ਲਈ ਸਮਰਪਿਤ ਕੀਤੀ ਹੋਈ ਸੀ।
;
;
;
;
;
;
;
;