ਹਰਿਆਣਾ ਸਰਕਾਰ ਨੇ ਲਿਆ ਵੱਡਾ ਫ਼ੈਸਲਾ : ਪ੍ਰੀਖਿਆਵਾਂ ’ਚ ਸਿੱਖ ਉਮੀਦਵਾਰ ਲਿਜਾ ਸਕਣਗੇ ਕਿਰਪਾਨ
ਕਰਨਾਲ, 20 ਜਨਵਰੀ (ਗੁਰਮੀਤ ਸਿੰਘ ਸੱਗੂ)-ਹਰਿਆਣਾ ਸਰਕਾਰ ਨੇ ਵੱਡਾ ਫ਼ੈਸਲਾ ਲਿਆ ਹੈ । ਹਰਿਆਣਾ ਅੰਦਰ ਸਰਕਾਰ ਜਾਂ ਵਿੱਦਿਅਕ ਅਦਾਰਿਆਂ ਵਲੋਂ ਲਈਆਂ ਜਾਣ ਵਾਲੀਆਂ ਪ੍ਰੀਖਿਆਵਾਂ ’ਚ ਸਿੱਖ ਉਮੀਦਵਾਰ 9 ਇੰਚ (22.86 ਸੈ.ਮੀ.) ਲੰਬਾਈ ਅਤੇ 6 ਇੰਚ (15.24 ਸੈ.ਮੀ.) ਬਲੇਡ ਵਾਲੀ ਕਿਰਪਾਨ ਲੈ ਕੇ ਜਾ ਸਕਣਗੇ। ਉਨ੍ਹਾਂ ਨੂੰ ਇਮਤਿਹਾਨ ਕੇਂਦਰ ‘ਤੇ ਇਕ ਘੰਟਾ ਪਹਿਲਾਂ ਪਹੁੰਚਣਾ ਲਾਜ਼ਮੀ ਹੋਵੇਗਾ। ਇਸ ਤੋਂ ਇਲਾਵਾ ਹਿੰਦੂ ਧਰਮ ਨਾਲ ਸਬੰਧਤ ਵਿਆਹੀਆਂ ਮਹਿਲਾਵਾਂ ਮੰਗਲਸੂਤਰ ਪਾ ਕੇ ਪ੍ਰੀਖਿਆ ਕੇਂਦਰਾਂ ’ਚ ਸਕਦੀਆਂ ਹਨ ਪਰ ਉਨ੍ਹਾਂ ਨੂੰ ਇਮਤਿਹਾਨ ਕੇਂਦਰ ‘ਤੇ 30 ਮਿੰਟ ਪਹਿਲਾਂ ਪਹੁੰਚਣਾ ਲਾਜ਼ਮੀ ਹੈ।
ਦੱਸਣਯੋਗ ਹੈ ਕਿ ਹਰਿਆਣਾ ’ਚ ਇਮਤਿਹਾਨਾਂ ‘ਚ ਸ਼ਾਮਿਲ ਹੋਣ ਦੌਰਾਨ ਸਿੱਖ ਵਿਦਿਆਰਥੀਆਂ ਨੂੰ ਕਿਰਪਾਨ ਅਤੇ ਹਿੰਦੂ ਧਰਮ ਨਾਲ ਸਬੰਧਤ ਵਿਆਹਸ਼ੁਦਾ ਮਹਿਲਾਵਾਂ ਨੂੰ ਮੰਗਲਸੂਤਰ ਨੂੰ ਲੈ ਕੇ ਵਾਰ-ਵਾਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਜਿਸ ਨੂੰ ਧਿਆਨ ’ਚ ਰੱਖਦੇ ਹੋਏ ਸਰਕਾਰ ਨੇ ਇਹ ਫ਼ੈਸਲਾ ਕੀਤਾ ਹੈ। ਹਾਲਾਂਕਿ ਇਸ ਫ਼ੈਸਲੇ ਦੇ ਪਿੱਛੇ ਦਾ ਕਾਰਨ ਦਿੱਲੀ ਹਾਈਕੋਰਟ ਅਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਫ਼ੈਸਲਿਆਂ ਨੂੰ ਵੀ ਮੰਨਿਆ ਜਾ ਰਿਹਾ ਹੈ।
ਰਾਜ ਸਰਕਾਰ ਵਲੋਂ ਜਾਰੀ ਆਦੇਸ਼ ’ਚ ਲਿਖਿਆ ਗਿਆ ਹੈ ਕਿ ਦਿੱਲੀ ਹਾਈਕੋਰਟ ਦੇ W.P.(3) 7550/2017, W.P.(3) 13086/2018, ਰਿਵਿਊ ਯਾਚਿਕਾ 402/2019 ਅਤੇ W.P.(3) 10550/2019 ਅਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ 3WP-P9L-65-2019 ਦੇ ਫੈਸਲੇ ਪਹਿਲਾਂ ਹੀ ਆ ਚੁੱਕੇ ਹਨ। ਇਨ੍ਹਾਂ ਫੈਸਲਿਆਂ ’ਚ ਸਿਰਫ਼ ਇਮਤਿਹਾਨਾਂ ਨੂੰ ਠੀਕ ਤਰੀਕੇ ਨਾਲ ਕਰਵਾਉਣਾ ਹੀ ਨਹੀਂ, ਸਗੋਂ ਲੋਕਾਂ ਦੇ ਧਰਮ ਅਤੇ ਸੱਭਿਆਚਾਰ ਨਾਲ ਜੁੜੇ ਅਧਿਕਾਰਾਂ ਦੀ ਰੱਖਿਆ ਕਰਨ ਦੀ ਗੱਲ ਵੀ ਕਹੀ ਗਈ ਹੈ।
;
;
;
;
;
;
;