ਘਰੇਲੂ ਕਲੇਸ਼ ਕਾਰਨ ਨੌਜਵਾਨ ਵਲੋਂ ਖੁਦਕਸ਼ੀ
ਸੁਨਾਮ ਊਧਮ ਸਿੰਘ ਵਾਲਾ,25 ਫਰਵਰੀ (ਧਾਲੀਵਾਲ,ਭੁੱਲਰ)- ਕੋਟੜਾ ਲਹਿਲ ਪਿੰਡ ਦੇ ਇਕ ਨੌਜਵਾਨ ਵਲੋਂ ਘਰੇਲੂ ਕਲੇਸ਼ ਦੇ ਚੱਲਦਿਆਂ ਕੋਈ ਜ਼ਹਿਰਲੀ ਵਸਤੂ ਨਿਗਲ ਕੇ ਆਪਣੀ ਜੀਵਨ ਲੀਲ੍ਹਾ ਖਤਮ ਕਰ ਲੈਣ ਦੀ ਖਬਰ ਹੈ। ਸਥਾਨਕ ਸਿਵਲ ਹਸਪਤਾਲ ਵਿਖੇ ਮ੍ਰਿਤਕ ਦੇ ਪੋਸਟਮਾਰਟਮ ਸਮੇਂ ਪੁਲਿਸ ਥਾਣਾ ਭੀਖੀ ਦੇ ਸਹਾਇਕ ਥਾਣੇਦਾਰ ਜਸਪਾਲ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਕਰੀਬ ਸਵਾ ਕੁ ਸਾਲ ਪਹਿਲਾਂ ਪਿੰਡ ਕੋਟੜਾ ਲਹਿਲ ਦੇ ਗੁਰਸੇਵਕ ਸਿੰਘ ਦਾ ਸਮਾਉਂ ਦੀ ਮਨਪ੍ਰੀਤ ਕੌਰ ਨਾਲ ਵਿਆਹ ਹੋਇਆ ਸੀ ਪਰ ਸ਼ੁਰੂ ਤੋਂ ਹੀ ਦੋਵਾਂ ਪਤੀ-ਪਤਨੀ ਦੀ ਆਪਸ ਵਿਚ ਅਣ-ਬਣ ਚੱਲ ਰਹੀ ਸੀ।ਬੀਤੀ 16 ਫਰਵਰੀ ਨੂੰ ਗੁਰਸੇਵਕ ਸਿੰਘ ਆਪਣੀ ਪਤਨੀ ਨੂੰ ਲੈਣ ਲਈ ਸਹੁਰੇ ਪਿੰਡ ਸਮਾਉਂ ਗਿਆ ਸੀ, ਜਿਥੇ ਉਸ ਦਾ ਸਹੁਰੇ ਪਰਿਵਾਰ ਨਾਲ ਝਗੜਾ ਹੋ ਗਿਆ, ਜਿਸ ਤੋਂ ਪ੍ਰੇਸ਼ਾਨ ਹੋ ਕੇ ਗੁਰਸੇਵਕ ਸਿੰਘ ਨੇ ਆਪਣੇ ਸਹੁਰੇ ਘਰ ਵਿਚ ਹੀ ਕੋਈ ਜਹਿਰੀਲੀ ਚੀਜ਼ ਖਾ ਲਈ।
ਪਤਾ ਲੱਗਣ 'ਤੇ ਇਲਾਜ ਲਈ ਉਸ ਨੂੰ ਮਾਨਸਾ ਦੇ ਇਕ ਨਿੱਜੀ ਹਸਪਤਾਲ ਵਿਚ ਲਿਜਾਇਆ ਗਿਆ ਪਰ ਡਾਕਟਰਾਂ ਵਲੋਂ ਉਸ ਦੀ ਹਾਲਤ ਨਾਜ਼ੁਕ ਵੇਖਦੇ ਹੋਏ ਇਲਾਜ ਲਈ ਡੀ. ਐਮ. ਸੀ. ਲੁਧਿਆਣਾ ਭੇਜ ਦਿੱਤਾ ਗਿਆ। ਗੁਰਸੇਵਕ ਸਿੰਘ ਦੀ ਹਾਲਤ ਵਿਚ ਸੁਧਾਰ ਨਾ ਹੁੰਦਾ ਵੇਖ ਬਾਅਦ ਵਿਚ ਇਲਾਜ ਲਈ ਉਸ ਨੂੰ ਪਟਿਆਲਾ ਦੇ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਪਰ ਉਸ ਦੀ ਹਾਲਤ ਵਿਗੜਦੀ ਵੇਖ ਬੀਤੀ ਕੱਲ੍ਹ ਸਿਵਲ ਹਸਪਤਾਲ ਸੁਨਾਮ ਲਿਆਂਦਾ ਗਿਆ, ਜਿਥੇ ਗੁਰਸੇਵਕ ਸਿੰਘ (26) ਪੁੱਤਰ ਕਿ੍ਸ਼ਨ ਸਿੰਘ ਪਿੰਡ ਕੋਟੜਾ ਲਹਿਲ ਦੀ ਮੌਤ ਹੋ ਗਈ।ਸਹਾਇਕ ਥਾਣੇਦਾਰ ਜਸਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਮ੍ਰਿਤਕ ਨੌਜਵਾਨ ਗੁਰਸੇਵਕ ਸਿੰਘ ਦੇ ਬਿਆਨਾਂ 'ਤੇ ਉਸ ਦੀ ਪਤਨੀ ਮਨਪ੍ਰੀਤ ਕੌਰ,ਸਹੁਰਾ ਬਲਕਾਰ ਸਿੰਘ,ਸੱਸ ਬਲਜੀਤ ਕੌਰ ਅਤੇ ਸਾਲੀ ਸਨਪ੍ਰੀਤ ਕੌਰ ਵਿਰੁੱਧ ਬੀ. ਐਨ. ਐਸ. ਐਸ. ਦੀ ਧਾਰਾ 108,3,5 ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਗਈ ਹੈ।
;
;
;
;
;
;
;
;