ਡੇਰਾਬੱਸੀ 'ਚ ਫੈਕਟਰੀ ਦੀ ਕੰਧ ਟੱਪ ਕੇ ਵੜੇ ਚੋਰਾਂ ਨੂੰ ਸਕਿਉਰਟੀ ਗਾਰਡਾਂ ਨੇ ਦਬੋਚਿਆ
ਡੇਰਾਬੱਸੀ, 28 ਮਈ (ਰਣਬੀਰ ਸਿੰਘ ਪੜ੍ਹੀ)- ਬਰਵਾਲਾ ਰੋਡ ਸਥਿਤ ਕੂੜਾਵਲਾ ਦੀ ਵਿਨਸਮ ਯਾਰਨ ਫੈਕਟਰੀ ਵਿਚ ਦਿਨ-ਦਿਹੜੇ ਕੰਧ ਟੱਪ ਕੇ ਅੰਦਰ ਵੜੇ ਚੋਰਾਂ ਦੇ ਇਕ ਗਿਰੋਹ ਨੂੰ ਫੈਕਟਰੀ ਦੇ ਮੁਸਤੈਦ ਸਕਿਓਰਟੀ ਸਟਾਫ਼ ਨੇ ਫ਼ਿਲਮੀ ਸਟਾਈਲ ਵਿਚ ਘੇਰ ਕੇ ਕਾਬੂ ਕਰ ਲਿਆ। ਚੋਰ ਫੈਕਟਰੀ ਦੀਆਂ ਮਸ਼ੀਨਾਂ ਵਿਚੋਂ ਕੀਮਤੀ ਤਾਂਬੇ ਦੀਆਂ ਤਾਰਾਂ ਕੱਟ ਕੇ ਰਫ਼ੂਚੱਕਰ ਹੋਣ ਦੀ ਫ਼ਿਰਾਕ ਵਿਚ ਸਨ, ਪਰ ਸਕਿਉਰਟੀ ਸੁਪਰਵਾਈਜ਼ਰ ਨੇ ਉਨ੍ਹਾਂ ਦੀ ਖੇਡ ਵਿਗਾੜ ਦਿੱਤੀ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਦੋਵਾਂ ਚੋਰਾਂ ਨੂੰ ਜੇਲ ਭੇਜ ਦਿੱਤਾ।
ਇਹ ਸਾਰੀ ਘਟਨਾ ਦੁਪਹਿਰ ਦੀ ਹੈ। ਫੈਕਟਰੀ ਦੇ ਸਕਿਉਰਟੀ ਸੁਪਰਵਾਈਜ਼ਰ ਦਵਿੰਦਰ ਸਿੰਘ ਨੇ ਦੱਸਿਆ ਕਿ ਉਹ ਦੁਪਹਿਰ ਦਾ ਖਾਣਾ ਖਾ ਕੇ ਬਿਲਡਿੰਗ ਦੀ ਉੱਪਰਲੀ ਮੰਜ਼ਿਲ 'ਤੇ ਮੌਜੂਦ ਸੀ। ਅਚਾਨਕ ਉਸ ਦੀ ਨਜ਼ਰ ਫੈਕਟਰੀ ਦੇ ਅੰਦਰ ਘੁੰਮ ਰਹੇ ਦੋ ਸ਼ੱਕੀ ਨੌਜਵਾਨਾਂ 'ਤੇ ਪਈ, ਜਿਨ੍ਹਾਂ ਦੇ ਹੱਥਾਂ ਵਿਚ ਤਾਰਾਂ ਦੇ ਟੁਕੜੇ ਸਨ ਅਤੇ ਉਹ ਬੜੀ ਚਲਾਕੀ ਨਾਲ ਗੇਟ ਵੱਲ ਵਧ ਰਹੇ ਸਨ। ਖ਼ਤਰੇ ਨੂੰ ਭਾਂਪਦਿਆਂ ਸੁਪਰਵਾਈਜ਼ਰ ਨੇ ਬਿਨਾਂ ਸਮਾਂ ਗਵਾਏ ਹੇਠਾਂ ਮੌਜੂਦ ਸਕਿਉਰਟੀ ਗਾਰਡਾਂ ਨੂੰ ਅਲਰਟ ਕੀਤਾ। ਚੋਰਾਂ ਨੂੰ ਭੱਜਣ ਦਾ ਮੌਕਾ ਤੱਕ ਨਹੀਂ ਮਿਲਿਆ ਅਤੇ ਸੁਰੱਖਿਆ ਕਰਮੀਆਂ ਨੇ ਮੁਸਤੈਦੀ ਦਿਖਾਉਂਦੇ ਹੋਏ ਦੋਵਾਂ ਨੂੰ ਚਾਰੋਂ ਪਾਸਿਓਂ ਘੇਰ ਕੇ ਮੌਕੇ 'ਤੇ ਹੀ ਦਬੋਚ ਲਿਆ। ਜਦੋਂ ਸਕਿਉਰਟੀ ਸਟਾਫ਼ ਨੇ ਫੜੇ ਗਏ ਚੋਰਾਂ ਕੋਲੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਨੇ ਮੰਨਿਆ ਕਿ ਉਹ ਫੈਕਟਰੀ ਦੀ ਕੰਧ ਟੱਪ ਕੇ ਅੰਦਰ ਵੜੇ ਸਨ ਅਤੇ ਉਨ੍ਹਾਂ ਨੇ ਮਸ਼ੀਨਾਂ ਦੀਆਂ ਕੀਮਤੀ ਤਾਂਬੇ ਦੀਆਂ ਤਾਰਾਂ ਕੱਟੀਆਂ ਸਨ। ਮੁਲਜ਼ਮਾਂ ਕੋਲੋਂ ਮਸ਼ੀਨਾਂ ਦੀਆਂ ਕੱਟੀਆਂ ਹੋਈਆਂ ਤਾਰਾਂ ਦੇ ਦੋ ਥੈਲੇ ਬਰਾਮਦ ਹੋਏ ਹਨ।
ਫੈਕਟਰੀ ਪ੍ਰਬੰਧਕਾਂ ਦੀ ਸੂਚਨਾ 'ਤੇ ਏ.ਐੱਸ.ਆਈ. ਦਿਲਬਾਗ ਸਿੰਘ ਦੀ ਅਗਵਾਈ ਵਿਚ ਪਹੁੰਚੀ ਪੁਲਿਸ ਪਾਰਟੀ ਨੇ ਦੋਵਾਂ ਮੁਲਜ਼ਮਾਂ ਨੂੰ ਹਿਰਾਸਤ ਵਿਚ ਲੈ ਲਿਆ। ਮੁਲਜ਼ਮਾਂ ਦੀ ਪਹਿਚਾਣ ਜਸਵਿੰਦਰ ਸਿੰਘ ਵਾਸੀ ਫਿਰੋਜ਼ਪੁਰ, ਹਾਲ ਵਾਸੀ ਨੇੜੇ ਸਬਜ਼ੀ ਮੰਡੀ, ਡੇਰਾਬੱਸੀ, ਰਾਹੁਲ ਕੁਮਾਰ ਵਾਸੀ ਡੇਰਾਬੱਸੀ ਦੇ ਤੌਰ ਤੇ ਹੋਈ ਹੈ, ਜਿਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਤੇ ਅਦਾਲਤ ਨੇ ਦੋਵਾਂ ਨੂੰ ਜੇਲ ਭੇਜ ਦਿੱਤਾ।
;
;
;
;
;
;
;
;