ਪ੍ਰਾਈਵੇਟ ਬੱਸ ਵਿਚ ਸਫ਼ਰ ਕਰ ਰਹੇ ਅਣਪਛਾਤੇ ਵਿਅਕਤੀ ਦੀ ਅਚਾਨਕ ਹੋਈ ਮੌਤ
ਫ਼ਿਲੌਰ, 13 ਜੂਨ (ਅਮਰਜੀਤ ਸਿੰਘ ਮੋਨੂੰ)- ਲੁਧਿਆਣਾ ਤੋਂ ਜਲੰਧਰ ਵੱਲ ਜਾ ਰਹੀ ਇਕ ਨਿੱਜੀ ਪ੍ਰਾਈਵੇਟ ਬੱਸ ਵਿਚ ਸਫ਼ਰ ਕਰ ਰਹੇ ਇਕ ਅਣਪਛਾਤੇ ਵਿਅਕਤੀ ਦੀ ਅਚਾਨਕ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਵਿਅਕਤੀ ਬਸਤੀ ਯੋਧੇਵਾਲ ਤੋਂ ਬੱਸ ਵਿਚ ਸਵਾਰ ਹੋਇਆ ਸੀ ਅਤੇ ਫ਼ਿਲੌਰ ਵੱਲ ਆ ਰਿਹਾ ਸੀ।
ਬੱਸ ਦੇ ਕੰਡਕਟਰ ਨੇ ਦੱਸਿਆ ਕਿ ਜਦੋਂ ਬੱਸ ਫ਼ਿਲੌਰ ਬੱਸ ਅੱਡੇ 'ਤੇ ਪਹੁੰਚੀ ਤਾਂ ਉਕਤ ਵਿਅਕਤੀ ਦੀ ਸਿਹਤ ਅਚਾਨਕ ਵਿਗੜ ਗਈ। ਬਾਅਦ ਵਿਚ ਜਾਂਚ ਕਰਨ 'ਤੇ ਉਸ ਨੂੰ ਮ੍ਰਿਤਕ ਪਾਇਆ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਫ਼ਿਲੌਰ ਦੀ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ।
ਪੁਲਿਸ ਵਲੋਂ ਕਾਨੂੰਨੀ ਕਾਰਵਾਈ ਕਰਨ ਉਪਰੰਤ ਮ੍ਰਿਤਕ ਦੇਹ ਨੂੰ ਪਹਿਚਾਣ ਲਈ ਸਿਵਲ ਹਸਪਤਾਲ ਫ਼ਿਲੌਰ ਦੀ ਮੋਰਚਰੀ ਵਿਚ ਰਖਵਾ ਦਿੱਤਾ ਗਿਆ ਹੈ। ਮ੍ਰਿਤਕ ਦੀ ਪਹਿਚਾਣ ਨਹੀਂ ਹੋ ਸਕੀ ਸੀ। ਕਿਉਂਕਿ ਉਸਦੀ ਜੇਬ ਦੇ ਵਿਚ ਕੋਈ ਵੀ ਦਸਤਾਵੇਜ਼ ਨਹੀਂ ਸਨ। ਪੁਲਿਸ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਇਸ ਵਿਅਕਤੀ ਬਾਰੇ ਕੋਈ ਜਾਣਕਾਰੀ ਹੋਵੇ ਜਾਂ ਉਹ ਉਸ ਦੀ ਪਹਿਚਾਣ ਕਰ ਸਕਦਾ ਹੋਵੇ ਤਾਂ ਤੁਰੰਤ ਥਾਣਾ ਫ਼ਿਲੌਰ ਜਾਂ ਸਿਵਲ ਹਸਪਤਾਲ ਫ਼ਿਲੌਰ ਨਾਲ ਸੰਪਰਕ ਕੀਤਾ ਜਾਵੇ, ਤਾਂ ਜੋ ਮ੍ਰਿਤਕ ਦੀ ਪਹਿਚਾਣ ਕਰਕੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਜਾ ਸਕੇ।
;
;
;
;
;
;
;
;