ਹੁਕਮਾਂ ਤੱਕ ਸੀਮਤ ਰਹੀ ਕਾਰਵਾਈ, ਸੜਕਾਂ 'ਤੇ ਬੇਖੌਫ਼ ਦੌੜ ਰਹੇ ਮਾਈਨਿੰਗ ਟਿੱਪਰ
ਰੂਟ ਪਲਾਨ ਅਜੇ ਵੀ ਅਧੂਰਾ, ਲੋਕਾਂ ਨੇ ਪੁੱਛਿਆ– ਹਾਦਸਿਆਂ ਦੀ ਜ਼ਿੰਮੇਵਾਰੀ ਕੌਣ ਲਵੇਗਾ?
ਡੇਰਾਬੱਸੀ, 6 ਜੂਨ (ਅਲੀ)-ਡੇਰਾਬੱਸੀ ਖੇਤਰ ਵਿੱਚ ਮਾਈਨਿੰਗ ਨਾਲ ਜੁੜੇ ਟਿੱਪਰਾਂ ਦੀ ਬੇਰੋਕਟੋਕ ਆਵਾਜਾਈ ਇੱਕ ਵੱਡੀ ਸਮੱਸਿਆ ਬਣਦੀ ਜਾ ਰਹੀ ਹੈ। ਪ੍ਰਸ਼ਾਸਨ ਅਤੇ ਮਾਈਨਿੰਗ ਵਿਭਾਗ ਵੱਲੋਂ ਕਈ ਵਾਰ ਰੂਟ ਪਲਾਨ ਤਿਆਰ ਕਰਨ, ਓਵਰਲੋਡਿੰਗ ਰੋਕਣ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨਾਂ ਖ਼ਿਲਾਫ਼ ਸਖ਼ਤ ਕਾਰਵਾਈ ਦੇ ਦਾਅਵੇ ਕੀਤੇ ਗਏ, ਪਰ ਸੜਕਾਂ 'ਤੇ ਹਾਲਾਤ ਅਜੇ ਵੀ ਪਹਿਲਾਂ ਵਾਂਗ ਹੀ ਨਜ਼ਰ ਆ ਰਹੇ ਹਨ।
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਮਿੱਟੀ ਅਤੇ ਰੇਤ ਨਾਲ ਭਰੇ ਕਈ ਟਿੱਪਰ ਰਿਹਾਇਸ਼ੀ ਇਲਾਕਿਆਂ, ਸਕੂਲਾਂ ਅਤੇ ਭੀੜ-ਭੜੱਕੇ ਵਾਲੀਆਂ ਸੜਕਾਂ ਤੋਂ ਗੁਜ਼ਰਦੇ ਹਨ। ਕਈ ਵਾਹਨਾਂ ਉੱਪਰ ਤਰਪਾਲ ਵੀ ਨਹੀਂ ਹੁੰਦੀ, ਜਿਸ ਕਾਰਨ ਧੂੜ ਉੱਡਦੀ ਹੈ ਅਤੇ ਦੋਪਹੀਆ ਚਾਲਕਾਂ ਤੇ ਰਾਹਗੀਰਾਂ ਨੂੰ ਖ਼ਤਰਾ ਬਣਿਆ ਰਹਿੰਦਾ ਹੈ।
ਲੋਕਾਂ ਦਾ ਦੋਸ਼ ਹੈ ਕਿ ਅਧਿਕਾਰੀਆਂ ਵੱਲੋਂ ਸਮੇਂ-ਸਮੇਂ 'ਤੇ ਮੀਟਿੰਗਾਂ ਅਤੇ ਨੋਟਿਸਾਂ ਦੀਆਂ ਗੱਲਾਂ ਤਾਂ ਕੀਤੀਆਂ ਜਾਂਦੀਆਂ ਹਨ, ਪਰ ਜ਼ਮੀਨੀ ਪੱਧਰ 'ਤੇ ਨਿਗਰਾਨੀ ਅਤੇ ਕਾਰਵਾਈ ਨਜ਼ਰ ਨਹੀਂ ਆਉਂਦੀ। ਪਿਛਲੇ ਸਮੇਂ ਦੌਰਾਨ ਟਿੱਪਰਾਂ ਨਾਲ ਜੁੜੇ ਕਈ ਗੰਭੀਰ ਹਾਦਸੇ ਹੋ ਚੁੱਕੇ ਹਨ, ਜਿਨ੍ਹਾਂ ਵਿੱਚ ਲੋਕਾਂ ਦੀਆਂ ਜਾਨਾਂ ਵੀ ਗਈਆਂ ਹਨ ਅਤੇ ਕਈ ਜ਼ਖ਼ਮੀ ਹੋਏ ਹਨ।
ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਰੂਟ ਪਲਾਨ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ ਤਾਂ ਕਈ ਹਾਦਸਿਆਂ ਨੂੰ ਰੋਕਿਆ ਜਾ ਸਕਦਾ ਹੈ। ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਕਾਗਜ਼ੀ ਹੁਕਮਾਂ ਦੀ ਬਜਾਏ ਜ਼ਮੀਨੀ ਪੱਧਰ 'ਤੇ ਠੋਸ ਕਦਮ ਚੁੱਕੇ ਜਾਣ ਤਾਂ ਜੋ ਆਮ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ।
;
;
;
;
;
;
;