JALANDHAR WEATHER

ਪਿੰਡ ਭੋਮਾ ‘ਚ ਦੋ ਨੌਜਵਾਨਾਂ ਨੂੰ ਗੋਲੀਆਂ ਮਾਰ ਕੇ ਕਤਲ ਕਰਨ ਵਾਲੇ ਗੈਂਗਸਟਰ ਭਾਰਤ ਭੂਟਾਨ ਸਰਹੱਦ ਤੋਂ ਕਾਬੂ

ਘੁਮਾਣ, 13 ਮਈ (ਬੰਮਰਾਹ)- ਜ਼ਿਲ੍ਹਾ ਗੁਰਦਾਸਪੁਰ ਦੇ ਥਾਣਾ ਘੁਮਾਣ ਅਧੀਨ ਆਉਂਦੇ ਪਿੰਡ ਭੋਮਾ ਵਿਖੇ ਬੀਤੀ 27 ਅਪ੍ਰੈਲ ਨੂੰ ਕੁਝ ਅਣਪਛਾਤੇ ਵਿਅਕਤੀਆਂ ਵਲੋਂ ਤਿੰਨ ਨੌਜਵਾਨਾਂ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ ਸਨ। ਜਿਸ ਵਿਚ ਕਸ਼ਮੀਰ ਸਿੰਘ ਪੁੱਤਰ ਵੱਸਣ ਸਿੰਘ ਅਤੇ ਜੁਗਰਾਜ ਸਿੰਘ (20) ਪੁੱਤਰ ਸਾਬੀ ਪਿੰਡ ਭੋਮਾ ਦੀ ਗੋਲੀਆਂ ਲੱਗਣ ਕਾਰਨ ਮੌਕੇ 'ਤੇ ਹੀ ਮੌਤ ਹੋ ਗਈ ਸੀ। ਇਸ ਦੌਰਾਨ ਤੀਸਰਾ ਨੌਜਵਾਨ ਜੁਗਰਾਜ ਸਿੰਘ ਪੁੱਤਰ ਵੀਰੂ ਸਿੰਘ ਦੇ ਗੋਲੀਆਂ ਲੱਗਣ ਨਾਲ ਗੰਭੀਰ ਜਖ਼ਮੀ ਹੋ ਗਿਆ ਸੀ।

ਘੁਮਾਣ ਪੁਲਿਸ ਵਲੋਂ ਅਣਪਛਾਤੇ ਵਿਅਕਤੀਆਂ ਖਿਲਾਫ ਵੱਖ-ਵੱਖ ਧਰਾਵਾਂ ਤਹਿਤ ਮੁਕਦਮਾ ਦਰਜ ਕਰ ਦਿੱਤਾ ਗਿਆ ਸੀ ਅਤੇ ਵੱਖ-ਵੱਖ ਪੁਲਿਸ ਪਾਰਟੀਆਂ ਬਣਾ ਕੇ ਗੋਲੀਆਂ ਚਲਾਉਣ ਵਾਲੇ ਵਿਅਕਤੀਆਂ ਨੂੰ ਕਾਬੂ ਕਰਨ ਲਈ ਵੱਖ-ਵੱਖ ਥਾਵਾਂ ਦੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾ ਰਹੇ ਸਨ। ਇਸ ਗੋਲੀਕਾਂਡ ਦੇ ਦੋਸ਼ੀਆਂ ਨੂੰ ਫੜਨ ਲਈ ਐਂਟੀ ਗੈਂਗਸਟਰ ਟਾਸਕ ਫੋਰਸ, ਵਲੋਂ ਵੱਡੀ ਸਫਲਤਾ ਹਾਸਿਲ ਕਰਦੇ ਹੋਏ ਉਹ ਐਫ.ਟੀ. ਈ. ਸੀ. ਪੰਜਾਬ , ਬਟਾਲਾ ਪੁਲਿਸ ਅਤੇ ਕੇਂਦਰੀ ਏਜੰਸੀਆਂ ਨਾਲ ਮਿਲ ਕੇ ਪੱਛਮੀ ਬੰਗਾਲ ਵਿਚ ਭਾਰਤ ਭੂਟਾਨ ਸਰਹੱਦ ਤੋਂ ਵਿਦੇਸ਼ ਅਧਾਰਤ ਗੈਂਗਸਟਰ ਦੇ ਤਿੰਨ ਮੁੱਖ ਸਾਥੀਆਂ ਨੂੰ ਉਸ ਵੇਲੇ ਗ੍ਰਿਫਤਾਰ ਕਰ ਲਿਆ ਗਿਆ। ਜਦੋਂ ਉਹ ਭੂਟਾਨ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ। ਥਾਣਾ ਘੁਮਾਣ ਦੇ ਐਸ.ਐਚ.ਓ. ਹਰਜਿੰਦਰ ਸਿੰਘ ਦਿਓਲ ਨੇ ਦੱਸਿਆ ਕਿ ਪੰਜਾਬ ਪੁਲਿਸ ਦੀ ਮੁਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਦੋਸ਼ੀ ਵਿਦੇਸ਼ ਵਿਚ ਬੈਠ ਭਗੋੜੇ ਹੈਂਡਲਰ ਦੇ ਨਿਰਦੇਸ਼ਾਂ ਤੇ ਕੰਮ ਕਰ ਰਹੇ ਸਨ ਅਤੇ ਉਸ ਦੇ ਹੁਕਮਾਂ ਤੇ ਹੀ ਯੋਜਨਾ ਬੰਦ ਢੰਗ ਨਾਲ ਇਸ ਦੋਹਰੇ ਕਤਲ ਦੀ ਘਟਨਾ ਨੂੰ ਅੰਜਾਮ ਦਿੱਤਾ ਹੈ।

ਉਹਨਾਂ ਕਿਹਾ ਕਿ ਮਾਣਯੋਗ ਐਸ. ਐਸ. ਪੀ. ਡਾਕਟਰ ਮਹਿਤਾਬ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਐਸ. ਪੀ. ਡੀ. ਸੰਦੀਪ ਵਡੇਰਾ ਦੀ ਅਗਵਾਈ ਵਿਚ ਥਾਣਾ ਘੁਮਾਣ ਦੀ ਪੁਲਿਸ ਪਾਰਟੀ ਅਤੇ ਏ. ਜੀ. ਟੀ. ਐਫ. ਦੀ ਟੀਮ ਪੱਛਮੀ ਬੰਗਾਲ ਪੁੱਜੀ ਹੈ। ਉਹਨਾਂ ਕਿਹਾ ਕਿ ਕਾਬੂ ਕੀਤੇ ਗਏ ਤਿੰਨੇ ਦੋਸ਼ੀਆਂ ਨੂੰ ਅੱਜ 14 ਮਈ ਨੂੰ ਹਵਾਈ ਜਹਾਜ਼ ਰਾਹੀਂ ਬਟਾਲਾ ਲਿਆਂਦਾ ਜਾਵੇਗਾ।

ਉਹਨਾਂ ਕਿਹਾ ਕਿ ਬਟਾਲਾ ਲਿਆਉਣ ਤੋਂ ਬਾਅਦ ਇਹਨਾਂ ਤੋਂ ਪੁਸ਼ਕਿਸ਼ ਕੀਤੀ ਜਾਵੇਗੀ ਤਾਂ ਜੋ ਇਸ ਦੋਹਰੇ ਕਤਲ ਦੀ ਸੱਚਾਈ ਸਾਹਮਣੇ ਆ ਸਕੇ । ਉਹਨਾਂ ਕਿਹਾ ਕਿ ਇਸ ਕਤਲ ਕੇਸ ਵਿਚ ਪਹਿਲਾਂ ਗੁਰਜੰਟ ਸਿੰਘ ਅਤੇ ਕਰਨਬੀਰ ਸਿੰਘ ਨੂੰ ਦੋਸ਼ੀਆਂ ਨੂੰ ਪਨਾਹ ਦੇਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਸੀ। ਜਿਸ ਤੋਂ ਬਾਅਦ ਪੱਛਮੀ ਬੰਗਾਲ ਤੋਂ ਕਾਬੂ ਕੀਤੇ ਗਏ ਦੋਸ਼ੀਆਂ ਵਿਚ ਜਤਿਨ ਸਿੰਘ ਕੱਥੂਨੰਗਲ, ਸਾਜਨਦੀਪ ਸਿੰਘ ਖਡੂਰ ਸਾਹਿਬ ਅਤੇ ਮਹਿਕਦੀਪ ਸਿੰਘ ਅੰਮ੍ਰਿਤਸਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ