JALANDHAR WEATHER

ਨਗਰ ਕੌਂਸਲ ਚੋਣਾਂ: ਲਾਲੜੂ ਵਿਖੇ ਜਾਅਲੀ ਵੋਟਾਂ ਦੇ ਦੋਸ਼ਾਂ ਤੋਂ ਬਾਅਦ ਹੰਗਾਮਾ, ਪੁਲਿਸ ਨੇ ਸਖ਼ਤ ਮਸ਼ੱਕਤ ਨਾਲ ਸਥਿਤੀ ਸੰਭਾਲੀ

ਲਾਲੜੂ, 26 ਮਈ (ਰਾਜਬੀਰ ਸਿੰਘ): ਨਗਰ ਕੌਂਸਲ ਲਾਲੜੂ ਦੀਆਂ ਚੋਣਾਂ ਦੌਰਾਨ ਉਸ ਵੇਲੇ ਸਥਿਤੀ ਬੇਹੱਦ ਤਣਾਅਪੂਰਨ ਹੋ ਗਈ, ਜਦੋਂ ਸਰਕਾਰੀ ਸੀਨੀਅਰ ਸੈਕੈਂਡਰੀ ਸਮਾਰਟ ਸਕੂਲ ਲਾਲੜੂ ਵਿਖੇ ਵਾਰਡ ਨੰਬਰ 12 ਲਈ ਪੈ ਰਹੀਆਂ ਵੋਟਾਂ ਦੌਰਾਨ ਤਿੰਨ ਲੜਕੀਆਂ 'ਤੇ ਜਾਅਲੀ ਵੋਟਾਂ ਪਾਉਣ ਦੇ ਗੰਭੀਰ ਦੋਸ਼ ਲੱਗੇ। ਇਸ ਘਟਨਾ ਦੀ ਖ਼ਬਰ ਫੈਲਦਿਆਂ ਹੀ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਮੌਕੇ 'ਤੇ ਪਹੁੰਚ ਗਏ। ਇਸ ਦੌਰਾਨ ਕਾਂਗਰਸੀ ਆਗੂ ਦੀਪਇੰਦਰ ਸਿੰਘ ਢਿੱਲੋ, ਭਾਜਪਾ ਆਗੂ ਸੁਸ਼ੀਲ ਰਾਣਾ ਅਤੇ ਸਾਬਕਾ ਵਿਧਾਇਕ ਐਨ.ਕੇ. ਸ਼ਰਮਾ ਦੇ ਭਰਾ ਪਰਮਿੰਦਰ ਸ਼ਰਮਾ ਨੇ ਆਪਣੇ ਸਮਰਥਕਾਂ ਸਮੇਤ ਮੋਰਚਾ ਸੰਭਾਲ ਲਿਆ ਅਤੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ, ਜਿਸ ਕਾਰਨ ਮਾਹੌਲ ਇੱਕਦਮ ਗਰਮਾ ਗਿਆ।
ਘਟਨਾ ਦੀ ਸੂਚਨਾ ਮਿਲਦੇ ਹੀ ਐਸ.ਪੀ. ਬਿਕਰਮਜੀਤ ਸਿੰਘ ਬਰਾੜ ਭਾਰੀ ਪੁਲਿਸ ਫੋਰਸ ਸਮੇਤ ਮੌਕੇ 'ਤੇ ਪਹੁੰਚੇ। ਪ੍ਰਦਰਸ਼ਨਕਾਰੀਆਂ ਦੇ ਭਾਰੀ ਵਿਰੋਧ ਅਤੇ ਹੰਗਾਮੇ ਦੇ ਚੱਲਦਿਆਂ ਪੁਲਿਸ ਪ੍ਰਸ਼ਾਸਨ ਨੂੰ ਸਥਿਤੀ 'ਤੇ ਕਾਬੂ ਪਾਉਣ ਲਈ ਕਾਫੀ ਜੱਦੋਜਹਿਦ ਕਰਨੀ ਪਈ। ਪੁਲਿਸ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਮਾਹੌਲ ਨੂੰ ਸ਼ਾਂਤ ਕਰਵਾਇਆ ਅਤੇ ਦੋਸ਼ਾਂ ਦੇ ਘੇਰੇ ਵਿੱਚ ਆਈਆਂ ਲੜਕੀਆਂ ਨੂੰ ਅਗਲੇਰੀ ਜਾਂਚ ਅਤੇ ਪੁੱਛਗਿੱਛ ਲਈ ਆਪਣੇ ਨਾਲ ਲੈ ਗਈ। ਖ਼ਬਰ ਲਿਖੇ ਜਾਣ ਤੱਕ ਮੌਕੇ 'ਤੇ ਸਥਿਤੀ ਨਿਯੰਤਰਣ ਹੇਠ ਸੀ ਪਰ ਸਿਆਸੀ ਸਰਗਰਮੀਆਂ ਕਾਰਨ ਤਣਾਅ ਬਣਿਆ ਹੋਇਆ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ