ਝੱਲ ਲੇਈ ਵਾਲਾ ਵਿਖੇ 9 ਮੋਟਰਾਂ ਦੀਆਂ ਤਾਰਾਂ ਤੇ 1 ਮੋਬਾਇਲ ਚੋਰੀ
ਡਡਵਿੰਡੀ, 27 ਜੂਨ (ਦਿਲਬਾਗ ਸਿੰਘ ਝੰਡ)- ਇਲਾਕੇ ਵਿਚ ਸਰਗਰਮ ਚੋਰ ਗਿਰੋਹ ਵਲੋਂ ਲਗਾਤਾਰ ਕੀਤੀਆਂ ਜਾ ਰਹੀਆਂ ਚੋਰੀਆਂ ਕਾਰਨ ਕਿਸਾਨਾਂ ਅੰਦਰ ਕਾਫੀ ਖੌਫ ਤੇ ਰੋਸ ਪਾਇਆ ਜਾ ਰਿਹਾ ਹੈ। ਇਸ ਦੀ ਤਾਜ਼ਾ ਮਿਸਾਲ ਨੇੜਲੇ ਪਿੰਡ ਝੱਲ ਲੇਈ ਵਾਲਾ ਤੋਂ ਮਿਲਦੀ ਹੈ, ਜਿੱਥੇ ਬੀਤੀ ਰਾਤ ਚੋਰਾਂ ਵਲੋਂ 9 ਮੋਟਰਾਂ ਦੀਆਂ ਤਾਰਾਂ ਚੋਰੀ ਕਰ ਲਈਆਂ ਗਈਆਂ। ਇਸ ਸਬੰਧੀ ਜਾਣਕਾਰੀ ਦਿੰਦੇ ਪਿੰਡ ਝੱਲ ਲੇਈ ਵਾਲਾ ਦੇ ਕਿਸਾਨ ਤਰਸੇਮ ਸਿੰਘ ਪੁੱਤਰ ਸੋਹਣ ਸਿੰਘ ਅਤੇ ਆੜ੍ਹਤੀ ਦਲਜੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਬੀਤੇ ਕੱਲ੍ਹ ਉਹ ਆਪਣੀ ਮੋਟਰ ਨੂੰ ਠੀਕ ਠਾਕ ਛੱਡ ਕੇ ਘਰਾਂ ਨੂੰ ਗਏ ਸਨ। ਉਨ੍ਹਾਂ ਦੱਸਿਆ ਕਿ ਅੱਜ ਸਵੇਰੇ ਜਦੋਂ ਮੋਟਰ ਚਲਾਉਣ ਗਏ ਤਾਂ ਦੇਖਿਆ ਕਿ ਚੋਰ ਉਨ੍ਹਾਂ ਦੀ ਮੋਟਰਾਂ ਦੀਆਂ ਤਾਰਾਂ ਵੱਢ ਕੇ ਲੈ ਗਏ ਸਨ।
ਉਨ੍ਹਾਂ ਦੱਸਿਆ ਕਿ ਅੱਗੇ ਜਾ ਕੇ ਦੇਖਿਆ ਕਿ ਚੋਰਾਂ ਵਲੋਂ ਮੋਟਰਾਂ ਦੀਆਂ ਤਾਰਾਂ ਇੰਨੀ ਨੇੜਿਓਂ ਵੱਡੀਆਂ ਗਈਆਂ ਕਿ ਉਹ ਬੋਰ ਵਿਚ ਡਿੱਗ ਗਈਆਂ ਹਨ ਅਤੇ ਹੁਣ ਉਨ੍ਹਾਂ ਨੂੰ ਮਿਸਤਰੀ ਬੁਲਾ ਕੇ ਮੋਟਰ ਬਾਹਰ ਕੱਢਣੀ ਪਵੇਗੀ ਅਤੇ ਦੁਬਾਰਾ ਤਾਰ ਪਾਉਣੀ ਪਵੇਗੀ, ਜਿਸ ਨਾਲ ਉਨ੍ਹਾਂ ਦਾ ਹੋਰ ਵੀ ਆਰਥਿਕ ਬੋਝ ਵੱਧ ਗਿਆ ਹੈ। ਕਿਸਾਨ ਦਲਜੀਤ ਸਿੰਘ ਨੇ ਦੱਸਿਆ ਕਿ ਚੋਰ ਉਨ੍ਹਾਂ ਦੀ ਮੋਟਰ 'ਤੇ ਰਹਿ ਰਹੀ ਲੇਬਰ ਦਾ ਇੱਕ ਮੋਬਾਇਲ ਵੀ ਚੋਰੀ ਕਰਕੇ ਲੈ ਗਏ ਹਨ।
ਉਨ੍ਹਾਂ ਨੇ ਦੱਸਿਆ ਕਿ ਇਸੇ ਤਰ੍ਹਾਂ ਹੀ ਕਿਸਾਨ ਦਲਜੀਤ ਸਿੰਘ ਪੁੱਤਰ ਬਲਵਿੰਦਰ ਸਿੰਘ, ਮਨਦੀਪ ਸਿੰਘ ਪੁੱਤਰ ਸਰੂਪ ਸਿੰਘ, ਇੰਦਰਜੀਤ ਸਿੰਘ ਪੁੱਤਰ ਮਹਿੰਦਰ ਸਿੰਘ, ਬਚਨ ਸਿੰਘ ਪੁੱਤਰ ਇੰਦਰ ਸਿੰਘ, ਨਿਰਮਲ ਸਿੰਘ ਪੁੱਤਰ ਗੰਗਾ ਸਿੰਘ, ਤਰਸੇਮ ਸਿੰਘ ਪੁੱਤਰ ਸੋਹਣ ਸਿੰਘ, ਬਲਵੰਤ ਸਿੰਘ ਪੁੱਤਰ ਗੰਗਾ ਸਿੰਘ, ਜੋਗਿੰਦਰ ਸਿੰਘ ਪੁੱਤਰ ਸੋਹਣ ਸਿੰਘ ਅਤੇ ਭਜਨ ਸਿੰਘ ਪੁੱਤਰ ਕੇਵਲ ਸਿੰਘ ਦੀਆਂ ਮੋਟਰਾਂ ਦੀਆਂ ਤਾਰਾਂ ਵੀ ਚੋਰ ਚੋਰੀ ਕਰਕੇ ਲੈ ਗਏ ਹਨ। ਉਨ੍ਹਾਂ ਦੱਸਿਆ ਕਿ ਚੋਰਾਂ ਵੱਲੋਂ ਬੇਖੌਫ ਹੋ ਕੇ ਮੌਕੇ 'ਤੇ ਹੀ ਤਾਰਾਂ ਸਾੜ ਕੇ ਤਾਂਬਾ ਕੱਢਿਆ ਗਿਆ। ਉਨ੍ਹਾਂ ਪੁਲਿਸ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਇਲਾਕੇ ਵਿੱਚ ਸਰਗਰਮ ਇਸ ਚੋਰ ਗਿਰੋਹ ਨੂੰ ਤੁਰੰਤ ਕਾਬੂ ਕੀਤਾ ਜਾਵੇ ਅਤੇ ਲੋਕਾਂ ਦੇ ਲਗਾਤਾਰ ਹੋ ਰਹੇ ਆਰਥਿਕ ਨੁਕਸਾਨ ਨੂੰ ਰੋਕਿਆ ਜਾਵੇ।
;
;
;
;
;
;
;
;