JALANDHAR WEATHER

ਮੁੰਬਈ ਏਅਰਪੋਰਟ 'ਤੇ ਹੁਸ਼ਿਆਰਪੁਰ ਦੇ ਜਸਵੰਤ ਸਿੰਘ ਜੱਸਾ ਦੀ ਗ੍ਰਿਫ਼ਤਾਰੀ

ਹੁਸ਼ਿਆਰਪੁਰ, 28 ਮਈ- ਹੁਸ਼ਿਆਰਪੁਰ ਵਿਚ 'ਜੱਸਾ ਹੁਸ਼ਿਆਰਪੁਰੀਆ' ਨਾਮ ਦਾ ਪੇਜ ਚਲਾਉਣ ਵਾਲੇ ਅਤੇ ਦਵਿੰਦਰ ਬੰਬੀਹਾ ਗੈਂਗ ਨਾਲ ਜੁੜੇ ਨੌਜਵਾਨ ਜਸਵੰਤ ਸਿੰਘ ਜੱਸਾ ਨੂੰ ਮੁੰਬਈ (ਬੰਬੇ) ਪੁਲਿਸ ਵਲੋਂ ਏਅਰਪੋਰਟ ਤੋਂ ਗ੍ਰਿਫ਼ਤਾਰ ਕੀਤੇ ਜਾਣ ਦੀ ਖ਼ਬਰ ਹੈ। ਇਸ ਗ੍ਰਿਫ਼ਤਾਰੀ ਤੋਂ ਬਾਅਦ ਜੱਸਾ ਵਲੋਂ ਪਰਿਵਾਰ ਨੂੰ ਇੱਕ ਵੀਡੀਓ ਸੰਦੇਸ਼ ਭੇਜਿਆ ਗਿਆ ਹੈ, ਜਿਸ ਵਿਚ ਉਸਨੇ ਪੁਲਿਸ ਵਲੋਂ ਆਪਣੇ ਫੇਕ ਇਨਕਾਊਂਟਰ ਕੀਤੇ ਜਾਣ ਦਾ ਖ਼ਦਸ਼ਾ ਜਤਾਇਆ ਹੈ। ਜਿਸ ਤੋਂ ਬਾਅਦ ਹੁਣ ਸਹਿਮੇ ਹੋਏ ਪਰਿਵਾਰ ਨੇ ਸਰਕਾਰ ਅਤੇ ਪ੍ਰਸ਼ਾਸਨ ਕੋਲੋਂ ਮਦਦ ਅਤੇ ਇਨਸਾਫ਼ ਦੀ ਗੁਹਾਰ ਲਗਾਈ ਹੈ।

ਹੁਸ਼ਿਆਰਪੁਰ ਦੇ ਪਿੰਡ ਬਡਲਾ ਦੀ ਰਹਿਣ ਵਾਲੀ ਪੂਜਾ ਨੇ ਦੱਸਿਆ ਕਿ ਉਸਦਾ ਭਰਾ ਜਸਵੰਤ ਸਿੰਘ ਜੱਸਾ, ਜੋ ਕਿ ਪਹਿਲਾਂ ਫੌਜ ਵਿਚ ਭਰਤੀ ਹੋਣ ਦੀ ਤਿਆਰੀ ਕਰ ਰਿਹਾ ਸੀ ਅਤੇ ਉਸਦੀ ਜੁਆਇਨਿੰਗ ਵੀ ਹੋਣ ਵਾਲੀ ਸੀ, ਪਰ ਕੁਝ ਹਾਲਾਤਾਂ ਕਾਰਨ ਉਹ ਜੁਰਮ ਦੀ ਦੁਨੀਆ ਵਿਚ ਫ਼ਸ ਗਿਆ। ਪਰਿਵਾਰ ਮੁਤਾਬਕ ਉਹ ਦਵਿੰਦਰ ਬੰਬੀਹਾ ਗੈਂਗ ਅਤੇ 'ਜੱਸਾ ਹੁਸ਼ਿਆਰਪੁਰੀਆ' ਗਰੁੱਪ ਦਾ ਇੱਕ ਐਕਟਿਵ ਮੈਂਬਰ ਰਿਹਾ ਹੈ। ਪਰ ਹੁਣ ਉਹ ਇਸ ਦਲਦਲ ਵਿਚੋਂ ਬਾਹਰ ਨਿਕਲ ਕੇ ਇੱਕ ਚੰਗਾ ਇਨਸਾਨ ਬਣਨਾ ਚਾਹੁੰਦਾ ਸੀ ਅਤੇ ਆਪਣੀ ਜ਼ਿੰਦਗੀ ਨੂੰ ਬਦਲਣ ਲਈ ਵਿਦੇਸ਼ ਜਾ ਰਿਹਾ ਸੀ।

ਪੂਜਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕੇ ਮੈਨੂੰ ਰਾਤੀਂ ਸਾਢੇ 12 ਵਜੇ ਮੇਰੇ ਭਰਾ ਦੇ ਫੋਨ ਤੋਂ ਹੀ ਮੈਸੇਜ ਆਇਆ ਕਿ ਬੰਬੇ ਪੁਲਿਸ ਵਲੋਂ ਉਸਨੂੰ ਅਰੈਸਟ ਕਰ ਲਿਆ ਗਿਆ ਹੈ। ਉਸ ਤੋਂ ਬਾਅਦ ਉਸਦੀ ਇਕ ਵੀਡੀਓ ਆਈ ਕਿ 'ਸਿਸਟਰ ਮੇਰਾ ਫੇਕ ਇਨਕਾਊਂਟਰ ਨਾ ਕਰ ਦਿੱਤਾ ਜਾਵੇ' ਕਿਉਂਕਿ ਇਸ ਤੋਂ ਪਹਿਲਾਂ ਉਸਦੇ ਦੋ ਸਾਥੀ ਦੀਪ ਚੀਮਾ ਤੇ ਕਾਕਾ ਬੁੱਲੋਵਾਲੀਆ ਮਾਰੇ ਜਾ ਚੁੱਕੇ ਨੇ। ਸਾਨੂੰ ਇਹੀ ਡਰ ਹੈ, ਪੁਲਿਸ ਸਾਨੂੰ ਕੁਝ ਨਹੀਂ ਦੱਸ ਰਹੀ ਕਿ ਸਾਡਾ ਮੁੰਡਾ ਠੀਕ ਹੈ ਜਾਂ ਕਿੱਥੇ ਹੈ।"

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ