JALANDHAR WEATHER

ਚੱਕ ਹਕੀਮ ਵਿਚ ਪਤੀ ਵਲੋਂ ਪਤਨੀ ਦੇ ਸਿਰ ਵਿਚ ਸੱਟਾਂ ਮਾਰ ਕੇ ਕਤਲ

ਫਗਵਾੜਾ (ਹਰਜੋਤ ਸਿੰਘ ਚਾਨਾ)- ਫਗਵਾੜਾ ਦੇ ਨਜ਼ਦੀਕੀ ਪਿੰਡ ਚੱਕ ਹਕੀਮ ਵਿਚ ਇਕ ਵਿਆਹੁਤਾ ਮਹਿਲਾ ਦੀ ਕਥਿਤ ਤੌਰ ’ਤੇ ਹੱਤਿਆ ਕੀਤੇ ਜਾਣ ਦਾ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਕੁਲਵਿੰਦਰ ਕੌਰ ਵਜੋਂ ਹੋਈ ਹੈ, ਜੋ ਆਪਣੇ ਪਤੀ ਦਵਿੰਦਰ ਸਿੰਘ ਨਾਲ ਪਿੰਡ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦੀ ਸੀ।

ਘਟਨਾ ਦੀ ਸੂਚਨਾ ਮਿਲਣ ਉਪਰੰਤ ਡੀਐਸਪੀ ਫਗਵਾੜਾ ਸਮੇਤ ਪੁਲਿਸ ਦੀ ਟੀਮ ਮੌਕੇ ’ਤੇ ਪਹੁੰਚੀ ਅਤੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਡੀ.ਐਸ.ਪੀ. ਨੇ ਦੱਸਿਆ ਕਿ ਮੁੱਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਕੁਲਵਿੰਦਰ ਕੌਰ ਇੱਕ ਨਿੱਜੀ ਫੈਕਟਰੀ ਵਿੱਚ ਕੰਮ ਕਰਦੀ ਸੀ, ਜਦਕਿ ਉਸਦਾ ਪਤੀ ਦਵਿੰਦਰ ਸਿੰਘ ਮਿਸਤਰੀ ਦਾ ਕੰਮ ਕਰਦਾ ਹੈ। ਪੁਲਿਸ ਅਨੁਸਾਰ ਦੋਵਾਂ ਵਿਚਾਲੇ ਕਾਫ਼ੀ ਸਮੇਂ ਤੋਂ ਘਰੇਲੂ ਤਣਾਅ ਅਤੇ ਝਗੜੇ ਚੱਲ ਰਹੇ ਸਨ।

ਪੁਲਿਸ ਦੇ ਮੁਤਾਬਕ, ਮੁੱਢਲੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਦਵਿੰਦਰ ਸਿੰਘ ਨੇ ਆਪਣੀ ਪਤਨੀ ਦੇ ਸਿਰ ’ਤੇ ਗੰਭੀਰ ਸੱਟਾਂ ਮਾਰੀਆਂ, ਜਿਸ ਕਾਰਨ ਉਸਦੀ ਮੌਤ ਹੋ ਗਈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਆਪਣੇ ਜੱਦੀ ਪਿੰਡ ਲੰਗੇਰੀ ਫ਼ਰਾਰ ਹੋ ਗਿਆ।

ਪੁਲਿਸ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਦਵਿੰਦਰ ਸਿੰਘ ਖ਼ਿਲਾਫ਼ ਬਣਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਪੁਲਿਸ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਹਰ ਪੱਖ ਤੋਂ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ