ਥਾਰ ਤੇ ਬ੍ਰੇਜ਼ਾ ਦੀ ਭਿਆਨਕ ਟੱਕਰ
ਜ਼ੀਰਕਪੁਰ (ਮੁਹਾਲੀ), 6 ਜੁਲਾਈ - ਚੰਡੀਗੜ੍ਹ-ਡੇਰਾ ਬੱਸੀ ਨੈਸ਼ਨਲ ਹਾਈਵੇ 'ਤੇ ਕਥਿਤ ਤੌਰ 'ਤੇ ਗਲਤ ਦਿਸ਼ਾ ਤੋਂ ਆ ਰਹੀ ਬ੍ਰੇਜ਼ਾ ਕਾਰ ਅਤੇ ਤੇਜ਼ ਰਫ਼ਤਾਰ ਥਾਰ ਵਿਚਾਲੇ ਭਿਆਨਕ ਟੱਕਰ ਹੋ ਗਈ। ਹਾਦਸਾ ਇੰਨਾ ਜ਼ਬਰਦਸਤ ਸੀ ਕਿ ਦੋਵੇਂ ਗੱਡੀਆਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ, ਜਦਕਿ ਟੱਕਰ ਤੋਂ ਬਾਅਦ ਬ੍ਰੇਜ਼ਾ ਡਿਵਾਈਡਰ 'ਤੇ ਚੜ੍ਹ ਗਈ। ਖੁਸ਼ਕਿਸਮਤੀ ਨਾਲ ਹਾਦਸੇ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਪ੍ਰਤੱਖਦਰਸ਼ੀਆਂ ਅਨੁਸਾਰ ਥਾਰ ਵਿਚ ਦੋ ਨੌਜਵਾਨ ਅਤੇ ਇਕ ਨੌਜਵਾਨ ਕੁੜੀ ਸਵਾਰ ਸਨ, ਜੋ ਚੰਡੀਗੜ੍ਹ ਤੋਂ ਡੇਰਾ ਬੱਸੀ ਵੱਲ ਆ ਰਹੇ ਸਨ। ਇਸੇ ਦੌਰਾਨ ਬ੍ਰੇਜ਼ਾ, ਜਿਸ ਦਾ ਚਾਲਕ ਡਿਊਟੀ ਤੋਂ ਘਰ ਵਾਪਸ ਜਾ ਰਿਹਾ ਸੀ, ਕਥਿਤ ਤੌਰ 'ਤੇ ਰੌਂਗ ਸਾਈਡ ਤੋਂ ਆ ਗਈ। ਇਸ ਕਾਰਨ ਦੋਵੇਂ ਗੱਡੀਆਂ ਦੀ ਆਹਮੋ-ਸਾਹਮਣੇ ਜ਼ੋਰਦਾਰ ਟੱਕਰ ਹੋ ਗਈ।
ਟੱਕਰ ਦਾ ਅਸਰ ਇੰਨਾ ਭਿਆਨਕ ਸੀ ਕਿ ਬ੍ਰੇਜ਼ਾ ਡਿਵਾਈਡਰ 'ਤੇ ਚੜ੍ਹ ਗਈ, ਜਦਕਿ ਥਾਰ ਦਾ ਅੱਗਲਾ ਹਿੱਸਾ ਵੀ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਹਾਦਸੇ ਤੋਂ ਬਾਅਦ ਹਾਈਵੇ 'ਤੇ ਆਵਾਜਾਈ ਪ੍ਰਭਾਵਿਤ ਹੋ ਗਈ ਅਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਮੌਕੇ 'ਤੇ ਇਕੱਠੇ ਹੋਏ ਲੋਕਾਂ ਨੇ ਗੱਡੀਆਂ ਵਿੱਚ ਸਵਾਰ ਲੋਕਾਂ ਨੂੰ ਬਾਹਰ ਕੱਢਿਆ।
ਸੂਚਨਾ ਮਿਲਣ 'ਤੇ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਨੁਕਸਾਨੀਆਂ ਗੱਡੀਆਂ ਨੂੰ ਸੜਕ ਤੋਂ ਹਟਾ ਕੇ ਟ੍ਰੈਫਿਕ ਮੁੜ ਚਾਲੂ ਕਰਵਾਇਆ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਦਸੇ ਦੇ ਅਸਲ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਤੋਂ ਬਾਅਦ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
;
;
;
;
;
;
;