ਅਜਨਾਲਾ ਪੁਲਿਸ ਅਤੇ ਥਾਰ ਸਵਾਰ ਗੈਂਗਸਟਰਾਂ ਵਿਚਕਾਰ ਮੁੱਠਭੇੜ, ਯੂ.ਕੇ ਬੇਸਡ ਮੋਡਿਊਲ ਦਾ ਪਰਦਾਫਾਸ਼, ਇਕ ਗੈਂਗਸਟਰ ਜ਼ਖ਼ਮੀ
ਅਜਨਾਲਾ, 5 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ)- ਅਜਨਾਲਾ ਪੁਲਿਸ ਨੇ ਇਕ ਵੱਡੀ ਅਪਰਾਧਿਕ ਸਾਜਸ਼ਿ ਨੂੰ ਨਾਕਾਮ ਕਰਦਿਆਂ ਗੈਂਗਸਟਰਾਂ ਦੇ ਇਕ ਸਰਗਰਮ ਮੋਡਿਊਲ ਦਾ ਪਰਦਾਫਾਸ਼ ਕੀਤਾ ਹੈ। ਸਪੈਸ਼ਲ ਸੈੱਲ ਅਤੇ ਥਾਣਾ ਅਜਨਾਲਾ ਦੀ ਪੁਲਿਸ ਵਲੋਂ ਸਾਂਝੀ ਨਾਕਾਬੰਦੀ ਦੌਰਾਨ ਗੈਂਗਸਟਰਾਂ ਨਾਲ ਹੋਈ ਮੁੱਠਭੇੜ ਵਿਚ ਇਕ ਮੁਲਜ਼ਮ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਿਆ, ਜਦਕਿ ਦੋਵਾਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਐੱਸ.ਐੱਸ.ਪੀ. ਕੰਵਲਪ੍ਰੀਤ ਸਿੰਘ ਚਾਹਲ ਨੇ ਦੱਸਿਆ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇਕ ਥਾਰ ਗੱਡੀ ਵਿਚ ਸਵਾਰ ਗੈਂਗਸਟਰ ਨਹਿਰ ਗੁਜਾਪੀਰ ਵਾਲੇ ਪਾਸੇ ਤੋਂ ਅਜਨਾਲਾ ਵੱਲ ਆ ਰਹੇ ਹਨ ਅਤੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਹਨ। ਸੂਚਨਾ ਦੇ ਆਧਾਰ 'ਤੇ ਪੁਲਿਸ ਨੇ ਤੁਰੰਤ ਨਾਕਾਬੰਦੀ ਕਰਕੇ ਜਦੋਂ ਸ਼ੱਕੀ ਥਾਰ ਗੱਡੀ ਨੂੰ ਰੋਕਣ ਦੀ ਕੋਸਸ਼ਿ ਕੀਤੀ ਤਾਂ ਗੱਡੀ ਵਿਚ ਸਵਾਰ ਗੈਂਗਸਟਰਾਂ ਨੇ ਪੁਲਿਸ ਪਾਰਟੀ 'ਤੇ ਫਾਇਰਿੰਗ ਕਰ ਦਿੱਤੀ। ਮੁਲਜ਼ਮਾਂ ਵੱਲੋਂ ਤਿੰਨ ਰਾਊਂਡ ਫਾਇਰ ਕੀਤੇ ਗਏ, ਜਿਸ ਦੇ ਜਵਾਬ ਵਿਚ ਪੁਲਿਸ ਨੇ ਵੀ ਮੁਸਤੈਦੀ ਨਾਲ ਕਾਰਵਾਈ ਕੀਤੀ।
ਇਸ ਦੌਰਾਨ ਇੱਕ ਗੋਲੀ ਮੁਲਜ਼ਮ ਸੁਖਰਾਜ ਸਿੰਘ ਵਾਸੀ ਪਿੰਡ ਅਰਲੀਭੰਨ ਦੇ ਲੱਗੀ, ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ। ਉਨ੍ਹਾਂ ਦੱਸਿਆ ਕਿ ਜ਼ਖ਼ਮੀ ਸੁਖਰਾਜ ਸਿੰਘ ਅਤੇ ਉਸਦੇ ਸਾਥੀ ਅਰਜੁਨ ਨੂੰ ਮੌਕੇ 'ਤੇ ਹੀ ਕਾਬੂ ਕਰ ਲਿਆ। ਜ਼ਖ਼ਮੀ ਮੁਲਜ਼ਮ ਨੂੰ ਤੁਰੰਤ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਮੌਕੇ ਤੋਂ ਪੁਲਿਸ ਨੇ ਇੱਕ 30 ਬੋਰ ਦਾ ਪਾਕਿਸਤਾਨੀ ਪਿਸਤੌਲ, ਦੋ ਜਿੰਦਾ ਕਾਰਤੂਸ ਅਤੇ ਤਿੰਨ ਖਾਲੀ ਖੋਲ ਵੀ ਬਰਾਮਦ ਕੀਤੇ ਹਨ।
ਐੱਸ.ਐੱਸ.ਪੀ. ਕੰਵਲਪ੍ਰੀਤ ਸਿੰਘ ਚਾਹਲ ਨੇ ਦੱਸਿਆ ਕਿ ਇਹ ਮੋਡਿਊਲ ਯੂਕੇ ਬੇਸਡ ਗੈਂਗਸਟਰ ਨਿਸ਼ਾਨ ਜੌੜੀਆਂ ਵਲੋਂ ਚਲਾਇਆ ਜਾ ਰਿਹਾ ਸੀ। ਮੁਲਜ਼ਮ ਫਿਰੌਤੀ ਦੀਆਂ ਕਾਲਾਂ ਕਰਨ ਅਤੇ ਹੋਰ ਸੰਗੀਨ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਤਿਆਰੀ ਵਿੱਚ ਸਨ। ਉਨ੍ਹਾਂ ਕਿਹਾ ਕਿ ਦੋਵਾਂ ਮੁਲਜ਼ਮਾਂ ਦੇ ਪੁਰਾਣੇ ਅਪਰਾਧਿਕ ਰਿਕਾਰਡ ਦੀ ਵੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਮਾਮਲੇ ਦੀ ਤਫ਼ਤੀਸ਼ ਜਾਰੀ ਹੈ।
;
;
;
;
;
;
;
;