JALANDHAR WEATHER

ਸਮਾਣਾ ਸੰਘਰਸ਼ ਵਿਚ ਜਾਂਦੇ ਸਮੇਂ ਭਾਨਾ ਸਿੱਧੂ ਸਮੇਤ 50 ਆਗੂ ਗ੍ਰਿਫ਼ਤਾਰ

ਭਵਾਨੀਗੜ੍ਹ, 24 ਫਰਵਰੀ (ਰਣਧੀਰ ਸਿੰਘ ਫੱਗੂਵਾਲਾ)- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਰੋਕਣ ਲਈ ਸਮਾਣਾ ਵਿਖੇ ਚੱਲ ਰਹੇ ਸੰਘਰਸ਼ ਵਿਚ ਕਿਸਾਨਾਂ ਅਤੇ ਸੰਘਰਸ਼ੀ ਆਗੂਆਂ ਨੂੰ ਰੋਕਣ ਲਈ ਭਵਾਨੀਗੜ੍ਹ-ਸਮਾਣਾ ਦੀ ਹੱਦ ’ਤੇ ਪੈਂਦੇ ਪਿੰਡ ਥੰਮਣ ਸਿੰਘ ਵਾਲਾ ਦੇ ਨਹਿਰ ਦੇ ਪੁਲ ਨੇੜੇ ਪੁਲਿਸ ਵਲੋਂ ਸਖ਼ਤ ਨਾਕਾਬੰਦੀ ਕਰਕੇ ਸੰਘਰਸ਼ ’ਚ ਜਾਂਦੇ ਭਾਨਾ ਸਿੱਧੂ ਸਮੇਤ ਕਰੀਬ ਸਵਾ 4 ਦਰਜਨ ਆਗੂਆਂ ਨੂੰ ਗ੍ਰਿਫ਼ਤਾਰ ਕਰਕੇ ਵੱਖ-ਵੱਖ ਥਾਣਿਆਂ ’ਚ ਭੇਜਿਆ ਗਿਆ।

ਇਸ ਸਬੰਧੀ ਐਸ.ਐਚ.ਓ ਮਾਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਭਾਨਾ ਸਿੱਧੂ ਸਮੇਤ ਕਰੀਬ 50 ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੂੰ ਵੱਖ-ਵੱਖ ਥਾਣਿਆਂ ਵਿਚ ਭੇਜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸੜਕ ਤੋਂ ਕਿਸੇ ਵੀ ਆਗੂ ਨੂੰ ਸਮਾਣਾ ਨਹੀਂ ਜਾਣ ਦਿੱਤਾ ਜਾਵੇਗਾ। ਜਾਣਕਾਰੀ ਅਨੁਸਾਰ ਸਮਾਣਾ ਵਿਖੇ ਗੁਰਜੀਤ ਸਿੰਘ ਫੌਜੀ ਵਲੋਂ ਪਿਛਲੇ 17 ਮਹੀਨਿਆਂ ਤੋਂ ਬੇਅਦਬੀਆਂ ਲਈ ਇਨਸਾਫ਼ ਅਤੇ ਸਖ਼ਤ ਕਾਨੂੰਨ ਬਣਾਉਣ ਦੀ ਮੰਗ ਨੂੰ ਲੈ ਕੇ ਇਕ ਟਾਵਰ ਉਪਰ ਧਰਮ ਯੁੱਧ ਮੋਰਚਾ ਲਗਾ ਕੇ ਸੰਘਰਸ਼ ਕੀਤਾ ਜਾ ਰਿਹਾ ਹੈ। ਅੱਜ ਵੱਖ-ਵੱਖ ਜਥੇਬੰਦੀਆਂ ਵਲੋਂ ਇਥੇ ‘ਧਰਮ ਯੁੱਧ ਮੋਰਚਾ’ ਸ਼ੁਰੂ ਕਰਨਾ ਸੀ। ਜਿਸ ਨੂੰ ਲੈ ਕੇ ਇਲਾਕੇ ਦੇ ਆਗੂ ਉਸ ਸੰਘਰਸ਼ ਵਿਚ ਜਾ ਰਹੇ ਹਨ, ਜਿਸ ਦੌਰਾਨ ਸੰਗਰੂਰ ਪੁਲਿਸ ਵਲੋਂ ਸਖ਼ਤ ਨਾਕਾਬੰਦੀ ਕਰਦਿਆਂ ਸਮਾਣਾ ਨੂੰ ਜਾਂਦੇ ਹਰ ਵਾਹਨ ਦੀ ਤਲਾਸ਼ੀ ਲੈ ਕੇ ਅਤੇ ਪੁੱਛਗਿੱਛ ਕਰਦਿਆਂ ਹੀ ਸਮਾਣਾ ਨੂੰ ਭੇਜਿਆ ਜਾ ਰਿਹਾ ਸੀ।

ਇਸ ਸੰਬੰਧੀ ਡੀ.ਐਸ. ਪੀ. ਰਾਹੁਲ ਕੌਸ਼ਲ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਫੋਨ ਕੱਟ ਦਿੱਤਾ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਨੇ ਥੰਮਣ ਸਿੰਘ ਵਾਲਾ ਵਿਖੇ ਲਗਾਏ ਨਾਕੇ ਦੌਰਾਨ ਭਾਨਾ ਸਿੱਧੂ ਸਮੇਤ ਹਰਚਰਨ ਸਿੰਘ ਭਸੌੜ ਆਗੂ ਮਾਨ ਦਲ, ਭਾਰਤੀ ਕਿਸਾਨ ਯੂਨੀਅਨ ਅਜ਼ਾਦ ਨਾਭਾ ਦੇ ਬਲਾਕ ਪ੍ਰਧਾਨ ਵਰਿੰਦਰ ਸਿੰਘ, ਭੋਲਾ ਸਿੰਘ ਕਿਸਾਨ ਆਗੂ ਠੀਕਰੀਵਾਲਾ, ਕਾਕਾ ਸਿੰਘ ਸਿੱਧੂ ਸਮੇਤ 50 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ । ਇਹ ਵੀ ਪਤਾ ਲੱਗਿਆ ਹੈ ਕਿ ਭਾਨੇ ਸਿੱਧੂ ਸਮੇਤ ਹੋਰ ਆਗੂਆਂ ਦੀ ਪੁਲਿਸ ਅਧਿਕਾਰੀਆਂ ਨਾਲ ਬਹਿਸਬਾਜ਼ੀ ਵੀ ਹੋਈ । ਪੁਲਿਸ ਨੇ ਗ੍ਰਿਫ਼ਤਾਰ ਕੀਤੇ ਆਗੂਆਂ ਨੂੰ ਧੂਰੀ, ਸੰਗਰੂਰ ਸਮੇਤ ਹੋਰ ਥਾਣਿਆਂ ਵਿਚ ਭੇਜਣ ਬਾਰੇ ਵੀ ਪਤਾ ਲੱਗਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ