ਮੀਂਹ ਅਤੇ ਤੇਜ਼ ਹਨ੍ਹੇਰੀ ਨਾਲ ਕਈ ਥਾਵਾਂ ਤੇ ਕਣਕ ਦੀ ਫ਼ਸਲ ਧਰਤੀ ਤੇ ਵਿਛਾਈ
ਸੁਲਤਾਨਪੁਰ ਲੋਧੀ (ਕਪੂਰਥਲਾ), 16 ਮਾਰਚ (ਥਿੰਦ) - ਮੌਸਮ ਵਿਭਾਗ ਦੀ ਭਵਿੱਖਬਾਣੀ ਤੋਂ ਬਾਅਦ ਕੱਲ੍ਹ ਸਵੇਰ ਤੋਂ ਸ਼ੁਰੂ ਹੋਏ ਮੀਂਹ ਨੇ ਜਿਥੇ ਤਾਪਮਾਨ ਵਿਚ ਗਿਰਾਵਟ ਲਿਆਂਦੀ ਹੈ ਉੱਥੇ ਹੀ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਆਈ ਤੇਜ਼ ਹਨੇਰੀ ਨੇ ਹਲਕਾ ਸੁਲਤਾਨਪੁਰ ਲੋਧੀ ਅਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਵਿਚ ਕਣਕ ਦੀ ਫ਼ਸਲ ਨੂੰ ਨੁਕਸਾਨ ਪਹੁੰਚਾਇਆ ਹੈ।ਕਈ ਥਾਵਾਂ ਤੇ ਕਣਕ ਦੀ ਫ਼ਸਲ ਧਰਤੀ 'ਤੇ ਵਿੱਛ ਗਈ ਹੈ, ਜਿਸ ਨਾਲ ਝਾੜ ਵਿਚ ਗਿਰਾਵਟ ਆ ਸਕਦੀ ਹੈ। ਵਰਨਣਯੋਗ ਹੈ ਕਿ ਮਾਰਚ ਮਹੀਨੇ ਦੇ ਸ਼ੁਰੂ ਵਿਚ ਹੀ ਤਾਪਮਾਨ 35 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਸੀ, ਜਿਸ ਤੋਂ ਖੇਤੀਬਾੜੀ ਮਾਹਿਰਾਂ ਨੇ ਕਣਕ ਦੀ ਫ਼ਸਲ ਦੇ ਝਾੜ ਘੱਟ ਹੋਣ ਦਾ ਖਦਸ਼ਾ ਜਤਾਇਆ ਸੀ। ਮੌਸਮ ਵਿਭਾਗ ਅਨੁਸਾਰ ਇਸ ਮੀਂਹ ਨਾਲ ਆਉਣ ਵਾਲੇ 8 ਤੋਂ 10 ਦਿਨਾਂ ਤੱਕ ਗਰਮੀ ਤੋਂ ਰਾਹਤ ਮਿਲਣ ਦੀ ਸੰਭਾਵਨਾ ਹੈ।'ਅਜੀਤ' ਦੀ ਟੀਮ ਵੱਲੋਂ ਬਾਅਦ ਦੁਪਹਿਰ ਹੈਬਤਪੁਰ, ਮਸੀਤਾਂ,ਮੇਵਾ ਸਿੰਘ ਵਾਲਾ, ਪਰਮਜੀਤ ਪੁਰ, ਟਿੱਬਾ, ਠੱਟਾ ਨਵਾਂ,ਨਸੀਰ ਪੁਰ, ਬੂਲਪੁਰ ਆਦਿ ਪਿੰਡਾਂ ਦਾ ਦੌਰਾ ਕਰਨ ਤੇ ਦੇਖਿਆ ਕਿ ਖੇਤਾਂ ਵਿਚ ਕਣਕ ਟੇਡੀ ਮੇਢੀ ਹੋਈ ਪਈ ਸੀ। ਕਿਸਾਨਾਂ ਨੇ ਦੱਸਿਆ ਕਿ ਆਲੂ ਫ਼ਸਲ ਦੇ ਭਾਅ ਵਿਚ ਆਈ ਵੱਡੀ ਗਿਰਾਵਟ ਤੋਂ ਬਾਅਦ ਹੁਣ ਕਿਸਾਨਾਂ ਨੂੰ ਕੁਦਰਤ ਦੀ ਕਰੋਪੀ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸਾਲ ਵਿਚ ਕਿਸਾਨਾਂ ਨੂੰ ਵੱਡੀ ਮਾਰ ਪਈ ਹੈ, ਪਹਿਲਾਂ ਭਾਰੀ ਮੀਂਹਾਂ ਕਾਰਨ ਝੋਨੇ ਦੇ ਝਾੜ 'ਤੇ ਮਾਰ ਪਈ।ਉਸ ਤੋਂ ਬਾਅਦ ਆਲੂ ਦਾ ਚੰਗਾ ਭਾਅ ਨਾ ਮਿਲਣ ਕਾਰਨ ਕਿਸਾਨਾਂ ਨੂੰ ਰਗੜਾ ਲੱਗਾ ਤੇ ਹੁਣ ਕਣਕ ਵੀ ਕੁਦਰਤੀ ਕ੍ਰੋਪੀ ਦਾ ਸ਼ਿਕਾਰ ਹੋ ਗਈ। ਕਿਸਾਨਾਂ ਨੂੰ ਵੱਡਾ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ।
;
;
;
;
;
;