ਪੁਲਿਸ ਤੇ ਬੀਐਸਐਫ ਦੇ ਸਾਂਝੇ ਸਰਚ ਅਪ੍ਰੇਸ਼ਨ ਦੌਰਾਨ 10 ਕਿਲੋ ਹੈਰੋਇਨ ਤੇ ਅਸਲੇ ਸਮੇਤ ਨੌਜਵਾਨ ਕਾਬੂ
ਡੇਰਾ ਬਾਬਾ ਨਾਨਕ (ਬਟਾਲਾ), 15 ਨਵੰਬਰ (ਹੀਰਾ ਸਿੰਘ ਮਾਂਗਟ) - ਪੰਜਾਬ ਸਰਕਾਰ ਵਲੋਂ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਅੱਜ ਡੇਰਾ ਬਾਬਾ ਨਾਨਕ ਪੁਲਿਸ ਵਲੋਂ ਬੀਐਸਐਫ ਦੇ ਨਾਲ ਚਲਾਏ ਸਾਂਝੇ ਸਰਚ ਅਭਿਆਨ ਦੌਰਾਨ ਡੇਰਾ ਬਾਬਾ ਨਾਨਕ ਨਜ਼ਦੀਕ ਖੇਤਾਂ ਵਿਚੋਂ 10 ਕਿਲੋ ਹੈਰੋਇਨ ਤੇ ਅਸਲੇ ਸਮੇਤ ਇਕ ਵਿਅਕਤੀ ਨੂੰ ਕਾਬੂ ਕਰਨ ਦੀ ਵੱਡੀ ਸਫਲਤਾ ਪ੍ਰਾਪਤ ਕੀਤੀ ਗਈ ਹੈ। ਫੜੇ ਗਏ ਦੋਸ਼ੀ ਦੀ ਪਹਿਚਾਨ ਕਰਨਦੀਪ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਭੱਲਾ ਕਲੋਨੀ ਅੰਮ੍ਰਿਤਸਰ ਵਜੋਂ ਹੋਈ ਹੈ।
ਇਸ ਸੰਬੰਧੀ ਡੇਰਾ ਬਾਬਾ ਨਾਨਕ ਦੇ ਡੀਐਸਪੀ ਜੋਗਾ ਸਿੰਘ ਨੇ ਦੱਸਿਆ ਕਿ ਪੁਲਿਸ ਅਤੇ ਬੀਐਸਐਫ ਦੀ 113 ਬਟਾਲੀਅਨ ਵਲੋਂ ਡੇਰਾ ਬਾਬਾ ਨਾਨਕ ਦੇ ਨਜ਼ਦੀਕੀ ਪਿੰਡ ਪੱਖੋਕੇ ਮਾਹਿਮਾਰਾਂ ਨਜ਼ਦੀਕ ਸਰਚ ਆਪ੍ਰੇਸ਼ਨ ਚਲਾਇਆ ਹੋਇਆ ਸੀ, ਜਿਸ ਦੌਰਾਨ ਇਕ ਨੌਜਵਾਨ ਨੂੰ ਕਾਬੂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਜਦ ਸ਼ੱਕ ਦੇ ਦੌਰਾਨ ਉਕਤ ਨੌਜਵਾਨ ਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ ਇਕ ਪਿਸਤੌਲ ਸਮੇਤ ਮੈਗਜ਼ੀਨ ਅਤੇ ਇਕ ਜ਼ਿੰਦਾ ਰੋਂਦ, ਇਕ ਮੋਬਾਇਲ ਫੋਨ ਅਤੇ 4210 ਰੁਪਏ ਭਾਰਤੀ ਕਰੰਸੀ ਡਰੱਗ ਮਨੀ ਤੇ ਇਕ ਮੋਟਰਸਾਈਕਲ ਸਪਲੈਂਡਰ ਬਰਾਮਦ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਦੀ ਨਿਸ਼ਾਨਦੇਹੀ 'ਤੇ ਨਜ਼ਦੀਕੀ ਪਿੰਡ ਰੱਤੜ ਛੱਤੜ ਦੇ ਸੰਤੋਖ ਸਿੰਘ ਪੁੱਤਰ ਖਜਾਨ ਸਿੰਘ, ਜਿਸ ਦੀ ਜ਼ਮੀਨ ਸਤਪਾਲ ਸਿੰਘ ਪੁੱਤਰ ਪ੍ਰਤਾਪ ਸਿੰਘ ਵਾਸੀ ਰੱਤੜ ਛੱਤੜ ਨੇ ਠੇਕੇ 'ਤੇ ਲਈ ਹੋਈ ਹੈ, ਦੇ ਖੇਤਾਂ ਵਿਚ ਸਰਚ ਕਰਨ 'ਤੇ 10 ਕਿਲੋ 20 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ । ਉਨ੍ਹਾਂ ਦੱਸਿਆ ਕਿ ਇਹ ਖੇਪ ਉਕਤ ਵਿਅਕਤੀ ਵਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਪਾਕਿਸਤਾਨ ਤੋਂ ਡਰੋਨ ਰਾਹੀਂ ਮੰਗਵਾਈ ਗਈ ਸੀ। ਡੀਐਸਪੀ ਜੋਗਾ ਸਿੰਘ ਦੱਸਿਆ ਕਿ ਪੁਲਿਸ ਵਲੋਂ ਉਕਤ ਵਿਅਕਤੀ 'ਤੇ ਥਾਣਾ ਡੇਰਾ ਬਾਬਾ ਨਾਨਕ ਵਿਖੇ ਮਾਮਲਾ ਦਰਜ ਕਰਕੇ ਉਸ ਦੇ ਬਾਕੀ ਸਾਥੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।
;
;
;
;
;
;
;
;