ਹਲਕਾ ਸੁਲਤਾਨਪੁਰ ਲੋਧੀ ਦੇ ਪਿੰਡਾਂ ਅੱਲੂਵਾਲ,ਲੋਧੀ ਵਾਲ ਤੇ ਵੱਟਿਆਂ ਵਾਲੀ ਵਿਚ ਗੜੇਮਾਰੀ, ਫ਼ਸਲਾਂ ਦਾ ਨੁਕਸਾਨ
ਸੁਲਤਾਨਪੁਰ ਲੋਧੀ , 8 ਅਪ੍ਰੈਲ (ਥਿੰਦ) - ਸ਼ਾਮ 5 ਵਜੇ ਦੇ ਕਰੀਬ ਹਲਕਾ ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਵੱਲ ਪੈਂਦੇ ਪਿੰਡਾਂ ਅੱਲੂਵਾਲ ,ਲੋਧੀ ਵਾਲ, ਵੱਟਿਆਂਵਾਲੀ,ਮੰਡ ਅੱਲੂਵਾਲ,ਮੰਡੀ ਕਬੀਰਪੁਰ, ਡੇਰੇ ਗੱਟੀ ਵਿਚ ਹੋਈ ਗੜੇਮਾਰੀ ਨੇ ਕਣਕ ਸਮੇਤ ਹਰੇ ਚਾਰੇ , ਸ਼ਿਮਲਾ ਮਿਰਚ ਨੂੰ ਕਾਫੀ ਨੁਕਸਾਨ ਪਹੁੰਚਾਇਆ ਹੈ। ਪਿੰਡ ਅੱਲੂਵਾਲ ਦੇ ਕਿਸਾਨਾਂ ਹਰਵਿੰਦਰ ਸਿੰਘ ਅੱਲੂਵਾਲ,ਸਾਬ ਸਿੰਘ, ਇੰਦਰਜੀਤ ਸਿੰਘ, ਪ੍ਰਤਾਪ ਸਿੰਘ, ਅਵਤਾਰ ਸਿੰਘ ਆਦਿ ਨੇ ਦੱਸਿਆ ਕਿ ਬੀਤੇ ਕਈ ਦਿਨਾਂ ਤੋਂ ਹੋ ਰਹੀ ਬੇਮੌਸਮੀ ਬਾਰਿਸ਼ ਨੇ ਪਹਿਲਾਂ ਹੀ ਕਣਕ ਦੀ ਫ਼ਸਲ ਦਾ ਵੱਡਾ ਨੁਕਸਾਨ ਕੀਤਾ ਸੀ ਪਰ ਅੱਜ ਹੋਈ ਗੜੇਮਾਰੀ ਨੇ ਭਾਰੀ ਨੁਕਸਾਨ ਕਰ ਦਿੱਤਾ ਹੈ। ਉਨ੍ਹਾਂ ਨੇ ਦੱਸਿਆ ਕਿ ਕਣਕ ਦੀ ਕਟਾਈ ਦਾ ਕੰਮ 5-6 ਦਿਨਾਂ ਤੱਕ ਸ਼ੁਰੂ ਹੋ ਜਾਣਾ ਸੀ ਪਰ ਹੁਣ ਇਹ ਪੱਛੜ ਜਾਵੇਗਾ। ਉਨ੍ਹਾਂ ਦੱਸਿਆ ਕਿ ਅੱਲੂਵਾਲ ਦੇ ਕਿਸਾਨਾਂ ਦਾ ਪਹਿਲਾਂ ਹੜ੍ਹਾਂ ਸਮੇਂ ਝੋਨੇ ਦੀ ਫ਼ਸਲ ਦਾ ਵੱਡਾ ਨੁਕਸਾਨ ਹੋਇਆ ਸੀ। ਸਰਕਾਰ ਵਲੋਂ ਨੁਕਸਾਨੇ ਗਏ ਝੋਨੇ ਦੀ ਫ਼ਸਲ ਦਾ ਮੁਆਵਜ਼ਾ ਦੇਣ ਸਮੇਂ ਸਾਡੇ ਪਿੰਡ ਨੂੰ ਅਣਗੌਲਿਆਂ ਰੱਖਿਆ ਗਿਆ। ਅਸੀਂ ਵਾਰ-ਵਾਰ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਸਿਆਸੀ ਆਗੂਆਂ ਨੂੰ ਵੀ ਜਾਣੂ ਕਰਵਾਇਆ ਪਰ ਕਿਸੇ ਨੇ ਵੀ ਬਾਂਹ ਨਹੀਂ ਫੜੀ। ਉਨ੍ਹਾਂ ਦੱਸਿਆ ਕਿ ਹੁਣ ਗੜੇਮਾਰੀ ਨਾਲ ਉਨ੍ਹਾਂ ਨੂੰ ਹੋਰ ਮਾਰ ਵੱਜ ਗਈ ਹੈ।ਇਸ ਮੌਕੇ ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਇਨ੍ਹਾਂ ਪਿੰਡਾਂ ਦੀ ਸਪੈਸ਼ਲ ਗਿਰਦਾਵਰੀ ਕਰਵਾਈ ਜਾਵੇ ਤਾਂ ਜੋ ਉਨ੍ਹਾਂ ਦੇ ਨੁਕਸਾਨ ਦੀ ਪੂਰਤੀ ਹੋ ਸਕੇ।
;
;
;
;
;
;
;
;