ਕੈਨੇਡਾ ਤੇ ਬੋਸਨੀਆ ਵਿਚਕਾਰ 1-1 ਨਾਲ ਮੈਚ ਰਿਹਾ ਡਰਾਅ
ਟੋਰਾਂਟੋ, 12 ਜੂਨ (ਏਜੰਸੀ)-ਟੋਰਾਂਟੋ ਸਟੇਡੀਅਮ 'ਚ ਕੈਨੇਡਾ ਤੇ ਬੋਸਨੀਆ-ਹਰਜ਼ੇਗੋਵਿਨਾ ਵਿਚਕਾਰ ਖੇਡਿਆ ਗਿਆ ਫੀਫਾ ਵਿਸ਼ਵ ਕੱਪ 2026 ਦਾ ਤੀਜਾ ਮੈਚ ਡਰਾਅ ਨਾਲ ਖ਼ਤਮ ਹੋਇਆ | ਇਸਦੇ ਨਾਲ ਹੀ ਇਹ ਇਸ ਵਿਸ਼ਵ ਕੱਪ ਦਾ ਪਹਿਲਾ ਡਰਾਅ ਮੈਚ ਰਿਹਾ | ਮੈਚ ਸ਼ੁਰੂ ਤੋਂ ਹੀ ਰੋਮਾਂਚਕ ਸਥਿਤੀ 'ਚ ਦਿਖਾਈ ਦਿੱਤਾ | ਪਰ ਕੈਨੇਡਾ ਪਹਿਲੇ ਅੱਧ 'ਚ ਆਪਣੇ ਘਰੇਲੂ ਮੈਦਾਨੀ ਹਾਲਾਤਾਂ ਦਾ ਫਾਇਦਾ ਉਠਾਉਣ 'ਚ ਅਸਫਲ ਰਿਹਾ ਜਿਸਦੇ ਚਲਦੇ ਬੋਸਨੀਆ-ਹਰਜ਼ੇਗੋਵਿਨਾ ਨੇ ਮੇਜ਼ਬਾਨ ਕੈਨੇਡਾ 'ਤੇ 1-0 ਦੀ ਬੜ੍ਹਤ ਦਰਜ ਕੀਤੀ | ਕੈਨੇਡਾ ਦੇ ਐਲਿਸਟੇਅਰ ਜੌਹਨਸਟਨ ਨੂੰ 11ਵੇਂ ਮਿੰਟ 'ਚ ਫਾਊਲ ਲਈ ਪੀਲਾ ਕਾਰਡ ਦਿਖਾਇਆ ਗਿਆ | ਇਸ ਤੋਂ ਬਾਅਦ, 21ਵੇਂ ਮਿੰਟ 'ਚ, ਬੋਸਨੀਆ-ਹਰਜ਼ੇਗੋਵਿਨਾ ਦੇ ਜੋਵੋ ਲੂਕਿਕ ਨੇ ਗੋਲ ਕਰਕੇ ਟੀਮ ਨੂੰ 1-0 ਦੀ ਬੜ੍ਹਤ ਦਿਵਾਈ | ਇਹ ਲੂਕਿਕ ਦਾ ਆਪਣੇ ਅੰਤਰਰਾਸ਼ਟਰੀ ਕਰੀਅਰ ਦਾ ਪਹਿਲਾ ਗੋਲ ਸੀ | ਲੀਡ ਲੈਣ ਤੋਂ ਬਾਅਦ, ਬੋਸਨੀਆ-ਹਰਜ਼ੇਗੋਵਿਨਾ ਨੇ ਆਤਮਵਿਸ਼ਵਾਸ ਨਾਲ ਖੇਡਣਾ ਜਾਰੀ ਰੱਖਿਆ, ਹਾਲਾਂਕਿ, ਗੋਲ ਕਰਨ ਵਾਲੇ ਲੂਕਿਕ ਨੂੰ ਵੀ 45ਵੇਂ ਮਿੰਟ 'ਚ ਪੀਲਾ ਕਾਰਡ ਦਿਖਾਇਆ ਗਿਆ | ਪਹਿਲੇ ਅੱਧ 'ਚ ਕਈ ਵਾਰ ਰੁਕਣ ਤੇ ਕਾਰਡਿੰਗ ਦੇ ਕਾਰਨ, ਰੈਫਰੀ ਨੇ 4 ਮਿੰਟ ਵਾਧੂ ਸਮਾਂ ਜੋੜਿਆ | ਦੂਜੇ ਅੱਧ 'ਚ ਖੇਡਦੇ ਹੋਈ ਕੈਨੇਡਾ ਵਲੋਂ ਕੀਤੀ ਗਈ ਕੋਸ਼ਿਸ਼ ਦਾ ਰੰਗ ਦਿਖਾਈ ਦਿੱਤਾ ਅਤੇ 79ਵੇਂ ਮਿੰਟ 'ਚ ਕੈਨੇਡਾ ਦੇ ਸਾਇਲ ਲਾਰੀਨ ਨੇ ਗੋਲ ਕਰਦੇ ਹੋਏ ਟੀਮ ਨੂੰ 1-1 ਦੀ ਬਰਾਬਰੀ 'ਤੇ ਪਹੁੰਚਾਇਆ | ਬੋਸਨੀਆ-ਹਰਜ਼ੇਗੋਵਿਨਾ ਨੇ ਵੀ ਵਾਪਸੀ ਦੀ ਕੋਸ਼ਿਸ਼ ਕੀਤੀ, ਪਰ ਕਿਸੇ ਵੀ ਮਹੱਤਵਪੂਰਨ ਮੌਕੇ ਦਾ ਫਾਇਦਾ ਉਠਾਉਣ 'ਚ ਅਸਫਲ ਰਿਹਾ |
;
;
;
;
;
;
;
;