ਬਾਬਾ ਬਕਾਲਾ ਸਾਹਿਬ ਵਿਖੇ ਹਨੇਰੀ ਝੱਖੜ ਨੇ ਮਚਾਈ ਤਬਾਹੀ
ਬਾਬਾ ਬਕਾਲਾ ਸਾਹਿਬ, 11 ਜੂਨ (ਸ਼ੇਲਿੰਦਰਜੀਤ ਸਿੰਘ ਰਾਜਨ)- ਅੱਜ ਸ਼ਾਮ ਨੂੰ ਤੇਜ਼ ਹਨੇਰੀ ਅਤੇ ਝੱਖੜ ਨੇ ਜਿੱਥੇ ਬੀਤੇ ਕੁੱਝ ਦਿਨਾਂ ਤੋਂ ਪੈ ਰਹੀ ਭਾਰੀ ਗਰਮੀ ਤੋਂ ਲੋਕਾਂ ਨੂੰ ਕੁੱਝ ਰਾਹਤ ਮਹਿਸੂਸ ਕਰਵਾਈ, ਉਥੇ ਇਸ ਤੇਜ਼ ਹਨੇਰੀ ਝੱਖੜ ਨੇ ਆਸ-ਪਾਸ ਭਾਰੀ ਤਬਾਹੀ ਮਚਾਉਣ ਦਾ ਵੀ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਤੇਜ਼ ਹਨੇਰੀ ਝੱਖੜ ਨੇ ਬਾਬਾ ਬਕਾਲਾ ਸਾਹਿ-ਰਈਆ ਸੰਪਰਕ ਸੜਕ ਤੇ ਕਈ ਦਰੱਖਤ ਜੜੌਂ ਹੀ ਪੁੱਟ ਸੁੱਟੇ।
ਗੁਰੂ ਤੇਗ ਬਹਾਦਰ ਸਰਕਾਰੀ ਸਟੇਡੀਅਮ, ਬਾਬਾ ਬਕਾਲਾ ਸਾਹਿਬ ਦੀ ਕੰਧ ਵੀ ਡਿੱਗ ਪਈ, ਸਾਇਡ ਤੇ ਲੱਗਾ ਵੱਡਾ ਦਰੱਖਤ ਵੀ ਡਿੱਗ ਪਿਆ ਅਤੇ ਪੁਲਿਸ ਚੌਂਕੀ ਬਾਬਾ ਬਕਾਲਾ ਸਾਹਿਬ ਨਜ਼ਦੀਕ ਲੱਗਾ ਦਰੱਖਤ ਵੀ ਡਿੱਗ ਪਿਆ। ਬਾਬਾ ਬਕਾਲਾ ਸਾਹਿਬ ਤੋਂ ਦੌਲੋ ਨੰਗਲ ਰੋਡ, ਲੱਖੂਵਾਲ ਰੋਡ, ਵਡਾਲਾ ਕਲਾਂ ਰੋਡ ਅਤੇ ਧਿਆਨਪੁਰ ਰੋਡ ਤੇ ਵੀ ਕਈ ਦਰੱਖਤ ਅਤੇ ਵੱਡੇ ਟਾਹਣ ਡਿੱਗਣ ਕਾਰਣ ਆਵਾਜਾਈ ਪ੍ਰਭਾਵਿਤ ਹੋਈ ਹੈ। ਭਾਵੇਂ ਕਿ ਲੋਕਾਂ ਦੇ ਛੱਪਰੇ, ਸਾਇਨ ਬੋਰਡ ਨੁਕਸਾਨੇ ਜਾਣ ਕਾਰਣ ਮਾਲੀ ਨੁਕਸਾਨ ਹੋਇਆ ਹੈ, ਪਰ ਕਿਸੇ ਵੀ ਪਾਸਿਉਂ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੈ।
ਇਸ ਦੌਰਾਨ ਹੀ ਰਾਉਂਡ ਗਿਲਾਸ ਹਾਕੀ ਅਕੈਡਮੀ ਦੇ ਹਾਕੀ ਕੋਚ ਸ: ਬਲਜਿੰਦਰ ਸਿੰਘ ਸੋਨੀ ਨੇ ਦੱਸਿਆ ਹੈ ਕਿ ਗਨੀਮਤ ਹੈ ਕਿ ਕੁਝ ਚਿਰ ਪਹਿਲਾਂ ਹੀ ਨੰਨ੍ਹੇ ਮੁੰਨੇ ਖਿਡਾਰੀ ਇੱਥੇ ਹਾਕੀ ਦੀ ਪ੍ਰੈਕਟਿਸ ਕਰਕੇ ਚਲੇ ਗਏ ਸਨ। ਉਨ੍ਹਾਂ ਮੰਗ ਕੀਤੀ ਹੈ ਕਿ ਇਸ ਸਟੇਡੀਅਮ ਦੀ ਕੰਧ ਜਲਦੀ ਉਸਾਰੀ ਜਾਵੇ ਅਤੇ ਡਿੱਗਿਆ ਦਰੱਖਤ ਜਲਦੀ ਸਮੇਟਿਆ ਜਾਵੇ, ਤਾਂ ਜੋ ਨੰਨ੍ਹੇ ਮੁੰਨੇਂ ਖਿਡਾਰੀ ਰੋਜਾਨਾ ਦੀ ਤਰ੍ਹਾਂ ਇੱਥੇ ਹਾਕੀ ਦੀ ਪ੍ਰੈਕਟਿਸ ਕਰ ਸਕਣ ।
;
;
;
;
;
;
;
;
;