JALANDHAR WEATHER

20-01-2026

 ਮਨਰੇਗਾ ਕਾਮਿਆਂ ਦਾ ਭਵਿੱਖ ਖ਼ਤਰੇ 'ਚ
ਕੇਂਦਰ ਵਿਚ ਯੂ.ਪੀ.ਏ. ਦੀ ਸਰਕਾਰ ਸਮੇਂ ਸੰਸਦ ਵਿਚ 'ਮਹਾਤਮਾ ਗਾਂਧੀ ਕੌਮੀ ਪੇਂਡੂ ਰੁਜ਼ਗਾਰ ਗਾਰੰਟੀ ਐਕਟ 2005' ਪਾਸ ਕੀਤਾ ਗਿਆ ਸੀ, ਜਿਸ ਨੂੰ ਸੰਖੇਪ ਵਿਚ 'ਮਨਰੇਗਾ' ਕਿਹਾ ਜਾਂਦਾ ਸੀ। ਇਸ ਐਕਟ ਦੀ ਭਾਵਨਾ ਵਾਤਾਵਰਨ ਦੀ ਸ਼ੁੱਧਤਾ, ਔਰਤਾਂ ਦਾ ਸਸ਼ਕਤੀਕਰਨ, ਸਮਾਜਿਕ ਬਰਾਬਰੀ, ਅਤੇ ਪੇਂਡੂ ਖੇਤਰਾਂ ਵਿਚੋਂ ਸ਼ਹਿਰੀ ਖੇਤਰਾਂ ਵਿਚ ਹੋ ਰਹੇ ਪ੍ਰਵਾਸ ਨੂੰ ਘੱਟ ਕਰਨਾ ਸੀ। ਇਸ ਕਾਨੂੰਨ ਮੁਤਾਬਿਕ ਪਿੰਡਾਂ ਦੇ ਗ਼ੈਰ-ਹੁਨਰਮੰਦ ਕਾਮਿਆਂ ਨੂੰ ਸਾਲ ਦੇ ਵਿਚ ਘੱਟੋ-ਘੱਟ 100 ਦਿਨ ਦਾ ਕੰਮ ਦੇਣ ਦੇ ਮੌਕੇ ਪ੍ਰਦਾਨ ਕੀਤੇ ਗਏ ਸਨ। ਸੰਸਦ ਦੇ ਸਰਦ ਰੁੱਤ ਦੇ ਇਜਲਾਸ ਦੌਰਾਨ ਕੇਂਦਰ ਸਰਕਾਰ ਵਲੋਂ 20 ਸਾਲ ਪੁਰਾਣੇ ਮਨਰੇਗਾ ਕਾਨੂੰਨ ਨੂੰ ਖ਼ਤਮ ਕਰਕੇ ਨਵਾਂ ਕਾਨੂੰਨ 'ਵੀ.ਬੀ.-ਜੀ ਰਾਮ ਜੀ' ਪਾਸ ਕੀਤਾ ਗਿਆ ਹੈ, ਜੋ ਰਾਸ਼ਟਰਪਤੀ ਦੇ ਦਸਤਖ਼ਤ ਤੋਂ ਬਾਅਦ ਕਾਨੂੰਨ ਬਣ ਚੁੱਕਾ ਹੈ। ਭਾਵੇਂ ਕੇਂਦਰ ਸਰਕਾਰ ਦਾਅਵਾ ਕਰ ਰਹੀ ਹੈ ਕਿ ਨਵੇਂ ਕਾਨੂੰਨ ਦੇ ਪਾਸ ਹੋ ਜਾਣ ਨਾਲ ਹੁਣ ਕਾਮਿਆਂ ਨੂੰ 100 ਦਿਨ ਦੀ ਬਜਾਏ 125 ਦਿਨ ਦਾ ਕੰਮ ਮਿਲੇਗਾ। ਪਰ ਕੀ ਫੰਡਾਂ ਦੀ ਘਾਟ ਕਾਰਨ ਕੇਂਦਰ ਸਰਕਾਰ ਵਲੋਂ ਕੀਤਾ ਗਿਆ ਦਾਅਵਾ ਅਮਲੀ ਰੂਪ ਲੈ ਸਕੇਗਾ? ਇਹ ਚਰਚਾ ਦਾ ਵਿਸ਼ਾ ਹੈ। ਰਾਜਾਂ ਨੂੰ ਨਵੇਂ ਕਾਨੂੰਨ ਨੂੰ ਅਮਲੀ ਰੂਪ ਵਿਚ ਲਾਗੂ ਕਰਨ ਲਈ 40 ਫ਼ੀਸਦੀ ਹਿੱਸਾ ਪਾਉਣਾ ਪਵੇਗਾ ਅਤੇ 60 ਫ਼ੀਸਦੀ ਦਾ ਹਿੱਸਾ ਕੇਂਦਰ ਸਰਕਾਰ ਵਲੋਂ ਪਾਇਆ ਜਾਵੇਗਾ, ਜਦਕਿ ਮਨਰੇਗਾ ਕਾਨੂੰਨ ਦੌਰਾਨ ਪਹਿਲਾਂ ਰਾਜ 10 ਫ਼ੀਸਦੀ ਰਾਸ਼ੀ ਦਾ ਹਿੱਸਾ ਹੀ ਪਾਉਂਦੇ ਸਨ। ਕੀ ਸੂਬੇ ਕੇਂਦਰ ਸਰਕਾਰ ਵਲੋਂ ਪਾਏ ਗਏ ਇਸ ਨਵੇਂ ਬੋਝ ਨੂੰ ਝੱਲ ਸਕਣ ਦੇ ਸਮਰੱਥ ਹਨ। ਨਵੇਂ ਕਾਨੂੰਨ ਨਾਲ ਕਾਮਿਆਂ ਦੇ ਹਿੱਤਾਂ ਦਾ ਵੀ ਕਾਫੀ ਨੁਕਸਾਨ ਹੋ ਸਕਦਾ ਹੈ।

-ਪਿਆਰਾ ਸਿੰਘ ਚੰਦੀ
ਪਿੰਡ ਚੰਨਣਵਿੰਡੀ, ਜ਼ਿਲਾ ਕਪੂਰਥਲਾ।

ਇਨਸਾਨੀਅਤ ਦਾ ਫ਼ਰਜ਼

ਠੰਢ ਦਾ ਮੌਸਮ ਇਸ ਸਮੇਂ ਆਪਣੇ ਜੋਬਨ 'ਤੇ ਹੈ। ਅੰਤਾਂ ਦੀ ਪੈ ਰਹੀ ਠੰਢ ਨੇ ਹਰ ਕਿਸੇ ਦਾ ਜਿਊਣਾ ਮੁਸ਼ਕਿਲ ਕੀਤਾ ਹੋਇਆ ਹੈ। ਮਜਬੂਰੀ ਵੱਸ ਗ਼ਰੀਬ ਲੋਕਾਂ ਨੂੰ ਨਿੱਤ ਆਪਣੇ ਘਰ ਦਾ ਗੁਜ਼ਾਰਾ ਚਲਾਉਣ ਲਈ ਅੱਤਾਂ ਦੀ ਠੰਢ ਵਿਚ ਘਰੋਂ ਬਾਹਰ ਕੰਮ 'ਤੇ ਜਾਣਾ ਪੈਂਦਾ ਹੈ। ਇਸ ਤੋਂ ਇਲਾਵਾ ਖੁੱਲ੍ਹੇਆਮ ਫਿਰਦੇ ਪਸ਼ੂ ਵੀ ਜ਼ਿਆਦਾ ਠੰਡ ਦੀ ਲਪੇਟ ਵਿਚ ਆ ਰਹੇ ਹਨ।
ਬੱਚਿਆਂ ਅਤੇ ਬਜ਼ੁਰਗਾਂ ਨੂੰ ਵੀ ਠੰਢ ਬਹੁਤ ਜ਼ਿਆਦਾ ਪ੍ਰਭਾਵਿਤ ਕਰ ਰਹੀ ਹੈ। ਗ਼ਰੀਬ ਲੋਕਾਂ ਲਈ ਰਾਸ਼ਨ ਆਦਿ ਮੁਹੱਈਆ ਕਰਵਾਇਆ ਜਾਵੇ, ਪਸ਼ੂਆਂ ਲਈ ਹਰੇ ਚਾਰੇ ਦਾ ਪ੍ਰਬੰਧ ਕਰਕੇ ਸਾਨੂੰ ਮਾਨਵਤਾ ਪ੍ਰਤੀ ਆਪਣੇ ਕਰਤੱਵ ਨਿਭਾਉਣਾ ਚਾਹੀਦਾ ਹੈ। ਸਾਨੂੰ ਸਭ ਨੂੰ ਕਿਰਤੀਆਂ, ਬੱਚਿਆਂ, ਬਜ਼ੁਰਗਾਂ ਅਤੇ ਖੁੱਲ੍ਹੇਆਮ ਫਿਰਦੇ ਪਸ਼ੂਆਂ ਨੂੰ ਠੰਢ ਤੋਂ ਬਚਾਉਣ ਲਈ ਵੱਧ ਤੋਂ ਵੱਧ ਉਪਰਾਲੇ ਕਰਨੇ ਚਾਹੀਦੇ ਹਨ। ਸਰਕਾਰ ਨੂੰ ਵੀ ਇਸ ਪਾਸੇ ਧਿਆਨ ਦਿੰਦੇ ਹੋਏ ਲੋੜਵੰਦਾਂ ਲਈ ਉਚੇਚੇ ਪ੍ਰਬੰਧ ਕਰਨੇ ਚਾਹੀਦੇ ਹਨ।

-ਅੰਗਰੇਜ ਸਿੰਘ ਵਿੱਕੀ,
ਪਿੰਡ ਤੇ ਡਾਕ. ਕੋਟਗੁਰੂ (ਬਠਿੰਡਾ)

ਪਿਆਰੇ ਪੰਛੀ, ਨੰਨੀ ਪਰੀ

ਬਾਲ ਸੰਸਾਰ ਮੈਗਜ਼ੀਨ ਵਿਚ ਹਰਪ੍ਰੀਤ ਪੱਤੋ ਦੀ ਬਾਲ ਰਚਨਾ 'ਨੰਨੀ ਪਰੀ' ਪੜ੍ਹੀ। ਰਚਨਾ ਬਾਲ ਮਨਾਂ ਨੂੰ ਟੁੰਬਦੀ ਸੀ। ਬਾਲ ਰਚਨਾ ਦੀ ਇਹੀ ਵਿਸ਼ੇਸ਼ਤਾ ਹੈ ਉਹ ਰਚਨਾ ਬਾਲ ਮਨਾਂ ਦੀ ਤਰਜਮਾਨੀ ਕਰੇ। ਪੱਤੋ ਦੀਆਂ ਬਾਲ ਸੰਸਾਰ ਮੈਗਜ਼ੀਨ ਵਿਚ ਅਸੀਂ ਪੜ੍ਹਦੇ ਰਹਿੰਦੇ ਹਾਂ। 'ਪਿਆਰੇ ਪੰਛੀ' ਮਲਕੀਤ ਸਿੰਘ ਗਿੱਲ ਹੋਰਾਂ ਦੀ ਰਚਨਾ ਪੜ੍ਹੀ ਵਧੀਆ ਲੱਗੀ। ਅਸੀਂ ਪੰਛੀਆਂ ਨੂੰ ਭੁੱਲਦੇ ਜਾ ਰਹੇ ਹਾਂ। ਪੰਛੀ ਸਾਡੀ ਜ਼ਿੰਦਗੀ ਵਿਚ ਖ਼ੁਸ਼ੀ ਭਰਦੇ ਹਨ। ਮਿੱਠੀ ਆਵਾਜ਼ ਮਨ ਨੂੰ ਚੰਗੀ ਲੱਗਦੀ ਹੈ।
ਪੰਛੀਆਂ ਬਿਨਾਂ ਇਹ ਸੰਸਾਰ ਅਧੂਰਾ ਜਾਪਦਾ ਹੈ। ਜੇਕਰ ਪੰਛੀ ਸਾਡੀ ਜ਼ਿੰਦਗੀ ਵਿਚੋਂ ਦੂਰ ਚਲੇ ਗਏ ਤਾਂ ਅਸੀਂ ਖ਼ੁਸ਼ੀ ਪ੍ਰਾਪਤ ਨਹੀਂ ਕਰ ਸਕਦੇ। ਆਓ! ਕੋਸ਼ਿਸ਼ ਕਰੀਏ ਪੰਛੀਆਂ ਨੂੰ ਬਚਾਈਏ, ਖ਼ੁਸ਼ੀਆਂ ਨੂੰ ਜ਼ਿੰਦਗੀ ਵਿਚ ਮੋੜ ਲਿਆਈਏ। ਪੰਛੀ ਸਾਡੇ ਘਰ ਵਿਚ ਰੌਣਕ ਲਾਉਂਦੇ ਨੇ। ਪਾਠਕ ਪੰਛੀ ਮਿੱਠੇ-ਮਿੱਠੇ ਗੀਤ ਸੁਣਾਉਂਦੇ ਨੇ। ਮੈਂ ਸੋਚਦਾ ਪੰਛੀਆਂ ਦੇ ਸੰਗ ਰਹਿਣਾ। ਭੁੱਲ ਨਾ ਜਾਣਾ ਬੱਚਿਓ, ਪੰਛੀ ਜ਼ਿੰਦਗੀ ਦਾ ਗਹਿਣਾ। ਪੰਛੀਆਂ ਬਿਨਾਂ ਅਧੂਰੀ ਜ਼ਿੰਦਗੀ ਜਾਪੇ ਮੈਨੂੰ। ਦਾਦਾ-ਦਾਦੀ ਜੀ ਪੰਛੀਆਂ ਦੀ ਬਾਤ ਸੁਣਾਉਂਦੇ ਤੈਨੂੰ। ਆ ਜਾ ਫਿਰ ਮਿੱਤਰਾ ਪੰਛੀਆਂ ਨਾਲ ਸਾਂਝਾਂ ਪਾਈਏ। ਸਾਰੇ ਰਲ ਕੇ ਪੰਛੀਆਂ ਦੇ ਗੀਤ ਗਾਈਏ।

-ਰਾਮ ਸਿੰਘ ਪਾਠਕ

ਲੱਤਾਂ ਖਿੱਚਣ ਦੀ ਆਦਤ

ਘਰ ਹੋਵੇ ਜਾਂ ਕੋਈ ਸੰਸਥਾ, ਇਕ ਗੱਲ ਹਰ ਥਾਂ ਦੇਖਣ ਨੂੰ ਮਿਲਦੀ ਹੈ-ਕਿਸੇ ਦਾ ਚੰਗਾ ਕੀਤਾ ਕੰਮ ਵੀ ਸਭ ਨੂੰ ਚੰਗਾ ਨਹੀਂ ਲੱਗਦਾ। ਜਦੋਂ ਮਨੁੱਖ ਆਪਣਾ ਕੰਮ ਸਿਰਫ਼ ਪ੍ਰਸੰਸਾ ਦੀ ਉਮੀਦ ਨਾਲ ਕਰਦਾ ਹੈ, ਤਾਂ ਅਕਸਰ ਉਹ ਉਮੀਦ ਹੀ ਉਸ ਦੇ ਦੁੱਖ ਦਾ ਕਾਰਨ ਬਣ ਜਾਂਦਾ ਹੈ, ਕਿਉਂਕਿ ਹਰ ਤਾਲੀ ਦੇ ਨਾਲ ਕੋਈ ਨਾ ਕੋਈ ਆਲੋਚਨਾ ਵੀ ਜੁੜੀ ਹੁੰਦੀ ਹੈ।
ਸਮੇਂ ਦੇ ਨਾਲ ਇਹ ਸਿੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਪਸੰਸਾ ਹੋਵੇ ਜਾਂ ਆਲੋਚਨਾ-ਦੋਵਾਂ ਨੂੰ ਇਕੋ ਨਜ਼ਰ ਨਾਲ ਦੇਖਣਾ ਹੀ ਮਨ ਦੀ ਸ਼ਾਂਤੀ ਲਈ ਸਭ ਤੋਂ ਵਧੀਆ ਹੈ।
ਅਕਸਰ ਇਹ ਵੀ ਵੇਖਣ ਵਿਚ ਆਉਂਦਾ ਹੈ ਕਿ ਜਦੋਂ ਕੋਈ ਵਿਅਕਤੀ ਸੱਚੀ ਨੀਅਤ ਨਾਲ ਕੁਝ ਚੰਗਾ ਕਰਨ ਦੀ ਕੋਸ਼ਿਸ਼ ਕਰਦਾ ਹੈ, ਤਾਂ ਕੁਝ ਲੋਕ ਉਸ ਦੀ ਮਿਹਨਤ ਦੀ ਕਦਰ ਦੀ ਥਾਂ ਉਸ ਦੀਆਂ ਨਿੱਕੀਆਂ-ਨਿੱਕੀਆਂ ਗਲਤੀਆਂ ਨੂੰ ਉਭਾਰ ਕੇ ਸਾਹਮਣੇ ਲਿਆਉਂਦੇ ਹਨ। ਇਹ ਆਲੋਚਨਾ ਅਕਸਰ ਸੁਧਾਰ ਲਈ ਨਹੀਂ, ਸਗੋਂ ਅੰਦਰਲੀ ਅਸੰਤੁਸ਼ਟੀ ਦਾ ਪ੍ਰਗਟਾਵਾ ਬਣ ਜਾਂਦੀ ਹੈ।
ਕਈ ਵਾਰ ਵਿਰੋਧ ਦਾ ਕਾਰਨ ਕੰਮ ਨਹੀਂ ਹੁੰਦਾ, ਸਗੋਂ ਅਹੰਕਾਰ ਹੁੰਦਾ ਹੈ। ਕੁਝ ਲੋਕ ਇਸ ਲਈ ਵੀ ਨਾਰਾਜ਼ ਹੋ ਜਾਂਦੇ ਹਨ ਕਿ ਜਿਹੜਾ ਕੰਮ ਉਹ ਲੰਮੇ ਸਮੇਂ ਤੋਂ ਨਹੀਂ ਕਰ ਸਕੇ, ਉਹ ਕਿਸੇ ਹੋਰ ਨੇ ਕਰ ਦਿਖਾਇਆ। ਇਕ ਵਿਅਕਤੀ ਤੱਕ ਸੀਮਤ ਨਹੀਂ ਰਹਿੰਦੀ, ਸਗੋਂ ਲਗਭਗ ਹਰ ਸੰਸਥਾ ਵਿਚ ਆਮ ਹੀ ਵੇਖੀ ਜਾਂਦੀ ਹੈ।

-ਪਵਨ ਕੁਮਾਰ ਅੱਤਰੀ
ਕਪੂਰਥਲਾ।