ਬਿਕਰਮ ਸਿੰਘ ਮਜੀਠੀਆ ਨੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਕੀਤੀ ਮੁਲਾਕਾਤ
ਬਾਬਾ ਬਕਾਲਾ ਸਾਹਿਬ, 10 ਫਰਵਰੀ (ਸ਼ੇਲਿੰਦਰਜੀਤ ਸਿੰਘ ਰਾਜਨ) -ਸਾਬਕਾ ਕੈਬਨਿਟ ਮੰਤਰੀ ਸ: ਬਿਕਰਮ ਸਿੰਘ ਮਜੀਠੀਆ, ਜ਼ਮਾਨਤ ਉਤੇ ਰਿਹਾ ਹੋਣ ਪਿੱਛੋਂ ਜਿੱਥੇ ਕੱਲ੍ਹ ਦੇ ਰਾਤ ਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਨਤਮਤਸਕ ਹੋਏ, ਉਥੇ ਅੱਜ ਉਨ੍ਹਾਂ ਧਰਮ ਪਤਨੀ ਵਿਧਾਇਕਾ ਬੀਬਾ ਗੁਨੀਵ ਕੌਰ ਮਜੀਠੀਆ ਸਮੇਤ ਇਤਿਹਾਸਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਬਾਬਾ ਬਕਾਲਾ ਸਾਹਿਬ ਵਿਖੇ ਨਤਮਸਤਕ ਹੋ ਕੇ ਗੁਰੂ ਘਰ ਦਾ ਸ਼ੁਕਰਾਨਾ ਕੀਤਾ ਅਤੇ ਇਸਤੋਂ ਬਾਅਦ ਨਜ਼ਦੀਕੀ ਪੈਂਦੇ ਡੇਰਾ ਬਿਆਸ ਰਾਧਾ ਸੁਆਮੀ ਵਿਖੇ ਪੁੱਜ ਕੇ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਵੀ ਅਹਿਮ ਮੁਲਾਕਾਤ ਕੀਤੀ ।
ਜ਼ਿਕਯੋਗ ਹੈ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੋ ਕਿ ਨਭਾ ਜ਼ੇਲ੍ਹ ਵਿਚ ਨਜ਼ਰਬੰਦ ਰਹੇ ਸ: ਮਜੀਠੀਆ ਨਾਲ ਦੋ ਵਾਰ ਮੁਲਾਕਾਤ ਕਰਨ ਲਈ ਗਏ ਸਨ, ਅਤੇ ਇਨ੍ਹਾਂ ਮੁਲਾਕਾਤਾਂ ਦੀ ਚਰਚਾ ਪੂਰੇ ਜ਼ੋਰਾਂ ਉਤੇ ਰਹੀ ਸੀ। ਅੱਜ ਸ. ਮਜੀਠੀਆ ਵਲੋਂ ਬਾਬਾ ਜੀ ਦਾ ਧੰਨਵਾਦ ਕਰਨ ਲਈ ਉਨ੍ਹਾਂ ਦੇ ਡੇਰੇ ਉਤੇ ਪੁੱਜਣ ਨੂੰ ਵੀ ਬਹੁਤ ਅਹਿਮੀਅਤ ਵਜੋਂ ਦੇਖਿਆ ਜਾ ਰਿਹਾ ਹੈ । ਜਾਣਕਾਰੀ ਮੁਤਾਬਕ ਸ. ਮਜੀਠੀਆ ਨੇ ਕਾਫੀ ਲੰਬਾ ਸਮਾਂ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਗੁ਼ਜ਼ਾਰਿਆ । ਪਰ ਇਸ ਸਮੇਂ ਦੌਰਾਨ ਹੋਰ ਕੀ-ਕੀ ਗੱਲਾਂਬਾਤਾਂ ਹੋਈਆਂ, ਬਾਰੇ ਪੂਰੀ ਜਾਣਕਾਰੀ ਹਾਸਲ ਨਹੀੰ ਹੋ ਸਕੀ ।। ਸਿਆਸੀ ਗਲਿਆਰਿਆਂ ਵਿਚ ਬਾਬਾ ਗੁਰਿੰਦਰ ਸਿੰਘ ਢਿੱਲੋਂ ਅਤੇ ਸ. ਮਜੀਠੀਆ ਦੀ ਇਸ ਮੁਲਾਕਾਤ ਨੂੰ ਬੜਾ ਅਹਿਮ ਮੰਨਿਆ ਜਾ ਰਿਹਾ ਹੈ, ਜਿਸ ਸਬੰਧੀ ਆਉਣ ਵਾਲੇ ਸਮੇਂ ਵਿਚ ਕਈ ਕਿਸਮ ਦੀਆਂ ਕਿਆਸ ਅਰਾਈਆਂ ਦੀ ਸੰਭਾਵਨਾ ਹੈ।
;
;
;
;
;
;
;
;