JALANDHAR WEATHER

08-04-26

 ਪੰਜ ਸੂਬਿਆਂ ਦੀਆਂ ਚੋਣਾਂ

ਅਜੀਤ ਮੈਗਜ਼ੀਨ ਦੇ ਪਹਿਲੇ ਪੰਨੇ 'ਤੇ ਸ੍ਰੀ ਸਤਨਾਮ ਸਿੰਘ ਮਾਣਕ ਦਾ ਲੇਖ ਪੜ੍ਹਿਆ, ਜਿਸ 'ਚ ਵਿਧਾਨ ਸਭਾ ਚੋਣਾਂ ਵਾਲੇ ਸੂਬਿਆਂ ਦੀ ਤਾਜ਼ਾ ਸਿਆਸੀ ਸਥਿਤੀ ਬਾਰੇ ਜਾਣਕਾਰੀ ਦਿੱਤੀ ਗਈ ਹੈ। ਪੱਛਮੀ ਬੰਗਾਲ 'ਚ ਪਿਛਲੇ 15 ਸਾਲਾਂ ਤੋਂ ਮਮਤਾ ਬੈਨਰਜੀ ਦੀ ਅਗਵਾਈ ਵਾਲੀ ਤ੍ਰਿਣਮੂਲ ਕਾਂਗਰਸ ਸੱਤਾ 'ਚ ਹੈ, ਪਰ ਇਸ ਵਾਰ ਬਾਗੀ ਹੋਏ ਮੁਸਲਿਮ ਆਗੂ ਹਨੂੰਮਾਨ ਕਬੀਰ ਦੀ ਪਾਰਟੀ (ਏ ਜੇ ਯੂ) 150 ਤੋਂ ਵੱਧ ਸੀਟਾਂ ਤੇ ਚੋਣਾਂ ਲੜ ਰਹੀ ਹੈ। ਜੇਕਰ ਉਹ ਮੁਸਲਿਮ ਭਾਈਚਾਰੇ ਦੀਆਂ ਵੋਟਾਂ ਵੰਡਣ ਵਿਚ ਕਾਮਯਾਬ ਹੋ ਗਿਆ ਤਾਂ ਮਮਤਾ ਦੀ ਪਾਰਟੀ ਦਾ ਭਾਰੀ ਨੁਕਸਾਨ ਹੋ ਸਕਦਾ ਹੈ।
ਵੈਸੇ ਵੀ ਉਹ ਚੋਣ ਕਮਿਸ਼ਨ ਤੇ ਭਾਜਪਾ 'ਤੇ ਮਿਲੀਭੁਗਤ ਨਾਲ ਵੋਟਰ ਸੂਚੀਆਂ 'ਚੋਂ ਘੱਟਗਿਣਤੀ ਭਾਈਚਾਰੇ ਦੇ ਲੋਕਾਂ ਦੀਆਂ ਵੋਟਾਂ ਕੱਟਣ ਦੇ ਦੋਸ਼ ਲਗਾ ਰਹੀ ਹੈ। ਤਾਮਿਲਨਾਡੂ ,ਪੁਡੂਚੇਰੀ ,ਅਸਾਮ ਤੇ ਕੇਰਲ ਵਿਚ ਵੀ ਵੋਟਾਂ ਪੈ ਰਹੀਆਂ ਹਨ ਅਤੇ ਅਸਾਮ 'ਚ ਸੱਤਾਧਾਰੀ ਭਾਜਪਾ ਨੂੰ ਪੂਰਾ ਭਰੋਸਾ ਹੈ ਕਿ ਉਹ ਹੋਰ ਸੂਬਿਆਂ ਵਿਚ ਵੀ ਵਧੀਆ ਪ੍ਰਦਰਸ਼ਨ ਕਰੇਗੀ। ਵੈਸੇ ਵੀ ਬਿਹਾਰ ਚੋਣਾਂ ਵੱਡੇ ਬਹੁਮਤ ਨਾਲ ਜਿੱਤਣ ਬਾਅਦ ਭਾਜਪਾ ਦਾ ਆਤਮਵਿਸ਼ਵਾਸ ਬਹੁਤ ਵਧਿਆ ਹੋਇਆ ਹੈ। ਬਿਨਾਂ ਸ਼ੱਕ ਵਿਧਾਨ ਸਭਾ ਦੀਆਂ ਇਹ ਚੋਣਾਂ ਖੇਤਰੀ ਰਾਜਨੀਤੀ ਦੇ ਨਾਲ-ਨਾਲ ਦੇਸ਼ ਦੀ ਕੌਮੀ ਰਾਜਨੀਤੀ ਨੂੰ ਵੀ ਪ੍ਰਭਾਵਿਤ ਕਰਨਗੀਆਂ। ਐਤਕੀਂ ਸੱਤਾਧਾਰੀ ਪਾਰਟੀਆਂ ਦਾ ਸਭ ਕੁਝ ਦਾਅ 'ਤੇ ਲੱਗਾ ਹੋਇਆ ਹੈ। ਇਹ ਤਾਂ ਹੁਣ ਵੋਟਾਂ ਬਾਅਦ ਚੋਣ ਨਤੀਜੇ ਹੀ ਦੱਸਣਗੇ ਕਿ ਵੋਟਰਾਂ ਆਪਣਾ ਸਮਰਥਨ ਕਿਸ ਪਾਰਟੀ ਨੂੰ ਦਿੱਤਾ ਹੈ ।

ਸੰਜੀਵ ਸਿੰਘ ਸੈਣੀ ਮੁਹਾਲੀ

ਪੰਜਾਬ ਵਿਚ ਸਿੱਖਿਆ ਦੇ ਮੁੱਖ ਮੁੱਦੇ

ਪੰਜਾਬ ਦੀ ਸਿੱਖਿਆ ਪ੍ਰਣਾਲੀ ਨੇ ਕਈ ਤਰੱਕੀਆਂ ਕੀਤੀਆਂ ਹਨ, ਪਰ ਅੱਜ ਵੀ ਕਈ ਗੰਭੀਰ ਮੁੱਦੇ ਸਾਹਮਣੇ ਆ ਰਹੇ ਹਨ। ਇਹ ਮੁੱਦੇ ਨਾ ਸਿਰਫ਼ ਵਿਦਿਆਰਥੀਆਂ ਦੇ ਭਵਿੱਖ ਨੂੰ ਪ੍ਰਭਾਵਿਤ ਕਰਦੇ ਹਨ, ਸਗੋਂ ਸਮਾਜ ਦੇ ਵਿਕਾਸ ਨੂੰ ਵੀ ਰੋਕਦੇ ਹਨ। ਸਭ ਤੋਂ ਪਹਿਲਾਂ ਮੁੱਦਾ ਹੈ ਸਿੱਖਿਆ ਦੀ ਗੁਣਵੱਤਾ। ਕਈ ਸਰਕਾਰੀ ਸਕੂਲਾਂ ਵਿਚ ਅਧਿਆਪਕਾਂ ਦੀ ਘਾਟ ਹੈ ਅਤੇ ਜਿਹੜੇ ਹਨ ਵੀ, ਉਨ੍ਹਾਂ 'ਤੇ ਕੰਮ ਦਾ ਬੋਝ ਜ਼ਿਆਦਾ ਹੁੰਦਾ ਹੈ। ਇਸ ਕਰਕੇ ਪੜ੍ਹਾਈ ਦੀ ਗੁਣਵੱਤਾ ਘਟ ਜਾਂਦੀ ਹੈ ਅਤੇ ਵਿਦਿਆਰਥੀ ਪੂਰੀ ਤਰ੍ਹਾਂ ਵਿਸ਼ਿਆਂ ਨੂੰ ਸਮਝ ਨਹੀਂ ਸਕਦੇ।
ਦੂਜਾ ਵੱਡਾ ਮੁੱਦਾ ਹੈ ਸੁਵਿਧਾਵਾਂ ਦੀ ਕਮੀ। ਕਈ ਪਿੰਡਾਂ ਦੇ ਸਕੂਲਾਂ ਵਿਚ ਠੀਕ ਕਲਾਸਰੂਮ, ਲੈਬ, ਲਾਇਬ੍ਰੇਰੀ ਅਤੇ ਟੈਕਨੋਲੋਜੀ ਦੀ ਕਮੀ ਹੈ। ਡਿਜੀਟਲ ਯੁੱਗ ਵਿਚ ਵੀ ਕਈ ਸਕੂਲਾਂ ਵਿਚ ਇੰਟਰਨੈੱਟ ਅਤੇ ਕੰਪਿਊਟਰ ਦੀ ਸੁਵਿਧਾ ਨਹੀਂ ਹੈ, ਜਿਸ ਨਾਲ ਵਿਦਿਆਰਥੀ ਪਿੱਛੇ ਹਨ। ਤੀਜਾ ਮੁੱਦਾ ਹੈ ਨੌਕਰੀਆਂ ਨਾਲ ਸਿੱਖਿਆ ਦਾ ਨਾ ਜੁੜਨਾ।
ਕਈ ਵਿਦਿਆਰਥੀ ਡਿਗਰੀਆਂ ਤਾਂ ਹਾਸਿਲ ਕਰ ਲੈਂਦੇ ਹਨ, ਪਰ ਉਨ੍ਹਾਂ ਨੂੰ ਰੁਜ਼ਗਾਰ ਨਹੀਂ ਮਿਲਦਾ। ਇਸ ਦਾ ਕਾਰਨ ਹੈ ਕਿ ਸਿੱਖਿਆ ਪ੍ਰਣਾਲੀ ਵਿਚ ਪ੍ਰੈਕਟੀਕਲ ਗਿਆਨ ਅਤੇ ਸਕਿੱਲ ਡਿਵੈਲਪਮੈਂਟ 'ਤੇ ਘੱਟ ਧਿਆਨ ਦਿੱਤਾ ਜਾਂਦਾ ਹੈ।

-ਡਾ. ਬਲਜਿੰਦਰ ਕੁਮਾਰ ਕੰਬੋਜ।

ਉਹ ਜਦੋਂ ਖ਼ੁਦ ਨੂੰ ਪਛਾਣ ਲੈਂਦੀ ਹੈ

ਇਸ ਧਰਤੀ 'ਤੇ ਜੰਮੀ ਹਰ ਇਕ ਕੁੜੀ ਆਪਣੇ ਅੰਦਰ ਇਕ ਅਣਮੋਲ ਕਹਾਣੀ ਲੈ ਕੇ ਆਉਂਦੀ ਹੈ। ਉਹ ਸਿਰਫ਼ ਕਿਸੇ ਦੀ ਧੀ, ਭੈਣ ਜਾਂ ਦੋਸਤ ਹੀ ਨਹੀਂ ਹੁੰਦੀ, ਉਹ ਆਪਣੀ ਪਛਾਣ ਬਣਾਉਣ ਵਾਲੀ ਇਕ ਤਾਕਤ ਵੀ ਹੁੰਦੀ ਹੈ। ਸਮਾਜ ਨੇ ਕਈ ਵਾਰ ਉਸ ਦੇ ਰਸਤੇ ਰੋਕੇ, ਉਸ ਦੇ ਸੁਪਨਿਆਂ ਨੂੰ ਛੋਟਾ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਹਰ ਵਾਰੀ ਆਪਣੀ ਹਿੰਮਤ ਨਾਲ ਖੜ੍ਹੀ ਹੋਈ ਹੈ। ਕੁੜੀ ਹੋਣਾ ਕਦੇ ਵੀ ਕਮਜ਼ੋਰੀ ਨਹੀਂ ਹੁੰਦੀ। ਉਹ ਘਰ ਦੀ ਰੌਣਕ ਵੀ ਹੈ ਤੇ ਸਮਾਜ ਦੀ ਰੀੜ੍ਹ ਦੀ ਹੱਡੀ ਵੀ। ਜਦੋਂ ਉਹ ਪੜ੍ਹਦੀ ਹੈ, ਤਾਂ ਸਿਰਫ਼ ਆਪਣੇ ਲਈ ਨਹੀਂ, ਸਗੋਂ ਪੂਰੇ ਪਰਿਵਾਰ ਅਤੇ ਸਮਾਜ ਲਈ ਰੌਸ਼ਨੀ ਬਣਦੀ ਹੈ।
ਅੱਜ ਦੇ ਸਮੇਂ ਵਿਚ ਲੋੜ ਹੈ ਕਿ ਹਰ ਕੁੜੀ ਆਪਣੇ ਅੰਦਰ ਦੀ ਆਵਾਜ਼ ਸੁਣੇ। ਉਹ ਆਪਣੀ ਕਾਬਲੀਅਤ ਨੂੰ ਪਛਾਣੇ ਤੇ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਅੱਗੇ ਵਧੇ। ਕਿਸੇ ਦੀਆਂ ਗੱਲਾਂ ਜਾਂ ਰੁਕਾਵਟਾਂ ਨੂੰ ਆਪਣੇ ਹੌਸਲੇ ਤੋਂ ਵੱਡਾ ਨਾ ਬਣਾਏ। ਜੇ ਉਹ ਖ਼ੁਦ 'ਤੇ ਵਿਸ਼ਵਾਸ ਕਰ ਲਵੇ, ਤਾਂ ਕੋਈ ਵੀ ਚੀਜ਼ ਉਸ ਨੂੰ ਅੱਗੇ ਵਧਣ ਤੋਂ ਨਹੀਂ ਰੋਕ ਸਕਦੀ। ਸਮਾਜ ਨੂੰ ਵੀ ਇਹ ਸਮਝਣਾ ਪਵੇਗਾ ਕਿ ਕੁੜੀਆਂ ਨੂੰ ਮੌਕਾ ਦੇਣਾ, ਉਨ੍ਹਾਂ ਦੀ ਆਜ਼ਾਦੀ ਦੀ ਇੱਜ਼ਤ ਕਰਨਾ ਬਹੁਤ ਜ਼ਰੂਰੀ ਹੈ। ਜਦੋਂ ਇਕ ਕੁੜੀ ਉੱਡਦੀ ਹੈ, ਤਾਂ ਸਿਰਫ਼ ਉਹ ਨਹੀਂ, ਪੂਰਾ ਸਮਾਜ ਉੱਚਾ ਚੜ੍ਹਦਾ ਹੈ। ਜਦੋਂ ਇਕ ਕੁੜੀ ਆਪਣੇ ਆਪ ਨੂੰ ਪਛਾਣ ਲੈਂਦੀ ਹੈ ਤਾਂ ਉਹ ਦੁਨੀਆ ਬਦਲ ਸਕਦੀ ਹੈ।

-ਮੰਜੂ ਰਾਇਕਾ
ਭਿੰਡਰਾਂ, ਸੰਗਰੂਰ।