JALANDHAR WEATHER

ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਐਸ.ਜੀ.ਪੀ.ਸੀ. ਚੋਣਾਂ ਕਰਾਉਣ ਲਈ ਦਿੱਲੀ 'ਚ ਲਾਏਗਾ ਮੋਰਚਾ- ਗਿਆਨੀ ਹਰਪ੍ਰੀਤ ਸਿੰਘ

ਜਲੰਧਰ, 15 ਮਈ (ਜਸਪਾਲ ਜਲ)- ਅੱਜ ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਸਮੂਹ ਅਹੁਦੇਦਾਰਾਂ, ਵਰਕਿੰਗ ਕਮੇਟੀ ਮੈਂਬਰਾਂ ਅਤੇ ਜਿਲ੍ਹਾ ਪ੍ਰਧਾਨਾਂ ਦੀ ਇਕ ਸਾਂਝੀ ਮੀਟਿੰਗ ਵਿਕਟੋਰੀਆ ਗਾਰਡਨ ਜਲੰਧਰ ਵਿਚ ਗਿਆਨੀ ਹਰਪ੍ਰੀਤ ਸਿੰਘ ਹੁਰਾਂ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਪਾਰਟੀ ਗਤੀਵਿਧੀਆਂ ਦਾ ਲੇਖਾ ਜੋਖਾ ਕਰਕੇ ਦੋ ਦਸੰਬਰ ਦੇ ਹੁਕਮਨਾਮਿਆ ਦੀ ਰੌਸ਼ਨੀ ਵਿਚ ਪਾਰਟੀ ਨੂੰ ਮਜ਼ਬੂਤ ਕਰਨ ਲਈ ਕੁੱਝ ਫੈਸਲੇ ਲਏ ਗਏ। ਸਭ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਾਨੂੰਨ ਬਾਰੇ ਸ੍ਰੀ ਅਕਾਲ ਤਖਤ ਸਾਹਿਬ ਦੇ ਪੰਜਾਬ ਸਰਕਾਰ ਨਾਲ ਬਣੇ ਹੋਏ ਟਕਰਾਅ ਬਾਰੇ ਵਿਚਾਰ ਕੀਤੀ ਗਈ। ਸਾਰੇ ਆਗੂਆਂ ਦੀ ਸਹਿਮਤੀ ਸੀ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਆਪ ਪਰਦੇ ਪਿੱਛੇ ਰਹਿ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਟਕਰਾਅ ਵਿਚ ਪਾ ਰਹੇ ਹਨ। ਕਿਉਂਕਿ ਲੰਮਾ ਸਮਾਂ ਸਰਕਾਰ ਵਿਚ ਰਹਿਣ ਦੇ ਬਾਵਜੂਦ ਉਹ ਅਜਿਹਾ ਕਾਨੂੰਨ ਨਹੀਂ ਬਣਾ ਸਕੇ ਜਿਸ ਨਾਲ ਪੰਜਾਬ ਵਿੱਚ ਬੇਅਦਬੀਆਂ ਨੂੰ ਠੱਲ ਪਾਈ ਜਾ ਸਕੇ। ਹੁਣ ਜਦੋਂ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਇਹ ਕਾਨੂੰਨ ਬਣਾ ਦਿੱਤਾ ਹੈ ਤਾਂ ਇਸ ਵਿੱਚ ਰਹਿ ਗਈਆਂ ਤਰੁੱਟੀਆਂ ਨੂੰ ਦੂਰ ਕਰਾਉਣ ਲਈ ਖੁਦ ਕੋਈ ਲੜਾਈ ਲੜਨ ਦੀ ਬਜਾਏ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਅੱਗੇ ਕਰ ਰਹੇ ਹਨ।

ਜਿਸ ਨਾਲ ਇਹ ਮਹਾਨ ਸੰਸਥਾ ਸਰਕਾਰ ਨਾਲ ਸਿੱਧੇ ਟਕਰਾਅ ਵਿਚ ਆ ਗਈ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਮੀਟਿੰਗ ਨੂੰ ਸੰਬੋਧਨ ਹੁੰਦਿਆ ਕਿਹਾ ਕਿ ਹੁਣ ਜਦੋਂ ਪਾਣੀ ਸਿਰ ਤੋਂ ਲੰਘ ਚੁੱਕਿਆ ਹੈ ਤਾਂ ਕੌਮ ਦੇ ਸੂਝਵਾਨ ਅਤੇ ਸਮਰੱਥ ਲੋਕਾਂ ਨੂੰ ਅੱਗੇ ਆ ਕੇ ਇਸ ਮਸਲੇ ਦਾ ਹੱਲ ਕਰਾਉਣਾ ਚਾਹੀਦਾ ਹੈ, ਤਾਂ ਜੋ ਸਰਕਾਰ ਅਤੇ ਧਾਰਮਿਕ ਸੰਸਥਾ ਵਿਚ ਬਣੇ ਟਕਰਾਅ ਨੂੰ ਟਾਲਿਆ ਜਾ ਸਕੇ। ਉਹਨਾਂ ਕਿਹਾ ਕਿ ਇਸ ਸਾਰੇ ਮਾਮਲੇ ਵਿਚ ਸ਼੍ਰੋਮਣੀ ਕਮੇਟੀ ਦਾ ਬਿਲਕੁਲ ਚੁੱਪ ਹੋ ਜਾਣਾ ਸਾਬਤ ਕਰਦਾ ਹੈ ਕਿ ਵੇਲਾ ਵਿਹਾਅ ਚੁੱਕੇ ਗੁਲਾਮ ਮਾਨਸਿਕਤਾ ਵਾਲੇ ਪ੍ਰਬੰਧਕ, ਕੌਮ ਦੇ ਅਜਿਹੇ ਮਸਲਿਆਂ ਨੂੰ ਹੱਲ ਕਰਵਾਉਣ ਲਈ ਕੋਈ ਸੋਚ, ਦ੍ਰਿਸ਼ਟੀ ਅਤੇ ਜੁਅਰਤ ਨਹੀਂ ਰੱਖਦੇ। ਸ਼ਾਇਦ ਇਸੇ ਲਈ ਸਰਕਾਰਾਂ ਅਜਿਹੇ ਸਾਹਸੱਤਹੀਣ ਲੋਕਾਂ ਦਾ ਕਬਜਾ ਬਰਕਰਾਰ ਰੱਖਣ ਲਈ ਸ਼੍ਰੋਮਣੀ ਕਮੇਟੀ ਚੋਣਾ ਨਹੀਂ ਕਰਵਾ ਰਹੀਆਂ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਐਸ. ਜੀ. ਪੀ. ਸੀ. ਦੇ ਇਸ ਬੁੱਝਦਿਲ ਨਿਜਾਮ ਨੂੰ ਬਦਲਣ ਲਈ ਜਰਨਲ ਚੋਣਾਂ ਕਰਾਉਣ ਵਾਸਤੇ ਸਿੱਧੇ ਸੰਘਰਸ਼ ਦੀ ਸ਼ੁਰੂਆਤ ਕਰੇਗਾ। ਜਿਸ ਵਾਸਤੇ ਦਿੱਲੀ ਵਿਚ ਮੋਰਚਾ ਲਗਾਇਆ ਜਾਵੇਗਾ।

ਅੱਜ ਦੀ ਇਸ ਮੀਟਿੰਗ ਵਿਚ ਹਲਕਾਵਾਰ ਮੀਟਿੰਗਾਂ ਆਰੰਭ ਕਰਨ ਦਾ ਫੈਸਲਾ ਵੀ ਕੀਤਾ ਗਿਆ। ਜਿਸ ਦੀ ਸ਼ੁਰੂਆਤੀ ਤਰੀਕ ਦਾ ਐਲਾਨ ਜਲਦ ਹੀ ਕਰ ਦਿੱਤਾ ਜਾਵੇਗਾ। ਪਾਰਟੀ ਵਲੋਂ ਮੀਟਿੰਗ ਵਿਚ ਦੂਜੀਆਂ ਹਮਖਿਆਲ ਪਾਰਟੀਆਂ ਨਾਲ ਅਲਾਇੰਸ ਬਾਰੇ ਚੱਲ ਰਹੀ ਗੱਲਬਾਤ 'ਤੇ ਵੀ ਚਰਚਾ ਹੋਈ। ਇਸ ਬਾਰੇ ਸਾਰਥਿਕ ਫੈਸਲਾ ਕਰਕੇ ਇਸ ਨੂੰ ਜਲਦੀ ਨੇਪਰੇ ਚਾੜ੍ਹਿਆ ਜਾਵੇਗਾ। ਆ ਰਹੀਆਂ ਮਿਉਂਸੀਪਲ ਚੋਣਾਂ ਵਿਚ ਵੀ ਪਾਰਟੀ ਆਪਣੇ ਤੌਰ 'ਤੇ ਅਤੇ ਬਣਨ ਵਾਲੀਆਂ ਭਾਈਵਾਲ ਪਾਰਟੀਆਂ ਨਾਲ ਰਲ ਕੇ ਹਿੱਸਾ ਲਵੇਗੀ। ਜਿਸ ਲਈ ਸਾਰੇ ਆਗੂਆਂ ਨੂੰ ਆਪਣੇ ਹਲਕਿਆਂ ਵਿਚ ਸਰਗਰਮ ਹੋਣ ਲਈ ਹਿਦਾਇਤਾਂ ਦੇ ਦਿੱਤੀਆਂ ਗਈਆਂ ਹਨ।

ਮੀਟਿੰਗ ਵਿਚ ਪਾਰਟੀ ਨੂੰ ਨੌਜਵਾਨਾਂ ਸਮੇਤ ਸਾਰੇ ਵਰਗਾਂ ਵਿਚ ਸਰਗਰਮ ਕਰਨ ਲਈ ਰਹਿੰਦੇ ਵਿੰਗ ਬਣਾਉਣ ਬਾਰੇ ਵੀ ਵਿਸਥਾਰਪੂਰਵਕ ਚਰਚਾ ਹੋਈ ਜਿਸ ਉੱਤੇ ਜਲਦ ਹੀ ਅਮਲ ਕਰਕੇ ਸਾਰੇ ਵਿੰਗ ਐਲਾਨ ਦਿੱਤੇ ਜਾਣਗੇ। ਅੱਜ ਦੀ ਇਸ ਮੀਟਿੰਗ ਵਿਚ ਸਾਰਿਆਂ ਦੀ ਸਹਿਮਤੀ ਨਾਲ ਫੈਸਲਾ ਲੈਂਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਪਾਰਟੀ ਦੇ ਸੀਨੀਅਰ ਆਗੂ ਸੁਰਜੀਤ ਸਿੰਘ ਰੱਖੜਾ ਨੂੰ, ਜੋ ਕਿ ਪਾਰਟੀ ਦੀ ਕੋਰ ਕਮੇਟੀ ਅਤੇ ਰਾਜਨੀਤਿਕ ਮਾਮਲਿਆਂ ਬਾਰੇ ਕਮੇਟੀ ਦੇ ਮੈਂਬਰ ਵੀ ਹਨ, ਪਾਰਟੀ ਵਿਰੋਧੀ ਗਤੀਵਿਧੀਆ ਕਾਰਨ ਖਾਰਿਜ ਕਰ ਦਿੱਤਾ। ਅੱਜ ਦੀ ਇਸ ਮੀਟਿੰਗ ਵਿੱਚ ਪਾਰਟੀ ਦੇ ਸੀਨੀਅਰ ਆਗੂ ਸ ਗੁਰਪ੍ਰਤਾਪ ਸਿੰਘ ਵਡਾਲਾ, ਸਰਵਣ ਸਿੰਘ ਫਿਲੌਰ, ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ, ਗੋਬਿੰਦ ਸਿੰਘ ਲੌਂਗੋਵਾਲ, ਸੰਤਾ ਸਿੰਘ ਉਮੈਦਪੁਰੀ, ਇਕਬਾਲ ਸਿੰਘ ਝੂੰਦਾਂ, ਸੁੱਚਾ ਸਿੰਘ ਛੋਟੇਪੁਰ, ਬੀਬੀ ਜਗੀਰ ਕੌਰ, ਮਾਸਟਰ ਮਿੱਠੂ ਸਿੰਘ ਕਾਹਨੇਕੇ, ਭਰਪੂਰ ਸਿੰਘ ਧਾਂਦਰਾ, ਅਮਰੀਕ ਸਿੰਘ ਸ਼ਾਹਪੁਰ, ਸੁਖਵਿੰਦਰ ਸਿੰਘ ਔਲਖ, ਤੇਜਾ ਸਿੰਘ, ਮਨਜੀਤ ਸਿੰਘ ਬੱਪੀਆਣਾ, ਕਰਨ ਸਿੰਘ ਡੀਟੀਓ, ਮਾਸਟਰ ਚਰਨਜੀਤ ਸਿੰਘ ਖਾਲਸਪੁਰ, ਤਜਿੰਦਰ ਸਿੰਘ ਪੰਨੂ,ਜਰਨੈਲ ਸਿੰਘ ਗੜਦੀਵਾਲਾ, ਜਸਬੀਰ ਸਿੰਘ ਘੁੰਮਣ, ਗੁਰਜੀਤ ਸਿੰਘ ਤਲਵੰਡੀ, ਹਰਿੰਦਰਪਾਲ ਸਿੰਘ ਚੰਦੂਮਾਜਰਾ, ਕਰਨੈਲ ਸਿੰਘ ਪੀਰ ਮਹੁੰਮਦ, ਭਾਈ ਮਨਜੀਤ ਸਿੰਘ, ਬੀਬੀ ਪਰਮਜੀਤ ਕੌਰ ਗੁਲਸ਼ਨ, ਬੀਬੀ ਹਰਜੀਤ ਕੌਰ ਤਲਵੰਡੀ, ਹਰਬੰਸ ਸਿੰਘ ਕੰਧੌਲਾ, ਸੁਖਵਿੰਦਰ ਸਿੰਘ ਮੁੰਡੀਆ, ਹਰਜਿੰਦਰ ਸਿੰਘ ਕੁੱਲਗਰਾਂ, ਹਰਪ੍ਰੀਤ ਸਿੰਘ ਬੰਨੀ ਜੌਲੀ ਦਿੱਲੀ, ਬਾਬਾ ਹਰਦੀਪ ਸਿੰਘ, ਸੁਖਵੰਤ ਸਿੰਘ ਪੰਜਲੈਂਡ, ਸੁਖਦੇਵ ਸਿੰਘ ਫਗਵਾੜਾ, ਜਸਵੰਤ ਸਿੰਘ ਪੁੜੈਣ, ਕੁਲਵਿੰਦਰ ਸਿੰਘ ਲਵਲੀ, ਹਰਮਿੰਦਰ ਸਿੰਘ ਗੱਗੜਪੁਰ, ਮਾਨ ਸਿੰਘ ਰਾਠੌੜ ਬਠਿੰਡਾ, ਗੁਰਲਾਲ ਸਿੰਘ ਦੋਬਲੀਆਂ, ਜਗਜੀਤ ਸਿੰਘ, ਹਰਦੀਪ ਸਿੰਘ ਸਾਗਰਾ, ਸੁਖਵਿੰਦਰ ਸਿੰਘ ਬਹਿਰਾਮ, ਜੰਗੀਰ ਸਿੰਘ ਖਾਰਾ, ਹਰਦੀਪ ਸਿੰਘ ਡਰੋਲੀ, ਪੁਸ਼ਪਿੰਦਰ ਸਿੰਘ ਲਾਲੀ, ਸੂਬਾ ਸਿੰਘ ਗਲੋਲੀ, ਜਗਰੂਪ ਸਿੰਘ ਚੀਮਾਂ, ਸ ਰਾਜਵਿੰਦਰ ਸਿੰਘ ਹਿੱਸੋਵਾਲ, ਗਗਨਦੀਪ ਸਿੰਘ ਰਿਆੜ, ਗੁਰਸ਼ਰਨ ਸਿੰਘ ਗਿੱਲ, ਅਵਨਿੰਦਰ ਸਿੰਘ ਮਿੰਟੂ, ਰਣਧੀਰ ਸਿੰਘ ਰੱਖੜਾ, ਰਾਮਪਾਲ ਸਿੰਘ ਬਹਿਣੀਵਾਲ, ਮਨਜੀਤ ਸਿੰਘ ਦਸੂਹਾ, ਮਨਦੀਪ ਸਿੰਘ ਗੁਰਦਾਸਪੁਰ, ਗੁਰਮੀਤ ਸਿੰਘ ਮਕੜੌਨਾ ਆਦਿ ਸ਼ਾਮਲ ਹੋਏ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ