ਚੱਲਦੀ ਬੱਸ 'ਚ ਬਜ਼ੁਰਗ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
ਜਗਰਾਉਂ, 16 ਮਈ (ਕੁਲਦੀਪ ਸਿੰਘ ਲੋਹਟ)- ਪਿੰਡ ਅਖਾੜਾ ਦੇ ਇਕ ਬਜ਼ੁਰਗ ਵਿਅਕਤੀ ਦੀ ਚੱਲਦੀ ਬੱਸ ਵਿਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮਿ੍ਤਕ ਦੀ ਪਛਾਣ ਨਛੱਤਰ ਸਿੰਘ ਪੁੱਤਰ ਸੁੰਦਰ ਸਿੰਘ (75 ) ਵਾਸੀ ਪਿੰਡ ਅਖਾੜਾ ਵਜੋਂ ਹੋਈ। ਇਸ ਅਚਾਨਕ ਹੋਈ ਘਟਨਾ ਨੇ ਨਾ ਸਿਰਫ਼ ਪਰਿਵਾਰ ਨੂੰ ਗਹਿਰੇ ਸਦਮੇ ਵਿਚ ਪਾ ਦਿੱਤਾ, ਸਗੋਂ ਪਿੰਡ ਅਤੇ ਕਿਸਾਨ ਭਾਈਚਾਰੇ ਵਿਚ ਵੀ ਸੋਗ ਦੀ ਲਹਿਰ ਦੌੜ ਗਈ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌੰਦਾ ਦੇ ਪ੍ਰਧਾਨ ਗੁਰਤੇਜ ਸਿੰਘ ਸਰਾਂ ਨੇ ਦੱਸਿਆ ਕਿ ਬੀਤੇ ਕੱਲ੍ਹ ਚੰਡੀਗੜ੍ਹ ਧਰਨੇ ਤੋਂ ਬਾਅਦ ਨਛੱਤਰ ਸਿੰਘ ਪੂਰੀ ਤਰਾਂ ਸਿਹਤਯਾਬ ਨਹੀ ਸੀ ਆਪਣੇ ਇਲਾਜ ਲਈ ਅਤੇ ਦਵਾਈ ਲੈਣ ਲਈ ਪਿੰਡ ਅਖਾੜਾ ਤੋਂ ਜਗਰਾਉਂ ਗਿਆ ਸੀ ਤੇ ਵਾਪਸੀ ਵੇਲੇ ਸਾਇੰਸ ਕਾਲਜ ਨੇੜੇ ਅਚਾਨਕ ਉਨ੍ਹਾਂ ਦੀ ਤਬੀਅਤ ਵਿਗੜ ਗਈ ਅਤੇ ਉਸਨੇ ਛਾਤੀ 'ਚ ਦਰਦ ਅਤੇ ਘਬਰਾਹਟ ਮਹਿਸੂਸ ਕੀਤੀ। ਉਨ੍ਹਾਂ ਦੱਸਿਆ ਕਿ ਪਿੰਡ ਅਖਾੜਾ ਦੇ ਅੱਡੇ 'ਤੇ ਉਤਾਰਨ ਤੋਂ ਬਾਅਦ ਮਿ੍ਤਕ ਨੂੰ ਜਗਰਾਉੰ ਦੇ ਨਿੱਜੀ ਹਸਪਤਾਲ ਵਿਚ ਲਿਜਾਇਆ ਗਿਆ ਜਿੱਥੇ ਡਾ.ਨੇ ਉਸਨੂੰ ਮ੍ਰਿਤਕ ਕਰਾਰ ਦਿੱਤਾ। ਮ੍ਰਿਤਕ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਨਾਲ ਜੁੜਿਆ ਹੋਇਆ ਸੀ ਅਤੇ ਜਥੇਬੰਦੀ ਦੇ ਇਕ ਸਰਗਰਮ ਵਰਕਰ ਵਜੋਂ ਆਪਣੀ ਪਛਾਣ ਰੱਖਦਾ ਸੀ। ਉਹ ਕਿਸਾਨਾਂ ਦੇ ਹੱਕਾਂ ਅਤੇ ਮੰਗਾਂ ਲਈ ਹੋਣ ਵਾਲੇ ਸੰਘਰਸ਼ਾਂ ਵਿੱਚ ਹਮੇਸ਼ਾ ਵੱਧ ਚੜ੍ਹ ਕੇ ਹਿੱਸਾ ਲੈਂਦਾ ਸੀ। ਜਾਣਕਾਰੀ ਮੁਤਾਬਕ ਉਹ ਬੀਤੇ ਕੱਲ੍ਹ ਹੀ ਚੰਡੀਗੜ੍ਹ ਵਿਖੇ ਲੱਗੇ ਕਿਸਾਨੀ ਧਰਨੇ ਵਿੱਚ ਸ਼ਾਮਲ ਹੋ ਕੇ ਵਾਪਸ ਆਇਆ ਸੀ । ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌੰਦਾ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਆਖਿਆ ਕਿ ਜਿੱਥੇ ਪਰਿਵਾਰ ਨੇ ਆਪਣਾ ਸਹਾਰਾ ਗੁਆ ਦਿੱਤਾ ਹੈ, ਉਥੇ ਕਿਸਾਨ ਜਥੇਬੰਦੀ ਨੂੰ ਆਪਣੇ ਇਕ ਸਮਰਪਿਤ ਸਾਥੀ ਦੇ ਤੁਰ ਜਾਨ ਦਾ ਡੂੰਘਾ ਅਫਸੋਸ ਹੈ।
;
;
;
;
;
;
;
;