JALANDHAR WEATHER

ਪਿੰਡ ਬੂੜਾ ਗੁੱਜਰ ਵਿਚ 17 ਪਾਣੀ ਵਾਲੀਆਂ ਮੋਟਰਾਂ ਚੋਰੀ, ਕਿਸਾਨਾਂ ਨੂੰ ਲੱਖਾਂ ਦਾ ਨੁਕਸਾਨ

ਸ੍ਰੀ ਮੁਕਤਸਰ ਸਾਹਿਬ, 2 ਮਾਰਚ (ਬੂਟਾ ਸਿੰਘ)-  ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਬੂੜਾ ਗੁੱਜਰ ਵਿਚ ਚੋਰਾਂ ਨੇ ਦੇਰ ਰਾਤ ਵੱਡੀ ਵਾਰਦਾਤ ਨੂੰ ਅੰਜਾਮ ਦਿੰਦਿਆਂ ਕਿਸਾਨਾਂ ਦੀਆਂ ਪਾਣੀ ਵਾਲੀਆਂ ਮੋਟਰਾਂ ਚੋਰੀ ਕਰ ਲਈਆਂ। ਲਗਭਗ 12 ਕਿਸਾਨ ਇਸ ਚੋਰੀ ਦਾ ਸ਼ਿਕਾਰ ਬਣੇ ਹਨ ਅਤੇ ਕਰੀਬ 17 ਮੋਟਰਾਂ ਚੋਰ ਆਪਣੇ ਨਾਲ ਲੈ ਗਏ। ਸਮੂਹਕ ਤੌਰ ‘ਤੇ ਲਗਭਗ ਛੇ ਲੱਖ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਹੈ। ਕਿਸਾਨਾਂ ਨੇ ਦੱਸਿਆ ਕਿ ਚੋਰਾਂ ਵੱਲੋਂ ਕੁਝ ਮੋਟਰਾਂ ਨੂੰ ਜੜ੍ਹ ਤੋਂ ਉਖਾੜ ਕੇ ਪੂਰਾ ਢਾਂਚਾ ਹੀ ਨਾਲ ਲੈ ਜਾਇਆ ਗਿਆ, ਜਦਕਿ ਕਈ ਥਾਵਾਂ ‘ਤੇ ਮੋਟਰਾਂ ਦੇ ਤਾਂਬੇ ਵਾਲੇ ਹਿੱਸੇ ਖੋਲ੍ਹ ਕੇ ਚੋਰੀ ਕੀਤੇ ਗਏ। ਉਹਨਾਂ ਦਾ ਕਹਿਣਾ ਹੈ ਕਿ ਇੱਕ ਮੋਟਰ ਦੀ ਕੀਮਤ ਕਰੀਬ ਪੰਜਾਹ ਹਜ਼ਾਰ ਰੁਪਏ ਦੇ ਨੇੜੇ ਹੁੰਦੀ ਹੈ ਅਤੇ ਛੋਟੇ ਕਿਸਾਨਾਂ ਲਈ ਨਵੀਂ ਮੋਟਰ ਖਰੀਦਣਾ ਬਹੁਤ ਔਖਾ ਹੋ ਜਾਂਦਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਹਰ ਸਾਲ ਚੋਰੀਆਂ ਦੀਆਂ ਘਟਨਾਵਾਂ ਨਾਲ ਉਨ੍ਹਾਂ ਨੂੰ ਵੱਡਾ ਮਾਲੀ ਨੁਕਸਾਨ ਝੱਲਣਾ ਪੈਂਦਾ ਹੈ। ਪੁਲਿਸ ਨੂੰ ਦਰਖਾਸਤ ਦੇਣ ਤੋਂ ਬਾਅਦ ਕਿਸਾਨਾਂ ਨੇ ਦੋ ਦਿਨ ਦਾ ਸਮਾਂ ਦਿੱਤਾ ਹੈ ਅਤੇ ਕਾਰਵਾਈ ਨਾ ਹੋਣ ‘ਤੇ ਧਰਨੇ ਦੀ ਚੇਤਾਵਨੀ ਦਿੱਤੀ ਹੈ। 

ਕਿਸਾਨਾਂ ਮੁਤਾਬਕ ਚੋਰੀ ਦੀ ਇਹ ਘਟਨਾ ਰਾਤ ਬਾਰਾਂ ਵਜੇ ਤੋਂ ਬਾਅਦ ਹੋਈ, ਜਦੋਂ ਖੇਤਾਂ ਵਿਚ ਕੰਮ ਕਰ ਰਹੇ ਲੋਕ ਆਪਣੇ ਘਰ ਵਾਪਸ ਚਲੇ ਜਾਂਦੇ ਹਨ ਅਤੇ ਚੋਰ ਇਸ ਸਮੇਂ ਦਾ ਫਾਇਦਾ ਚੁੱਕਦੇ ਹਨ। ਘਟਨਾ ਤੋਂ ਬਾਅਦ ਕਿਸਾਨ ਮੁਕਤਸਰ ਥਾਣਾ ਸਦਰ ਪਹੁੰਚੇ ਜਿੱਥੇ ਉਨ੍ਹਾ ਵਲੋਂ ਪੁਲਿਸ ਨੂੰ ਲਿਖਤੀ ਦਰਖਾਸਤ ਦਿੱਤੀ ਗਈ। ਚੋਰੀ ਦੇ ਵਿਰੋਧ ਵਿਚ ਕਿਸਾਨਾਂ ਨੇ ਰੋਸ ਪ੍ਰਦਰਸ਼ਨ ਕਰਦੇ ਹੋਏ ਧਰਨਾ ਵੀ ਲਗਾਇਆ, ਪਰ ਪੁਲਿਸ ਵਲੋਂ ਭਰੋਸਾ ਦਿੱਤੇ ਜਾਣ ਤੋਂ ਬਾਅਦ ਧਰਨਾ ਤੁਰੰਤ ਖਤਮ ਕਰ ਦਿੱਤਾ ਗਿਆ। ਕਿਸਾਨਾਂ ਨੇ ਦੱਸਿਆ ਕਿ ਪੁਲਿਸ ਨੇ ਦੋ ਦਿਨ ਦਾ ਸਮਾਂ ਮੰਗਿਆ ਹੈ ਅਤੇ ਜੇਕਰ ਇਸ ਸਮੇਂ ਦੌਰਾਨ ਚੋਰਾਂ ਨੂੰ ਕਾਬੂ ਨਾ ਕੀਤਾ ਗਿਆ ਤਾਂ ਸਾਰੇ ਕਿਸਾਨ ਇਕੱਠੇ ਹੋ ਕੇ ਥਾਣਾ ਸਦਰ ਦੇ ਅੱਗੇ ਵੱਡਾ ਧਰਨਾ ਲਗਾਉਣਗੇ। ਉਨ੍ਹਾਂ ਦਾ ਕਹਿਣਾ ਹੈ ਕਿ ਵਾਰ-ਵਾਰ ਮੋਟਰਾਂ ਚੋਰੀ ਹੋਣ ਨਾਲ ਨਾ ਸਿਰਫ ਮਾਲੀ ਨੁਕਸਾਨ ਹੁੰਦਾ ਹੈ, ਸਗੋਂ ਨਵੀਂ ਮੋਟਰ ਲਗਾਉਣ ਵਿਚ ਸਮਾਂ ਵੀ ਬਹੁਤ ਲੱਗਦਾ ਹੈ, ਜਿਸ ਨਾਲ ਖੇਤੀਬਾੜੀ ਦਾ ਕੰਮ ਪ੍ਰਭਾਵਿਤ ਹੁੰਦਾ ਹੈ। ਕਿਸਾਨਾਂ ਨੇ ਮੰਗ ਕੀਤੀ ਹੈ ਕਿ ਚੋਰਾਂ ਨੂੰ ਜਲਦੀ ਤੋਂ ਜਲਦੀ ਕਾਬੂ ਕਰਕੇ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਭਵਿੱਖ ਵਿਚ ਇਸ ਤਰ੍ਹਾਂ ਦੀਆਂ ਘਟਨਾਵਾਂ ਦੁਬਾਰਾ ਨਾ ਵਾਪਰਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ