ਟਰੱਕ ਦੀ ਟੱਕਰ ਨਾਲ ਮਨਾਲੀ ਤੋਂ ਦਿੱਲੀ ਜਾ ਰਹੀ ਬੱਸ ਪਲਟੀ, ਦੋ ਦਰਜਨ ਸਵਾਰੀਆਂ ਜ਼ਖ਼ਮੀ
ਜ਼ੀਰਕਪੁਰ, 15 ਮਈ, (ਹੈਪੀ ਪੰਡਵਾਲਾ)- ਅੱਜ ਇਥੇ ਜ਼ੀਰਕਪੁਰ-ਪਟਿਆਲਾ ਸੜਕ 'ਤੇ ਛੱਤ ਲਾਈਟ ਚੌਕ ਨੇੜੇ ਤੜਕੇ ਇਕ ਨਿੱਜੀ ਬੱਸ ਤੇ ਟਰੱਕ ਵਿਚਾਲੇ ਹੋਈ ਭਿਆਨਕ ਟੱਕਰ ਕਾਰਨ ਵੱਡਾ ਸੜਕ ਹਾਦਸਾ ਵਾਪਰ ਗਿਆ। ਮਨਾਲੀ ਤੋਂ ਸਵਾਰੀਆਂ ਲੈ ਕੇ ਦਿੱਲੀ ਜਾ ਰਹੀ ਇਹ ਤੇਜ਼ ਰਫ਼ਤਾਰ ਨਿੱਜੀ ਬੱਸ ਟੱਕਰ ਤੋਂ ਬਾਅਦ ਬੇਕਾਬੂ ਹੋ ਕੇ ਹਾਈਵੇਅ ਦੇ ਵਿਚਕਾਰ ਹੀ ਪਲਟ ਗਈ। ਹਾਦਸੇ 'ਚ 2 ਦਰਜਨ ਦੇ ਕਰੀਬ ਸਵਾਰੀਆਂ ਗੰਭੀਰ ਰੂਪ 'ਚ ਜ਼ਖ਼ਮੀ ਹੋਈਆਂ, ਜਦਕਿ ਬਾਕੀਆਂ ਨੂੰ ਵੀ ਮਾਮੂਲੀ ਸੱਟਾਂ ਵੱਜੀਆਂ ਹਨ।
ਜਾਣਕਾਰੀ ਮੁਤਾਬਕ ਹਾਦਸੇ ਦੇ ਸਮੇਂ ਬੱਸ ਵਿਚ ਕਰੀਬ 45 ਯਾਤਰੀ ਸਵਾਰ ਸਨ, ਜੋ ਤੜਕਸਾਰ ਨੀਂਦ 'ਚ ਸਨ। ਜਦੋਂ ਬੱਸ ਛੱਤ ਲਾਈਟ ਚੌਕ ਨੇੜੇ ਪਹੁੰਚੀ ਤਾਂ ਜ਼ੀਰਕਪੁਰ ਵਲੋਂ ਆ ਰਹੇ ਅਤੇ ਪਟਿਆਲਾ ਵੱਲ ਜਾ ਰਹੇ ਇਕ ਤੇਜ਼ ਰਫ਼ਤਾਰ ਟਰੱਕ ਨੇ ਬੱਸ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਬੱਸ ਚਾਲਕ ਗੱਡੀ ਤੋਂ ਸੰਤੁਲਨ ਗੁਆ ਬੈਠਾ ਅਤੇ ਬੱਸ ਸੜਕ ’ਤੇ ਹੀ ਪਲਟ ਗਈ। ਹਾਦਸਾ ਵਾਪਰਦਿਆਂ ਹੀ ਚੀਕ-ਚਿਹਾੜਾ ਪੈ ਗਿਆ, ਕਈ ਯਾਤਰੀ ਆਪਣੀਆਂ ਸੀਟਾਂ ਤੋਂ ਹੇਠਾਂ ਜਾ ਡਿੱਗੇ ਅਤੇ ਕੁਝ ਸਵਾਰੀਆਂ ਬੱਸ ਦੇ ਅੰਦਰ ਹੀ ਬੁਰੀ ਤਰ੍ਹਾਂ ਫਸ ਗਈਆਂ।
ਹਾਦਸੇ ਦੀ ਆਵਾਜ਼ ਸੁਣਦਿਆਂ ਹੀ ਸਥਾਨਕ ਲੋਕ ਅਤੇ ਹਾਈਵੇਅ ’ਤੇ ਤਾਇਨਾਤ 'ਸੜਕ ਸੁਰੱਖਿਆ ਫੋਰਸ' ਦੇ ਜਵਾਨ ਤੁਰੰਤ ਮੌਕੇ ’ਤੇ ਪਹੁੰਚੇ। ਉਨ੍ਹਾਂ ਨੇ ਸਾਂਝੇ ਤੌਰ ’ਤੇ ਰਾਹਤ ਕਾਰਜ ਸ਼ੁਰੂ ਕਰਦਿਆਂ ਬੱਸ ਦੇ ਸ਼ੀਸ਼ੇ ਤੋੜ ਕੇ ਅੰਦਰ ਫਸੇ ਲੋਕਾਂ ਨੂੰ ਬਾਹਰ ਕੱਢਿਆ। ਸਾਰੇ ਜ਼ਖ਼ਮੀਆਂ ਨੂੰ ਤੁਰੰਤ ਐਂਬੂਲੈਂਸਾਂ ਰਾਹੀਂ ਡੇਰਾਬੱਸੀ ਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ। ਉੱਥੇ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਕਈ ਯਾਤਰੀਆਂ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਉਨ੍ਹਾਂ ਨੂੰ ਚੰਡੀਗੜ੍ਹ ਦੇ ਸੈਕਟਰ-32 ਹਸਪਤਾਲ ਰੈਫਰ ਕਰ ਦਿੱਤਾ ਗਿਆ।
ਦੱਸਿਆ ਜਾ ਰਿਹਾ ਹੈ ਕਿ ਇਕ ਨੌਜਵਾਨ ਦੀ ਬਾਂਹ ਬੁਰੀ ਤਰ੍ਹਾਂ ਕੁਚਲੀ ਗਈ ਹੈ ਅਤੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇਸ ਹਾਦਸੇ ਕਾਰਨ ਪਲਟੀ ਹੋਈ ਬੱਸ ਲਗਭਗ ਦੋ ਘੰਟੇ ਤੱਕ ਸੜਕ ਦੇ ਵਿਚਕਾਰ ਹੀ ਪਈ ਰਹੀ ਜਿਸ ਕਾਰਨ ਹਾਈਵੇਅ ਦੇ ਦੋਵੇਂ ਪਾਸੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ ਅਤੇ ਸਵੇਰ ਵੇਲੇ ਦਫ਼ਤਰ ਜਾਣ ਵਾਲੇ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਬਾਅਦ ਵਿਚ ਜ਼ੀਰਕਪੁਰ ਪੁਲਿਸ ਨੇ ਹਾਈਡ੍ਰੌਲਿਕ ਕ੍ਰੇਨ ਦੀ ਮਦਦ ਨਾਲ ਬੱਸ ਤੇ ਟਰੱਕ ਨੂੰ ਸੜਕ ਤੋਂ ਹਟਾ ਕੇ ਆਵਾਜਾਈ ਨੂੰ ਮੁੜ ਚਾਲੂ ਕਰਵਾਇਆ। ਪੁਲਿਸ ਅਧਿਕਾਰੀਆਂ ਮੁਤਾਬਕ ਮਾਮਲਾ ਦਰਜ ਕਰਕੇ ਹਾਦਸੇ ਦੇ ਕਾਰਨਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
;
;
;
;
;
;
;
;
;