ਮੋਟਰਾਂ ਦੀ ਬਿਜਲੀ ਸਪਲਾਈ ਨੂੰ ਲੱਗ ਰਹੇ ਲੰਬੇ ਲੰਬੇ ਕੱਟਾਂ ਕਾਰਨ ਕਿਸਾਨਾਂ 'ਚ ਹਾਹਾਕਾਰ
ਡਡਵਿੰਡੀ, 27 ਜੂਨ (ਦਿਲਬਾਗ ਸਿੰਘ ਝੰਡ)- ਝੋਨੇ ਦੇ ਸੀਜ਼ਨ ਦੌਰਾਨ ਦਿਨ ਵੇਲੇ 8 ਘੰਟੇ ਬਿਜਲੀ ਦੇਣ ਦਾ ਦਾਅਵਾ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰਾਜ ਵਿਚ ਮੋਟਰਾਂ ਵਾਲੀ ਬਿਜਲੀ ਸਪਲਾਈ ਨੂੰ ਲੱਗ ਰਹੇ ਲੰਬੇ ਲੰਬੇ ਕੱਟਾਂ ਕਰਨ ਕਿਸਾਨਾਂ ਵਿਚ ਹਾਹਾਕਾਰ ਮਚ ਗਈ ਹੈ। ਇਸ ਵੇਲੇ ਮੋਟਰਾਂ 'ਤੇ ਬਿਜਲੀ ਦੀ ਸਪਲਾਈ 2 ਤੋਂ 3 ਘੰਟੇ ਮਿਲ ਰਹੀ ਹੈ ਜਿਸ ਨਾਲ ਕਿਸਾਨ ਬੜੇ ਚਿੰਤਤ ਨਜ਼ਰ ਆ ਰਹੇ ਹਨ। ਜਿਕਰਯੋਗ ਹੈ ਕਿ ਇਸ ਵੇਲੇ ਪੰਜਾਬ ਅੰਦਰ ਝੋਨੇ ਦੀ ਲੁਆਈ ਦਾ ਸੀਜ਼ਨ ਪੂਰੇ ਜੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ ਅਤੇ ਝੋਨੇ ਦੀ ਫ਼ਸਲ ਦੀ ਕਰੀਬ ਅੱਧਿਓਂ ਵੱਧ ਬਿਜਾਈ ਅਜੇ ਬਾਕੀ ਰਹਿੰਦੀ ਹੈ। ਅੱਤ ਦੀ ਪੈ ਰਹੀ ਗਰਮੀ ਦੌਰਾਨ ਝੋਨੇ ਦੀ ਬਿਜਾਈ ਲਈ ਜਿੱਥੇ ਬਿਜਲੀ ਦੀ ਨਿਰੰਤਰ ਸਪਲਾਈ ਦੀ ਜ਼ਰੂਰਤ ਹੁੰਦੀ ਹੈ, ਉਥੇ ਬਿਜਲੀ ਵਿਭਾਗ ਵਲੋਂ ਲੰਬੇ ਲੰਬੇ ਕੱਟ ਲਗਾ ਕੇ ਕਿਸਾਨਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਡਡਵਿੰਡੀ ਦੇ ਸਾਬਕਾ ਸਕੱਤਰ ਬਲਬੀਰ ਸਿੰਘ ਸੰਧਾ, ਕੋਆਪਰੇਟਿਵ ਸੁਸਾਇਟੀ ਡਡਵਿੰਡੀ ਦੇ ਪ੍ਰਧਾਨ ਜਗਰੂਪ ਸਿੰਘ, ਸੁਖਵਿੰਦਰ ਸਿੰਘ ਘੀਣਾ, ਹਰਦੀਪ ਸਿੰਘ, ਰਣਜੀਤ ਸਿੰਘ ਰਾਣਾ, ਹਰਜਿੰਦਰ ਸਿੰਘ, ਗੁਲਸ਼ਨਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਭਿੰਡਰ, ਬਲਵਿੰਦਰ ਸਿੰਘ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਿਲ੍ਹਾ ਮੀਤ ਪ੍ਰਧਾਨ ਪਰਮਜੀਤ ਸਿੰਘ ਪੱਕਾ ਕੋਠਾ, ਜਿਲ੍ਹਾ ਖਜਾਨਚੀ ਹਾਕਮ ਸਿੰਘ ਸ਼ਾਹਜਹਾਨ ਪੁਰ, ਹਰਜੀਤ ਸਿੰਘ ਬੱਬੂ ਜੈਨਪੁਰ, ਝੱਲ ਲੇਈ ਵਾਲਾ ਦੇ ਕਿਸਾਨ ਪਲਵਿੰਦਰ ਸਿੰਘ, ਪੰਚ ਗੁਰਪ੍ਰੀਤ ਸਿੰਘ ਅਤੇ ਹਰਵਿੰਦਰ ਸਿੰਘ ਥਿੰਦ ਆਦਿ ਕਿਸਾਨਾਂ ਨੇ ਦੱਸਿਆ ਕਿ ਪਿਛਲੇ 4-5 ਦਿਨਾਂ ਤੋਂ ਮੋਟਰਾਂ ਵਾਲੀ ਬਿਜਲੀ ਸਪਲਾਈ ਦਾ ਹਾਲ ਬਹੁਤ ਮੰਦਾ ਹੋਇਆ ਪਿਆ ਹੈ ਅਤੇ ਅੱਠ ਘੰਟਿਆਂ ਵਿੱਚੋਂ ਸਿਰਫ ਦੋ ਤਿੰਨ ਘੰਟੇ ਹੀ ਬਿਜਲੀ ਮਿਲ ਰਹੀ ਹੈ। ਉਨ੍ਹਾਂ ਦੱਸਿਆ ਕਿ ਇੰਨੀ ਬਿਜਲੀ ਨਾਲ ਤਾਂ ਪਹਿਲਾਂ ਲਗਾਏ ਹੋਏ ਝੋਨੇ ਨੂੰ ਹੀ ਪਾਣੀ ਨਹੀਂ ਆ ਰਿਹਾ ਤਾਂ ਕਿਸਾਨ ਝੋਨੇ ਦੀ ਰਹਿੰਦੀ ਫਸਲ ਦੀ ਬਜਾਈ ਕਿਸ ਤਰ੍ਹਾਂ ਕਰਨਗੇ।
ਕਿਉਂਕਿ ਝੋਨਾ ਲਾਉਣ ਲਈ ਕੱਦੂ ਕਰਨ ਸਮੇਂ ਪਾਣੀ ਦੀ ਕਾਫੀ ਜਰੂਰਤ ਹੁੰਦੀ ਹੈ ਅਤੇ ਬਿਜਲੀ ਦਾ ਮੰਦੜਾ ਹਾਲ ਹੋਣ ਕਾਰਨ ਪਹਿਲਾ ਲੱਗੇ ਹੋਏ ਝੋਨੇ ਨੂੰ ਵੀ ਪੂਰਾ ਪਾਣੀ ਨਹੀਂ ਮਿਲ ਰਿਹਾ। ਉਨ੍ਹਾਂ ਕਿਹਾ ਕਿ ਜੇਕਰ ਬਿਜਲੀ ਦਾ ਅਜਿਹਾ ਹਾਲ ਹੀ ਰਿਹਾ ਤਾਂ ਪਹਿਲੀ ਝੋਨੇ ਦੀ ਲਗਾਈ ਹੋਈ ਫਸਲ ਵੀ ਸੁੱਕਣ ਕਿਨਾਰੇ ਆ ਜਾਵੇਗੀ ਅਤੇ ਰਹਿੰਦੀ ਫਸਲ ਬੀਜਣ ਤੋਂ ਪੱਛੜ ਜਾਵੇਗੀ। ਕਿਸਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਡਡਵਿੰਡੀ ਮੈਰੀਪੁਰ ਫੀਡਰ 'ਤੇ ਪਿਛਲੇ ਤਿੰਨ ਚਾਰ ਦਿਨ 2- 3 ਘੰਟੇ ਬਿਜਲੀ ਸਪਲਾਈ ਮਿਲੀ ਹੈ ਜਿਸ ਨਾਲ ਝੋਨੇ ਦੀ ਫਸਲ ਬਿਲਕੁਲ ਸੁੱਕਣ ਦੇ ਕਿਨਾਰੇ ਹੈ। ਉਨ੍ਹਾਂ ਅਪੀਲ ਕੀਤੀ ਕਿ ਜਲਦੀ ਤੋਂ ਜਲਦੀ ਮੋਟਰਾਂ ਵਾਲੀ ਬਿਜਲੀ ਦੀ ਸਪਲਾਈ ਨੂੰ ਨਿਰੰਤਰ ਅੱਠ ਘੰਟੇ ਦੇਣਾ ਯਕੀਨੀ ਬਣਾਇਆ ਜਾਵੇ ਤਾਂ ਜੋ ਝੋਨੇ ਦੀ ਫਸਲ ਦੌਰਾਨ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਦੂਜੇ ਪਾਸੇ ਕਿਸਾਨ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਬਿਜਲੀ ਸਪਲਾਈ ਨਿਰੰਤਰ ਅਠ ਘੰਟੇ ਨਾ ਦਿੱਤੀ ਗਈ ਤਾਂ ਵੱਡੀ ਗਿਣਤੀ ਵਿਚ ਕਿਸਾਨ ਮਜ਼ਦੂਰ ਸੜਕਾਂ 'ਤੇ ਉਤਰਨਗੇ।
;
;
;
;
;
;
;
;