16-11-25
ਪੰਜਾਬ ਦੇ ਪਾਣੀਆਂ ਲਈ ਸੰਘਰਸ਼
ਲੇਖਕ : ਗੁਰਦੇਵ ਸਿੰਘ (ਸਕਰੈਂਬਲ ਫਾਰ ਪੰਜਾਬ ਵਾਟਰਜ਼)
ਅਨੁਵਾਦ : ਸੁਖਜਿੰਦਰ
ਪ੍ਰਕਾਸ਼ਕ : ਵ੍ਹਾਈਟ ਕਰੋਅ ਪਬਲਿਸ਼ਰਜ਼ ਰਣਜੀਤਗੜ੍ਹ ਬਾਂਦਰਾ
ਮੁੱਲ : 200 ਰੁਪਏ, ਸਫ਼ੇ : 112
ਸੰਪਰਕ : 91-97809-09077

ਇਸ ਪੁਸਤਕ ਦਾ ਲੇਖਕ ਐਮ.ਏ.ਐਲ.ਐਲ.ਬੀ., ਆਈ.ਏ.ਐਸ. (ਸੇਵਾਮੁਕਤ), ਲਗਭਗ ਅੱਧੀ ਸਦੀ ਤੋਂ ਪੰਜਾਬ ਦੇ ਦਰਿਆਈ ਪਾਣੀਆਂ ਬਾਰੇ ਗੰਭੀਰਤਾ ਨਾਲ ਵਿਚਾਰ ਕਰਦਾ ਰਿਹਾ ਹੈ। ਇਸ ਪੁਸਤਕ ਦੀ ਅਹਿਮੀਅਤ ਨੂੰ ਵੇਖਦੇ ਹੋਏ ਇੰਸਟੀਚਿਊਟ ਆਫ਼ ਸਿੱਖ ਸਟੱਡੀਜ਼ ਨੇ ਛਪਵਾਉਣ ਦਾ ਉੱਦਮ ਕੀਤਾ। ਪੰਜਾਬ ਦੇ ਪਾਣੀਆਂ ਦੀ ਵੰਡ ਬਾਰੇ ਅੱਜ ਤੱਕ ਪੈਦਾ ਹੋ ਰਹੀਆਂ ਉਲਝਣਾਂ ਦੇ ਮੁੱਦੇ ਨੂੰ ਬਾਰੀਕੀ ਵਿਚ ਸਮਝਣ-ਸਮਝਾਉਣ ਲਈ ਲੇਖਕ ਨੇ ਇਸ ਕਿਤਾਬ ਨੂੰ 9 ਕਾਂਡਾਂ ਵਿਚ ਵੰਡ ਕੇ (ਰਾਸ਼ਟਰੀ ਅਤੇ ਸੰਵਿਧਾਨਕ ਪੱਖ, ਭੂਗੋਲਿਕ ਸਰਹੱਦਾਂ ਅਤੇ ਕੁਦਰਤੀ ਢਲਾਣਾਂ, ਗ਼ੈਰ-ਸੰਵਿਧਾਨਕ ਕਾਨੂੰਨ, ਬਦਨੀਤੀ ਭਰੇ ਕਦਮ ਤੇ ਬਰਬਰ ਹੁਕਮਨਾਮੇ, ਪੰਜਾਬ ਪੁਨਰ ਗਠਨ ਐਕਟ 1966 ਦਾ ਤਰੁੱਟੀਪੂਰਨ ਅਮਲ, ਖੋਖਲੇ ਗ਼ੈਰ-ਅਨੁਮਾਨਤ ਸਮਝੌਤੇ, ਰਾਜਸੀ ਧੋਖਾਧੜੀ, ਤਕਨੀਕ ਅੇਤ ਆਰਥਿਕ ਪੱਖ, ਅਧਿਆਤਮਕ ਪੱਖ, ਲਗਾਓ, ਨਦੀਆਂ ਦੀ ਇੰਟਰ ਲਿੰਕਿੰਗ : ਸ਼ੇਖ਼ ਚਿੱਲੀਆਂ ਤੋਂ ਬਿਨਾਂ ਐਪਿਲੌਗ ਅਤੇ ਚਾਰ ਅਪੈਂਡਿਕਸ ਜੋੜ ਕੇ ਆਪਣਾ ਖੋਜ ਭਰਪੂਰ ਕਾਰਜ ਸੰਪੰਨ ਕੀਤਾ ਹੈ। ਇਸ ਸਾਰੀ ਸਮੱਗਰੀ ਦਾ ਅਧਿਐਨ ਕਰਦਿਆਂ ਪਾਠਕਾਂ ਨੂੰ ਤਸੱਲੀਬਖ਼ਸ਼ ਅਤੇ ਵਾਸਤਵਿਕ ਜਾਣਕਾਰੀ ਉਪਲਬੱਧ ਹੁੰਦੀ ਹੈ। 26 ਜਨਵਰੀ, 1950 ਨੂੰ ਲਾਗੂ ਕੀਤੇ ਭਾਰਤ ਦੇ ਸੰਵਿਧਾਨ ਵਿਚ ਦਰਿਆਵਾਂ ਦੇ ਪਾਣੀਆਂ ਨੂੰ 'ਸਟੇਟ ਲਿਸਟ' ਵਿਚ ਰੱਖਿਆ ਗਿਆ ਸੀ। ਇਸ ਲਈ ਰਾਵੀ, ਬਿਆਸ ਅਤੇ ਸਤਲੁਜ ਦੇ ਪਾਣੀਆਂ 'ਤੇ 'ਰਿਪੇਰੀਅਨ ਸਿਧਾਂਤ' ਅਨੁਸਾਰ ਪੰਜਾਬ ਰਾਜ ਦਾ ਕਾਨੂੰਨੀ ਅਧਿਕਾਰ ਹੈ। ਤਾਂ ਵੀ ਵਾਰ-ਵਾਰ ਇਸ ਮੁੱਦੇ ਨੂੰ ਉਛਾਲਿਆ ਜਾਂਦਾ ਰਿਹਾ ਹੈ। ਪੰਜਾਬ ਪੁਨਰ ਗਠਨ ਐਕਟ 1966 ਨੂੰ ਤਿਆਰ ਕਰਦਿਆਂ, ਸੈਕਸ਼ਨ 78, 79, 80 ਰਾਹੀਂ ਸਿੱਧੇ ਤੌਰ 'ਤੇ ਭਾਰਤੀ ਸੰਵਿਧਾਨ ਦਾ ਉਲੰਘਣ ਕਰਕੇ ਪੰਜਾਬ ਦੇ ਦਰਿਆਵਾਂ ਦੇ ਪਾਣੀਆਂ ਨੂੰ ਗ਼ੈਰ-ਰਿਪੇਰੀਅਨ ਰਾਜਾਂ ਨੂੰ ਦੇ ਦਿੱਤਾ ਗਿਆ। ਉਦੋਂ ਤੋਂ ਹੀ ਪੰਜਾਬ ਨੇ ਆਪਣੇ ਹੱਕਾਂ ਲਈ ਆਪਣਾ ਸੰਘਰਸ਼ ਨਿਰੰਤਰ ਜਾਰੀ ਰੱਖਿਆ ਹੋਇਆ ਹੈ। ਉਂਜ ਵੀ ਪੰਜਾਬ ਕੋਲ ਵਾਧੂ ਪਾਣੀ ਨਹੀਂ ਹੈ, ਕਿਉਂਕਿ ਭੂਮੀ ਹੇਠਲਾ ਪਾਣੀ ਵੀ ਖਤਮ ਹੋਣ ਵਾਲਾ ਹੈ। ਕੇਂਦਰ ਅਤੇ ਅਦਾਲਤ ਦੀ ਦਖ਼ਲ ਅੰਦਾਜ਼ੀ ਨੇ ਇਸ ਸੰਕਟ ਨੂੰ ਹੋਰ ਗੰਭੀਰ ਬਣਾ ਦਿੱਤਾ। ਕਪੂਰੀ ਮੋਰਚਾ ਅਪ੍ਰੈਲ 82 ਤੋਂ ਲੈ ਕੇ ਅੱਜ ਤੱਕ ਇਹ ਸੰਘਰਸ਼ ਜਾਰੀ ਹੈ। (ਅਪੈਂਡਿਕਸ 'ਏ') ਅੰਤਿਕਾ 1955 ਦਾ ਸਮਝੌਤਾ ਕਾਨਫਰੰਸ ਦੁਆਰਾ ਸਿਰਫ਼ ਜਲ ਸਪਲਾਈ ਦੇ ਵਟਾਂਦਰੇ ਬਾਰੇ ਸੀ। ਅਪੈਂਡਿਕਸ 'ਬੀ' 24 ਮਾਰਚ, 1976 ਨੋਟੀਫਿਕੇਸ਼ਨ ਰਾਹੀਂ ਕੇਂਦਰੀ ਸਰਕਾਰ ਨੇ ਹਰਿਆਣਾ ਨੂੰ ਪਾਣੀ ਦੇਣ ਲਈ ਵਿਵਸਥਾ ਕਰ ਦਿੱਤੀ। ਅਪੈਂਡਿਕਸ 'ਸੀ' ਵਿਚ ਇਹ ਐਲਾਨ ਕੀਤਾ ਗਿਆ ਕਿ ਐਸ.ਵਾਈ.ਐਲ. ਦਾ ਨਿਰਮਾਣ ਪੂਰਾ ਕੀਤਾ ਜਾਵੇ। ਹੇਠ ਲਿਖੇ ਮੁੱਖ ਮੰਤਰੀਆਂ ਨੇ 31 ਦਸੰਬਰ, 1981 ਨੂੰ ਇਸ ਮਤੇ 'ਤੇ ਦਸਤਖਤ ਕੀਤੇ, ਪ੍ਰਧਾਨ ਮੰਤਰੀ ਨੇ ਵੀ। ਸ਼ਿਵ ਚਰਨ ਮਾਥੁਰ ਮੁੱਖ ਮੰਤਰੀ ਰਾਜਸਥਾਨ, ਭਜਨ ਲਾਲ ਮੁੱਖ ਮੰਤਰੀ ਹਰਿਆਣਾ, ਦਰਬਾਰਾ ਸਿੰਘ ਮੁੱਖ ਮੰਤਰੀ ਪੰਜਾਬ ਅਤੇ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਭਾਰਤ ਸਰਕਾਰ।
ਅੰਤਿਕਾ 'ਡੀ' ਪੰਜਾਬ ਅਸੰਬਲੀ ਮਤਾ 5-11-1985 ਅਨੁਸਾਰ ਇਸ ਮਤੇ ਤੋਂ ਪਹਿਲੇ ਸਾਰੇ ਸਮਝੌਤੇ ਰੱਦ ਕੀਤੇ ਗਏ।
2004 ਵਿਚ ਪੰਜਾਬ ਅਸੰਬਲੀ ਨੇ ਆਪਣੀ ਸਿਆਣਪ ਦਾ ਸਬੂਤ ਦਿੰਦਿਆਂ ਪੰਜਾਬ ਟਰਮੀਨੇਸ਼ਨ ਆਫ਼ ਐਗਰੀਮੈਂਟ ਐਕਟ ਪਾਸ ਕੀਤਾ, ਜਿਸ ਅਧੀਨ ਪੰਜਾਬ ਦੁਆਰਾ ਰਾਵੀ ਬਿਆਸ ਦੇ ਪਾਣੀਆਂ ਨੂੰ ਵੰਡਣ ਤੋਂ ਪਹਿਲਾਂ ਕੀਤੇ ਸਾਰੇ ਸਮਝੌਤਿਆਂ ਨੂੰ ਰੱਦ ਕਰ ਦਿੱਤਾ ਗਿਆ। ਪੰਨਾ-20.
ਲੇਖਕ ਨੇ ਸਲਾਹ ਦਿੱਤੀ ਹੈ, 'ਸਾਡੇ ਪਾਣੀਆਂ ਦੇ ਮਾਮਲੇ ਨੂੰ ਹੱਲ ਕਰਨ ਲਈ ਕੇਂਦਰ ਸਰਕਾਰ ਨੂੰ ਨਿਰਪੱਖ ਸਾਲਸ ਅਤੇ ਅਕਲਮੰਦ ਸਹਾਇਕ ਦੀ ਭੂਮਿਕਾ ਅਦਾ ਕਰਨੀ ਚਾਹੀਦੀ ਹੈ।' ਪੰਨਾ-90.
ਲੇਖਕ ਨੇ ਬੜੀ ਮਿਹਨਤ ਨਾਲ, ਤੱਥਾਂ ਅਤੇ ਅੰਕੜਿਆਂ ਸਮੇਤ ਪਾਣੀਆਂ ਦੀ ਵੰਡ ਦਾ ਵਿਸ਼ਲੇਸ਼ਣ ਕੀਤਾ ਹੈ।
-ਡਾ. ਧਰਮ ਚੰਦ ਵਾਤਿਸ਼
ਮੋਬਾਈਲ : 88376-79186
ਹਿੰਸਾ ਤੋਂ ਪਾਰ
ਮੂਲ ਲੇਖਕ : ਜੇ. ਕ੍ਰਿਸ਼ਨਾਮੂਰਤੀ
ਅਨੁਵਾਦਕ : ਬਲਰਾਮ
ਪ੍ਰਕਾਸ਼ਕ: ਆਟਮ ਆਰਟ, ਪਟਿਆਲਾ
ਮੁੱਲ : 250 ਰੁਪਏ, ਸਫ਼ੇ : 174
ਸੰਪਰਕ: 9115872450

'ਹਿੰਸਾ ਤੋਂ ਪਾਰ' ਜੇ. ਕ੍ਰਿਸ਼ਨਾਮੂਰਤੀ ਦੀ ਅੰਗਰੇਜ਼ੀ ਪੁਸਤਕ '2e਼ond V}o&ence' ਦਾ ਪੰਜਾਬੀ ਅਨੁਵਾਦ ਬਲਰਾਮ ਨੇ ਕੀਤਾ ਹੈ। ਜੇ. ਕ੍ਰਿਸ਼ਨਾਮੂਰਤੀ ਸੰਸਾਰ ਦੇ ਇਕ ਮਹਾਨ ਦਾਰਸ਼ਨਿਕ ਅਤੇ ਧਾਰਮਿਕ ਸਿੱਖਿਆ ਸ਼ਾਸਤਰੀ ਹੋਏ ਹਨ, ਜਿਨ੍ਹਾਂ ਦੀ ਸੋਚ ਅਤੇ ਵਿਚਾਰਧਾਰਾ ਨੂੰ ਸਮੇਂ ਅਤੇ ਦੇਸ਼ਾਂ ਦੀਆਂ ਹੱਦਬੰਦੀਆਂ ਵਿਚ ਬੰਨ੍ਹਿਆ ਨਹੀਂ ਜਾ ਸਕਦਾ। ਲਗਭਗ ਸੱਠ ਸਾਲ ਤੋਂ ਵੀ ਵੱਧ ਸਮਾਂ ਉਨ੍ਹਾਂ ਵੱਖ-ਵੱਖ ਦੇਸ਼ਾਂ ਵਿਚ ਘੁੰਮਦਿਆਂ ਵੱਖ-ਵੱਖ ਲੋਕਾਂ ਨਾਲ ਵੱਖ-ਵੱਖ ਵਿਸ਼ਿਆਂ 'ਤੇ ਸੰਵਾਦ ਰਚਾਇਆ ਹੈ, ਗੋਸ਼ਟੀਆਂ ਕੀਤੀਆਂ ਹਨ। ਉਨ੍ਹਾਂ ਦੀਆਂ ਸਿੱਖਿਆਵਾਂ ਕਿਸੇ ਕਿਤਾਬੀ ਗਿਆਨ ਜਾਂ ਸਿਧਾਂਤਾਂ 'ਤੇ ਆਧਾਰਿਤ ਨਹੀਂ ਹਨ, ਸਗੋਂ ਉਹ ਸਿੱਧੇ ਤੌਰ 'ਤੇ ਜਨ-ਸਧਾਰਨ ਨਾਲ ਕੀਤੀਆਂ ਗੋਸ਼ਟੀਆਂ ਦਾ ਸਿੱਟਾ ਹੈ। ਇਹੋ ਕਾਰਨ ਹੈ ਕਿ ਉਨ੍ਹਾਂ ਦੀਆਂ ਸਿੱਖਿਆਵਾਂ ਕਿਸੇ ਵੀ ਅਜਿਹੇ ਇਨਸਾਨ ਨਾਲ ਸਿੱਧਾ ਸੰਵਾਦ ਸਥਾਪਿਤ ਕਰ ਲੈਂਦੀਆਂ ਹਨ, ਜੋ ਮੌਜੂਦਾ ਦੌਰ ਵਿਚ ਸਮੁੱਚੇ ਸੰਸਾਰ ਵਿਚ ਫ਼ੈਲੇ ਹਿੰਸਾ ਦੇ ਸੰਕਟ ਨਾਲ ਜੁੜਦੀਆਂ ਹਨ। ਹਥਲੀ ਪੁਸਤਕ ਦੇ ਅਨੁਵਾਦਕ ਬਲਰਾਮ ਨੇ ਇਹੋ ਦੱਸਿਆ ਹੈ ਕਿ ਅੱਜ ਦੇ ਮਨੁੱਖ ਨੇ ਸਾਰੇ ਸੰਸਾਰ ਵਿਚ ਇੱਕ ਅਜਿਹੇ ਸਮਾਜ ਦੀ ਸਿਰਜਣਾ ਕਰ ਲਈ ਹੈ, ਜੋ ਹਿੰਸਾ-ਪੱਖੀ ਹੈ, ਕਿਉਂਕਿ ਮਨੁੱਖ ਆਰੰਭ ਤੋਂ ਹੀ ਹਿੰਸਕ ਹੋ ਕੇ ਆਪਣੀ ਹੋਂਦ ਨੂੰ ਕਾਇਮ ਰੱਖਦਾ ਰਿਹਾ ਹੈ। ਉਸ ਦੇ ਅਵਚੇਤਨ ਮਨ ਵਿਚ ਪਈ ਹਿੰਸਕ ਵਿਚਾਰਧਾਰਾ ਅੱਜ ਵੀ ਜਿਉਂ ਦੀ ਤਿਉਂ ਬਰਕਰਾਰ ਹੈ। ਮਨੁੱਖ ਦਾ ਆਪਣੇ ਘੇਰੇ ਨੂੰ ਮੌਕਲਾ ਕਰਨ ਦੀ ਸਦੀਆਂ ਪੁਰਾਣੀ ਪ੍ਰਵਿਰਤੀ ਕਾਰਨ ਹੀ ਅੱਜ ਦੇ ਦੌਰ ਵਿਚ ਸੰਸਾਰ ਪੱਧਰ ਉੱਤੇ ਇਹ ਹਿੰਸਕ ਮਾਹੌਲ ਬਣਿਆ ਹੋਇਆ ਹੈ, ਪਰੰਤੂ ਇਸ ਹਿੰਸਕ ਪ੍ਰਵਿਰਤੀ ਤੋਂ ਪਾਰ ਜਾਣ ਦੀ ਵਿਧੀ ਕਿਹੜੀ ਹੈ? ਇਸ ਪੁਸਤਕ ਵਿਚ ਦਰਜ ਵਿਚਾਰ ਇਨਸਾਨ ਨੂੰ ਹਿੰਸਾ ਤੋਂ ਪਾਰ ਜਾਣ ਲਈ ਆਪਣੇ ਅਵਚੇਤਨ ਮਨ ਦੀਆਂ ਡੂੰਘੀਆਂ ਤੈਹਾਂ ਨੂੰ ਫਰੋਲਣ ਦਾ ਬਹੁਤ ਵਧੀਆ ਸੁਨੇਹਾ ਦਿੱਤਾ ਗਿਆ ਹੈ। ਬਲਰਾਮ ਦੁਆਰਾ ਕੀਤੇ ਪੰਜਾਬੀ ਅਨੁਵਾਦ ਦਾ ਸੁਆਗਤ ਕਰਨਾ ਬਣਦਾ ਹੈ।
-ਡਾ. ਇਕਬਾਲ ਸਿੰਘ ਸਕਰੌਦੀ
ਮੋਬਾਈਲ : 84276-85020
ਚਾਰ ਮੂਏ ਤੋ ਕਿਆ ਭਇਆ
ਲੇਖਕ : ਮੇਵਾ ਸਿੰਘ
ਸੰਪਾਦਕ : ਰਜਿੰਦਰ ਕੌਰ ਜੀਤ
ਪ੍ਰ੍ਕਾਸ਼ਕ : ਆਰਿਫ਼ ਪਬਲੀਕੇਸ਼ਨ ਐਂਡ ਲਿਟਰੇਚਰ ਹਾਊ, ਲੁਧਿਆਣਾ
ਮੁੱਲ : 299 ਰੁਪਏ, ਸਫੇ : 168
ਸੰਪਰਕ : 097809-00651

ਇਸ ਪੁਸਤਕ ਵਿਚ ਲੇਖਕ ਮੇਵਾ ਸਿੰਘ ਨੇ ਆਪਣੀ ਸਰਕਾਰੀ ਨੌਕਰੀ ਦੌਰਾਨ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਸਥਾਨ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਆਪਣੇ ਮਨੋਭਾਵਾਂ ਨੂੰ ਕਾਵਿ ਰੂਪ ਵਿਚ ਉਲੀਕਿਆ ਹੈ। ਉਸ ਸਮੇਂ ਦੀ ਮੁਗਲ ਹਕੂਮਤ ਵਲੋਂ ਗੁਰੂ ਸਾਹਿਬ ਦੇ ਪਰਿਵਾਰ ਉੱਪਰ ਜੋ ਕਹਿਰ ਢਾਹਿਆ ਗਿਆ, ਉਸ ਦਾ ਲੜੀਵਾਰ ਬਿਰਤਾਂਤ ਬੜੀ ਪ੍ਰਭਾਵਸ਼ਾਲੀ ਭਾਸ਼ਾ ਸ਼ੈਲੀ ਵਿਚ ਪੇਸ਼ ਕੀਤਾ ਗਿਆ ਹੈ। ਪੁਸਤਕ ਨੂੰ ਦੋ ਭਾਗਾਂ ਵਿਚ ਵੰਡਿਆ ਗਿਆ ਹੈ। ਪਹਿਲੇ ਭਾਗ ਵਿਚ ਗੁਰੂ ਸਾਹਿਬ ਦਾ ਅਨੰਦਪੁਰ ਸਾਹਿਬ ਛੱਡਣ ਉਪਰੰਤ ਚਮਕੌਰ ਸਾਹਿਬ ਦੀ ਗੜ੍ਹੀ 'ਤੇ ਕਬਜ਼ਾ ਕਰਨ ਅਤੇ ਮੁਗਲ ਫ਼ੌਜਾਂ ਨਾਲ ਘਮਸਾਨ ਦਾ ਯੁੱਧ ਕਰਨ ਦਾ ਦ੍ਰਿਸ਼ ਦਰਸਾਇਆ ਹੈ। ਦੂਜੇ ਭਾਗ ਵਿਚ ਛੋਟੇ ਸਾਹਿਬਜ਼ਾਦਿਆਂ ਦਾ ਹਾਲ, ਜੋ ਨੂਰੇ ਮਾਹੀ ਨੇ ਸਰਹੰਦ ਤੋਂ ਆ ਕੇ ਗੁਰੂ ਜੀ ਨੂੰ ਸੁਣਾਇਆ ਅਤੇ ਸਾਹਿਬਜ਼ਾਦੇ ਜ਼ੋਰਾਵਰ ਸਿੰਘ ਤੇ ਫਤਹਿ ਸਿੰਘ ਦੀ ਸ਼ਹੀਦੀ ਦਾ ਚਿਤਰਨ ਪ੍ਰਸਤੁਤ ਕੀਤਾ ਗਿਆ ਹੈ। ਉਰਦੂ ਫਾਰਸੀ ਦਾ ਗਿਆਤਾ ਹੋਣ ਕਾਰਨ ਲੇਖਕ ਦੀ ਇਹ ਰਚਨਾ ਹੋਰ ਵੀ ਪ੍ਰਭਾਵਸ਼ਾਲੀ ਹੋ ਜਾਂਦੀ ਹੈ। ਫਾਰਸੀ ਦੇ ਜਿਨ੍ਹਾਂ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ, ਉਨ੍ਹਾਂ ਦੇ ਅਰਥ ਪੰਨੇ ਦੇ ਅਖੀਰ 'ਤੇ ਦਿੱਤੇ ਗਏ ਹਨ। ਪੁਸਤਕ ਵਿਚੋਂ ਕੁਝ ਕੁ ਬੰਦ ਵੰਨਗੀ ਦੇ ਤੌਰ 'ਤੇ ਪਾਠਕਾਂ ਨਾਲ ਸਾਂਝੇ ਕੀਤੇ ਜਾ ਰਹੇ ਹਨ:
ਮੁੱਠੀ ਭਰ ਸਿੱਖ ਇਕ ਇੰਚ ਨਾ ਹਟਣ ਪਿਛੇ,
ਮੁਗ਼ਲਾਂ ਦੇ ਤਾਈਂ ਰੂਪ ਜਾਪਦੇ ਉਹ ਕਾਲ ਸੀ।
ਮੋਹਲੇਧਾਰ ਬਾਰਿਸ਼ ਬਰਸ ਰਹੀ ਸਾਉਣ ਵਾਂਗੂ
ਜੰਗ ਦੇ ਮੈਦਾਨ ਪਾਣੀ ਹੋਇਆ ਸੂਹਾ ਲਾਲ ਸੀ।
ਕੜਕਿਆ ਵਜੀਦ ਖ਼ਾਨ ਬਿੱਜ ਵਾਂਗੂੰ ਫ਼ੌਜ ਉਤੇ,
ਮੁੱਠੀ ਭਰ ਸਿੱਖਾਂ ਥੋਡੀ ਭੂਤਨੀ ਭੁਲਾਈ ਹੈ
ਕੱਟ ਕੱਟ ਡਿਗਦੇ ਹੋ ਭੇਡਾਂ ਜਿਵੇਂ ਸ਼ੇਰ ਅੱਗੇ
ਸ਼ਰਮ ਤੇ ਹਯਾ ਤੁਸੀਂ ਸਾਰਿਆਂ ਗਵਾਈ ਹੈ।
ਕਰਕੇ ਸੁਤ ਕੁਰਬਾਨ ਦੋ ਵਤਨ ਉਤੋਂ
ਦੀਦੇ ਤਰ ਨਾ ਸਾਹਿਬ-ਏ-ਕਮਾਲ ਹੋਏ।
ਉਵੇਂ ਦਿਲ ਬੁਲੰਦੀਆਂ ਰਿਹਾ ਛੋਂਹਦਾ,
ਭਾਣਾ ਮੰਨ ਕੇ ਅਤਿ ਨਿਹਾਲ ਹੋਏ।
ਪੁਸਤਕ ਦੇ ਅਖੀਰ ਵਿਚ ਗੁਰਦੁਆਰਾ ਫਤਹਿਗੜ੍ਹ, ਸਰਹਿੰਦ ਅਤੇ ਗੁਰਦੁਆਰਾ ਜੋਤੀ ਸਰੂਪ ਸਰਹਿੰਦ ਦੀਆਂ ਤਸਵੀਰਾਂ ਦੇ ਨਾਲ-ਨਾਲ ਸੰਬੰਧਿਤ ਘਟਨਾਵਾਂ ਦੇ ਚਿੱਤਰ ਪੁਸਤਕ ਦੀ ਸੁੰਦਰਤਾ ਵਿਚ ਵਾਧਾ ਕਰਦੇ ਹਨ।
-ਕੰਵਲਜੀਤ ਸਿੰਘ ਸੂਰੀ
ਮੋਬਾਈਲ : 93573-24241
ਟਰੈਂਡ
ਲੇਖਕ : ਗੁਰਮੇਲ ਸਿੰਘ ਬੌਡੇ
ਪ੍ਰਕਾਸ਼ਕ : ਤਰਕਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 250 ਰੁਪਏ, ਸਫ਼ੇ : 112
ਸੰਪਰਕ : 98143-04213

ਲੇਖਕ ਗੁਰਮੇਲ ਸਿੰਘ ਬੌਡੇ ਦੀ 28ਵੀਂ ਪੁਸਤਕ 'ਟਰੈਂਡ' ਉਸ ਦਾ ਨੌਵਾਂ ਕਹਾਣੀ ਸੰਗ੍ਰਹਿ ਹੈ। ਪੁਸਤਕ ਵਿਚ ਕੁੱਲ 11 ਕਹਾਣੀਆਂ ਦਰਜ ਹਨ। ਵਿਦੇਸ਼ ਜਾਣ ਦੇ ਰੁਝਾਨ ਅਤੇ ਉੱਥੋਂ ਦੀ ਸੰਸਕ੍ਰਿਤੀ ਨੂੰ ਅਪਨਾਉਣਾ (ਟਰੈਂਡ), ਗੁਰੂਆਂ ਦੀ ਬਾਣੀ, ਵਿਚਾਰ ਅਤੁੇ ਸਿਧਾਂਤਾਂ ਤੋਂ ਉਲਟ ਲੋਕ ਵਤੀਰਾ (ਔਜਾਰਾਂ ਦੀ ਗੁਫ਼ਤਗ਼ੂ), ਕਿਸਾਨ ਅੰਦੋਲਨ ਦੇ ਵੱਖੋ-ਵੱਖਰੇ ਪਹਿਲੂਆਂ ਦੀ ਚੀਰਫਾੜ (ਆਪਰੇਸ਼ਨ ਕਲੀਨ), ਪੁਰਾਤਨ ਪੰਜਾਬੀ ਸੱਭਿਆਚਾਰਕ ਪੇਸ਼ਕਾਰੀ (ਚੰਨ-ਸੂਰਜ), ਪੰਜਾਬ ਵਿਚ ਫੈਲੇ ਡੇਰਾਵਾਦ ਦੀ ਅਸਲੀਅਤ ਉਘਾੜਦੀ (ਹੋਂਦ), ਇਨਕਲਾਬੀ ਸੋਚ ਦਾ ਦੁਰਉਪਯੋਗ (ਗ਼ਦਰੀ ਮੇਲਾ), ਧਾਰਮਿਕ ਪ੍ਰਚਾਰਕਾਂ ਵਲੋਂ ਲੋਕਾਂ ਦਾ ਆਰਥਿਕ ਸ਼ੋਸ਼ਣ (ਰੋਡ ਸ਼ੋਅ), ਪੰਜਾਬੀ ਸੱਭਿਆਚਾਰ ਅਤੇ ਕਦਰਾਂ ਕੀਮਤਾਂ ਦੀ ਬਾਤ (ਕਰਮਯੋਗੀ), ਸਰਕਾਰਾਂ ਦੀ ਕਾਰਕਰਦਗੀ ਤੇ ਉਂਗਲ ਧਰਦੀ (ਫ਼ਰਿਸ਼ਤਾ) ਆਦਿ ਭਖਵੇਂ ਵਿਸ਼ਿਆਂ 'ਤੇ ਲਿਖੀਆਂ ਕਹਾਣੀਆਂ ਹਨ। ਇਹ ਕਹਾਣੀਆਂ ਪੰਜਾਬੀ ਵਿਚ ਲਿਖੀ ਜਾ ਰਹੀ ਕਹਾਣੀ ਦੇ ਵਿਸ਼ੇਗੱਤ ਅਤੇ ਸ਼ਿਲਪਗਤ ਆਧੁਨਿਕ ਟਰੈਂਡ ਨੂੰ ਉਜਾਗਰ ਕਰਦੀਆਂ ਹਨ। ਪੰਜਾਬ ਦੇ ਪ੍ਰਗਤੀਸ਼ੀਲ ਅਤੇ ਅਗਾਂਹਵਧੂ ਵਰਤਾਰੇ 'ਤੇ ਪਹਿਰਾ ਦਿੰਦੀਆਂ ਹਨ। ਘੜੇ ਘਵਾਏ ਨਰੇਟਿਵ ਦਾ ਪਸਾਰ ਕਰਦੀਆਂ ਹਨ ਪਰ ਨਿਰਪੱਖ ਅਤੇ ਡੂੰਘੀ ਵਿਸ਼ਲੇਸ਼ਣਾਤਮਕ ਸੂਝ ਤੋਂ ਫਾਸਲਾ ਰੱਖਦੀਆਂ ਹਨ। ਉਦਾਹਰਣ ਲਈ ਲੇਖਕ ਨੇ 'ਆਪਰੇਸ਼ਨ ਕਲੀਨ' ਵਿਚ ਚਾਲੀ ਸਾਲ ਬਾਅਦ ਵੀ 84 ਦੇ ਦਿੱਲੀ ਕਤਲੇਆਮ ਦੀ ਟੀਸ ਤਾਂ ਉਭਾਰੀ ਹੈ ਪਰ ਪੰਜਾਬ ਵਿਚ 12-14 ਸਾਲ ਹੋਏ ਅੱਤਵਾਦੀਆਂ ਹੱਥੋਂ ਹੋਏ ਨਿਹੱਥੇ, ਨਿਰਦੋਸ਼ ਤੇ ਮਾਸੂਮ ਪੰਜਾਬੀਆਂ ਦੇ ਕਤਲੇਆਮ ਨੂੰ ਉਸ ਕਾਲੇ ਸਮੇਂ 'ਚੋਂ ਮਨਫ਼ੀ ਕਰ ਦਿੱਤਾ ਹੈ। ਦਹਿਸ਼ਤ ਕਾਰਨ ਦੂਸਰੇ ਰਾਜਾਂ ਵਿਚ ਵਿਸਥਾਪਤ ਹੋਏ ਹਜ਼ਾਰਾਂ ਪੰਜਾਬੀਆਂ ਦੇ ਘਰਾਂ, ਜ਼ਮੀਨਾਂ ਤੇ ਮਗਰੋਂ ਕੀਤੇ ਨਾਜਾਇਜ਼ ਕਬਜ਼ਿਆਂ ਨੂੰ ਛੁਡਾਉਣ ਲਈ ਰੁਲਦੇ ਪੰਜਾਬੀ ਸਾਡੇ ਰਚਨਾਕਾਰਾਂ ਦੀ ਸੂਖਮ ਅਤੇ ਤਰਕਪੂਰਣ ਨਜ਼ਰ 'ਚੋਂ ਅਣਗੌਲੇ ਹੀ ਰਹਿੰਦੇ ਹਨ। ਕਹਾਣੀ ਕਲਾ ਦੀ ਦ੍ਰਿਸ਼ਟੀ ਤੋਂ ਲੇਖਕ ਵਲੋਂ ਕਹਾਣੀਆਂ ਨੂੰ ਘੜੇ-ਘੜਾਏ ਅਜੈਂਡੇ ਨੂੰ ਪਰੋਪੇਗੰਡਾ ਬਣਾ ਦੇਣਾ, ਭਾਸ਼ਨਾਂ ਰਾਹੀਂ ਨਾਅਰੇਬਾਜ਼ੀ ਅਤੇ ਪ੍ਰਚਾਰ ਦਾ ਸਾਧਨ ਬਣਾਉਣਾ ਪਰਪੱਕ ਕਹਾਣੀ ਦੇ ਹੱਕ ਵਿਚ ਨਹੀਂ ਭੁਗਤਦਾ। ਅੰਗਰੇਜ਼ੀ ਸ਼ਬਦਾਂ ਦੀ ਬੇਲੋੜੀ ਵਰਤੋਂ, ਲੰਮੇ-ਲੰਮੇ ਵਾਕ, ਪ੍ਰਚਲਤ ਕਾਮਰੇਡੀ ਜੁਮਲਿਆਂ ਦੀ ਇਸਤੇਮਾਲ ਤੋਂ ਬਚਿਆ ਜਾ ਸਕਦਾ ਸੀ। ਫਿਰ ਵੀ ਇਨ੍ਹਾਂ ਕਹਾਣੀਆਂ ਦੀ ਲੋਕ ਪੱਖੀ ਵਿਚਾਰਧਾਰਾ, ਵਿਗਿਆਨਕ ਅਤੇ ਤਰਕਪੂਣ ਸੋਚ, ਸਿਸਟਮ ਦੀਆਂ ਕਮੀਆਂ 'ਤੇ ਉਂਗਲ , ਹਰ ਤਰਾਂ੍ਹ ਦੇ ਸ਼ੋਸ਼ਣ ਖ਼ਿਲਾਫ਼ ਜਨਮਤ ਤਿਆਰ ਕਰਨ ਦੀ ਕੋਸ਼ਿਸ਼ ਉਸਾਰੂ ਬੁਨਿਆਦ ਦੀ ਜਾਮਨੀ ਹੈ। ਲੇਖਕ ਵਲੋਂ ਸਥਾਨਕ ਬੋਲੀ ਦੀ ਵਰਤੋਂ ਭਾਸ਼ਾ ਸ਼ੈਲੀ ਦੀ ਪਛਾਣ ਨੂੰ ਬਰਕਰਾਰ ਰੱਖਦੀ ਹੈ। ਭਖਵੇਂ ਮਸਲਿਆਂ ਦੀ ਤਰਜਮਾਨੀ ਕਰਦੀਆਂ ਇਹ ਕਹਾਣੀਆਂ ਪਾਠਕ ਨੂੰ ਨਾ ਸਿਰਫ਼ ਮੌਜੂਦਾ ਨਿਘਰੇ ਹੋਏ ਹਾਲਾਤ ਤੋਂ ਜਾਣੂ ਕਰਾਉਂਦੀਆਂ ਹਨ, ਸਗੋਂ ਜਾਗਰੂਕਤਾ ਪੈਦਾ ਕਰਨ ਦੇ ਵੀ ਸਮਰੱਥ ਹਨ।
-ਡਾ. ਧਰਮਪਾਲ ਸਾਹਿਲ
ਮੋਬਾਈਲ : 98761-56964
ਲੰਮਿਆਂ ਰਾਹਾਂ ਦਾ ਪਾਂਧੀ
ਜਸਪਾਲ ਸਿੰਘ ਲਿੱਦੜ
ਲੇਖਿਕਾ : ਨਰਿੰਦਰ ਕੌਰ
ਸੰਪਾਦਕ : ਵਰਿੰਦਰ ਸਿੰਘ ਨਿਮਾਣਾ
ਪ੍ਰਕਾਸ਼ਕ : ਹਾਊਸ ਆਫ਼ ਲਿਟਰੇਚਰ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 72
ਸੰਪਰਕ : 94643-15116

ਪੁਸਤਕ ਲੰਮਿਆਂ ਰਾਹਾਂ ਦਾ ਪਾਂਧੀ ਇਕ ਜੀਵਨ ਬਿਰਤਾਂਤ ਹੈ। ਦਰਅਸਲ ਪੁਸਤਕ ਦੀ ਲੇਖਿਕਾ ਨਰਿੰਦਰ ਕੌਰ ਨੇ ਇਹ ਪੁਸਤਕ ਆਪਣੇ ਜੀਵਨ ਸਾਥੀ ਜਸਪਾਲ ਸਿੰਘ ਲਿੱਦੜ ਦੇ ਜੀਵਨ ਸੰਘਰਸ਼ ਬਾਰੇ ਲਿਖ ਕੇ ਉਨ੍ਹਾਂ ਦੇ 60ਵੇਂ ਜਨਮ ਦਿਨ ਮੌਕੇ ਉਨ੍ਹਾਂ ਨੂੰ ਤੋਹਫ਼ੇ ਵਜੋਂ ਸਮਰਪਿਤ ਕੀਤੀ ਹੈ। ਜਿਸ ਵਿਉਂਤਬੰਦੀ ਨਾਲ ਲੇਖਿਕਾ ਨੇ ਇਹ ਪੁਸਤਕ ਤਿਆਰ ਕੀਤੀ ਹੈ, ਬੜੀ ਕਾਬਲ-ਏ-ਤਾਰੀਫ਼ ਹੈ। ਉਸ ਦੀ ਲਿਖਣ ਸ਼ੈਲੀ ਤੋਂ ਲਗਦਾ ਹੈ ਕਿ ਉਹ ਇਕ ਹੰਢੀ ਵਰਤੀ ਲੇਖਿਕਾ ਹੈ। ਬੇਸ਼ੱਕ ਪੁਸਤਕ ਉਸ ਦੇ ਪਤੀ 'ਤੇ ਹੀ ਕੇਂਦਰਿਤ ਹੈ ਪਰ ਬਹੁਤ ਹੀ ਸੁਹਜ ਸਲੀਕੇ ਨਾਲ ਜਿਸ ਤਰ੍ਹਾਂ ਪੁਸਤਕ ਨੂੰ ਰੰਗਤ ਦਿੱਤੀ ਹੈ, ਇਹ ਇਕ ਨਾਵਲ ਵਾਂਗ ਸ਼ੁਰੂ ਤੋਂ ਅੰਤ ਤੱਕ ਪੂਰੀ ਰੌਚਿਕਤਾ ਬਣਾਈ ਰੱਖਦੀ ਹੈ। ਵਰਿੰਦਰ ਸਿੰਘ ਨਿਮਾਣਾ ਦੀ ਸੰਪਾਦਨਾ ਵੀ ਸਲਾਹੁਣਯੋਗ ਮੰਨੀ ਜਾ ਸਕਦੀ ਹੈ। ਜ਼ਿਲ੍ਹਾ ਹੁਸ਼ਿਆਰਪੁਰ ਦੇ ਇਤਿਹਾਸਕ ਗਦਰੀ ਬਾਬਿਆਂ ਦੇ ਪਿੰਡ ਕੋਟਲਾ ਨੌਧ ਸਿੰਘ ਦੇ ਜੰਮਪਲ ਜਸਪਾਲ ਸਿੰਘ ਲਿੱਦੜ ਜੋ ਕਿ ਇਕ ਸਧਾਰਨ ਕਿਸਾਨੀ ਪਰਿਵਾਰ 'ਚ ਪੈਦਾ ਹੋ ਕੇ ਥੋੜ੍ਹੀ ਜਿੰਨੀ ਜ਼ਮੀਨ ਦੇ ਮਾਲਕ, ਜਿਸ ਨਾਲ ਪਰਿਵਾਰ ਦਾ ਗੁਜ਼ਾਰਾ ਵੀ ਮੁਸ਼ਕਿਲ ਨਾਲ ਚਲਦਾ ਸੀ। ਜ਼ਿੰਦਗੀ ਦੀ ਚੱਕੀ ਦੇ ਭਾਰੇ ਪੁੜਾਂ ਨੂੰ ਚਲਾਉਣ ਲਈ ਨੌਵੀਂ ਜਮਾਤ ਕਰਕੇ ਪੜ੍ਹਾਈ ਵਿਚੇ ਛੱਡ ਦਿੱਤੀ। ਉਸ ਨੇ ਆਪਣੇ ਸੁਪਨਿਆਂ ਦੀ ਪ੍ਰਾਪਤੀ ਤੇ ਮਿੱਥੇ ਟੀਚਿਆਂ ਨੂੰ ਹਾਸਲ ਕਰਨ ਲਈ ਹੁਸ਼ਿਆਰਪੁਰ ਦੇ ਇਕ ਗੈਰਿਜ ਵਿਚ ਡੀਜ਼ਲ ਮਕੈਨਿਕ ਦਾ ਕੰਮ ਸਿੱਖ ਕੇ ਦੁਬਈ ਜਾ ਕੇ ਇਕ ਪ੍ਰਾਈਵੇਟ ਕੰਪਨੀ 'ਚ ਡੀਜ਼ਲ ਮਕੈਨਿਕ ਦੀ ਨੌਕਰੀ ਕੀਤੀ ਅਤੇ ਉਸ ਨੇ ਦਿਨ-ਰਾਤ ਹੱਡ ਭੰਨਵੀਂ ਮਿਹਨਤ ਕੀਤੀ ਤੇ ਉਹ ਆਪਣੇ ਮਿੱਥੇ ਹੋਏ ਟੀਚਿਆਂ ਨੂੰ ਪਾ ਸਕਿਆ। ਅੱਜ ਉਸ ਕੋਲ 152 ਟਰਾਲੇ ਤੇ 30 ਕਰੇਨਾਂ ਹਨ, ਇਸ ਉਸ ਨੇ ਆਪਣੀ ਏਨੀ ਵੱਡੀ ਕੰਪਨੀ ਖੜ੍ਹੀ ਕਰ ਲਈ ਕਿ ਉਸ ਵਿਚ 350 ਤੋਂ ਜ਼ਿਆਦਾ ਵਰਕਰ ਕੰਮ ਕਰਦੇ ਹਨ। ਪਿਛੋਂ ਪਿੰਡ ਵਿਚ ਬਾਪ ਦੇ ਕਹੇ ਅਨੁਸਾਰ 10 ਕਿੱਲੇ ਨਹੀਂ ਸਗੋਂ 25 ਕਿੱਲੇ ਜ਼ਮੀਨ ਖਰੀਦੀ। ਇਸ ਪਿਛੇ ਇਕ ਬਹੁਤ ਵੱਡੇ ਸੰਘਰਸ਼ ਦੀ ਕਹਾਣੀ ਹੈ। ਅੱਜ ਜੋ ਉਹ ਜਿਸ ਮੁਕਾਮ 'ਤੇ ਪਹੁੰਚਾ ਹੈ, ਉਹ ਸਮਾਜ ਸੇਵਾ 'ਚ ਵੀ ਬਹੁਤ ਵੱਧ ਚੜ੍ਹ ਕੇ ਯੋਗਦਾਨ ਪਾਉਂਦਾ ਹੈ। ਲੇਖਿਕਾ ਨੇ ਆਪਣੇ ਪਤੀ ਦੇ ਸੰਘਰਸ਼ ਦਾ ਬਿਰਤਾਂਤ ਬੜੀ ਕਲਾਕਾਰੀ ਨਾਲ ਪੇਸ਼ ਕੀਤਾ ਹੈ। ਲੇਖਿਕਾ ਦਾ ਪੇਕਾ ਪਿੰਡ ਬਠੁੱਲਾ ਨੇੜੇ ਚੱਬੇਵਾਲ ਨਾਲ ਸੰਬੰਧਿਤ ਹੈ। ਪਿਤਾ ਸਵਰਨ ਸਿੰਘ ਤੇ ਮਾਤਾ ਗੁਰਪ੍ਰੀਤ ਕੌਰ ਦੇ ਚਾਰ ਬੱਚੇ ਹਨ। ਲੇਖਿਕਾ ਦਾ ਭਰਾ ਸਤਨਾਮ ਸਿੰਘ, ਭੈਣਾਂ ਵਰਿੰਦਰ ਕੌਰ, ਹਰਜਿੰਦਰ ਕੌਰ ਤੇ ਨਰਿੰਦਰ ਕੌਰ (ਲੇਖਿਕਾ) ਜੋ 1989 'ਚ ਜਸਪਾਲ ਸਿੰਘ ਨਾਲ ਵਿਆਹੀ ਗਈ। ਅਸੀਂ ਕਹਿ ਸਕਦੇ ਹਾਂ ਕਿ ਇਹ ਪੁਸਤਕ ਪਰਿਵਾਰ ਮੈਂਬਰਾਂ ਦੇ ਪੜ੍ਹਨ ਤੱਕ ਸੀਮਤ ਨਹੀਂ ਬਲਕਿ ਆਮ ਪਾਠਕ ਲਈ ਵੀ ਪ੍ਰੇਰਨਾ ਸਰੋਤ ਮੰਨੀ ਜਾਵੇਗੀ। ਲੇਖਿਕਾ ਨੂੰ ਅੱਗੋਂ ਵੀ ਅਜਿਹੀਆਂ ਪੁਸਤਕਾਂ ਰਚਣ ਦੀ ਸਲਾਹ ਦਿੱਤੀ ਜਾਂਦੀ ਹੈ। ਲੇਖਿਕਾ ਇਸ ਕਾਰਜ ਲਈ ਵਧਾਈ ਦਾ ਹੱਕਦਾਰ ਹੈ।
-ਡੀ. ਆਰ. ਬੰਦਨਾ
ਮੋਬਾਈਲ : 94173-89003
ਤੰਦ-ਤਾਣੀ
ਕਵੀ : ਮਦਨ ਵੀਰਾ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 92
ਸੰਪਰਕ : 94176-83769

ਮਦਨ ਵੀਰਾ ਆਪਣੀ ਇਸ ਕਵਿਤਾ ਬਾਰੇ ਪੁਸਤਕ ਦੇ ਬੈਕਟਾਈਟਲ ਉਤੇ ਲਿਖਦਾ ਹੈ:
'ਨਹੀਂ
ਇਹ ਕਵਿਤਾ ਨਹੀਂ
ਮਾਂ ਤੇ ਮਿੱਟੀ ਨੂੰ ਪਿਆਰ ਕਰਦੇ
ਕਾਮੇ ਦਾ ਅਹਿਦ ਹੈ
ਕਿਰਤੀ ਦੀ ਸਹੁੰ ਹੈ
ਇਹ ਕਵਿਤਾ ਨਹੀਂ
ਅਲਫ਼ ਨੰਗੇ ਬਾਦਸ਼ਾਹ ਦੀ
ਹਜ਼ੂਰੀ ਭੀੜ ਵਿਚ
ਨੰਗੇ ਨੂੰ ਨੰਗਾ ਕਹਿਣ ਦਾ
ਅਭੋਲ ਕਾਰਜ ਹੈ
ਬਾਲ ਮਨ ਦੀ
ਅਭੋਲ ਕਾਇਆ 'ਚੋਂ
ਉਦੈ ਹੋਇਆ ਪ੍ਰਕਾਸ਼ ਹੈ
ਇਹ ਕਵਿਤਾ ਨਹੀਂ
ਮੇਰੀ ਆਰਤੀ, ਮੇਰੀ ਅਰਦਾਸ ਹੈ...।
ਮਦਨ ਵੀਰਾ ਇਸ ਕਾਵਿ ਸੰਗ੍ਰਹਿ ਤੋਂ ਪੂਰਵ 5 ਕਾਵਿ-ਸੰਗ੍ਰਹਿ : ਭਾਖਿਆ, ਨਾਬਰਾਂ ਦੀ ਇਬਾਰਤ, ਖਾਰਾ ਪਾਣੀ ਅਤੇ ਘੇਰੇ ਤੋਂ ਬਾਹਰ ਪ੍ਰਕਾਸ਼ਿਤ ਕਰਵਾ ਚੁੱਕਾ ਹੈ। ਉਹ ਨਾਬਰਾਂ ਦੀ ਜ਼ੁਬਾਨ ਅਤੇ ਅਹਿਦ ਹੈ। ਉਸ ਨੇ ਹਿੰਦੀ, ਅੰਗਰੇਜ਼ੀ ਵਿਚ ਵੀ ਪੁਸਤਕਾਂ ਲਿਖੀਆਂ, 4 ਪੁਸਤਕਾਂ ਬੱਚਿਆਂ ਲਈ ਵੀ ਲਿਖੀਆਂ। ਚਾਰ ਪੁਸਤਕਾਂ ਸੰਪਾਦਤ ਕੀਤੀਆਂ... ਇਸ ਤਰ੍ਹਾਂ ਉਸ ਨੇ ਤਾਅ ਉਮਰ ਕਵਿਤਾ ਰਚੀ ਹੈ ਅਤੇ ਰਚੀ ਵੀ ਲੋਕਾਈ ਖਾਤਰ ਹੈ। ਮਦਨ ਵੀਰਾ ਖਾਰੇ ਖੂਹਾਂ ਨੂੰ ਨਿੰਦਦਾ ਹੈ ਤੇ ਦੂਰ ਮਿੱਠੇ ਚਸ਼ਮਿਆਂ ਦੀ ਤ੍ਰਿਪਤੀ ਵਿਚ ਆਲ੍ਹਣਾ ਪਾਉਣ ਦਾ ਅਹਿਦਕਾਰ ਹੈ। ਸਾਰੀਆਂ 44 ਦੀਆਂ 44 ਕਵਿਤਾਵਾਂ ਸੈਲਾਨੀ ਛੰਦ ਵਿਚ ਹਨ। ਐਨੇ ਵਿਆਪਕ ਤੇ ਵਿਸਥਰਤ ਵਿਸ਼ਿਆਂ ਲਈ ਕੋਈ ਛੰਦ ਬਹਿਰ ਸ਼ਾਇਦ ਮੇਚ ਵੀ ਨਾ ਆਉਂਦਾ। ਉਸ ਦੀਆਂ ਕਵਿਤਾਵਾਂ ਦੇ ਸਿਰਲੇਖ ਵੀ ਲੋਕ ਮੁਖੀ ਹਨ : ਅੱਗ ਦੀ ਫਲੀ, ਦਿਲੀ, ਜ਼ਿੰਦਗੀ ਦੇ ਪੰਨੇ, ਗਏ ਗੁਆਚੇ ਦੀ ਕਥਾ, ਬਿਨ ਹੁੰਗਾਰੇ ਬਾਤ, ਅੱਗ ਦਾ ਵਰਦਾਨ, ਰਾਮ ਰੱਖਾ ਸਿੰਘ...। ਮਦਨ ਵੀਰਾ ਨੇ ਆਪਣੀ ਕਵਿਤਾ ਬਾਰੇ ਕਈ ਕਵਿਤਾਵਾਂ ਵਿਚ ਕਾਵਿ ਤਜਰਬੇ ਵੀ ਕੀਤੇ ਹਨ:
ਕਵਿਤਾ ਵਿਚ ਸ਼ਬਦਾਂ ਨੂੰ
ਨਗੀਨਿਆਂ ਵਾਂਗ ਜੜਨਾ
ਮੋਹ ਦੇ ਰੰਗਾਂ 'ਚ ਮੜ੍ਹਨਾ
ਪਿਆਰੇ ਪਿਆਸੇ ਦੀ ਤ੍ਰੇਹ 'ਚ
ਭੁਰ ਕੇ
ਮਿਸ਼ਰੀ ਪੂਰੀ ਡਲੀ ਵਾਂਗ
ਖੁਰ ਕੇ,
ਅੱਖਾਂ 'ਚ ਮਟਕਣਾ
ਸਾਹਾਂ 'ਚ ਰੰਗ ਕੇ ਆਉਣਾ
ਮੈਨੂੰ ਵੀ ਆਉਂਦਾ ਹੈ
ਪਰ ਧਰਮ-ਪਰਿਵਰਤਨ ਦਾ
ਸੰਤਾਪ ਸਹਿੰਦੀ
ਉਖੜੀ ਕੰਜਕ ਦੀ ਲੇਰ
ਕਰ ਦਿੰਦੀ ਹੈ ਉਲਟ ਫੇਰ
ਕਵਿਤਾ ਦੇ ਸੁਨਿਹਰੀ ਸਿਰ ਉੱਤੇ
ਲੋਚਾਂ ਮੈਂ ਵੀ
ਝਿਲਮਿਲ ਝਿਲਮਿਲ ਕਰਦੇ
ਜਗਦੇ-ਜਗਾਉਂਦੇ
ਦੀਵਿਆਂ ਵਰਗੇ ਬਿੰਬ
ਜਿਵੇਂ ਜੰਗਲ ਦੀ ਧੀ
ਮੈਂ ਵੀ ਕਵਿਤਾ ਚਿਤਵਦਾ ਹਾਂ
ਸੱਜਰੇ ਹਰਿਆਵਲੇ ਸਵੇਰਿਆਂ ਨੂੰ
ਖੈਰ ਸੁਖ ਦਸਦੇ
ਲਿੱਪੇ ਪੋਚੇ ਸਾਦ-ਮੁਰਾਦੇ ਬਨੇਰਿਆਂ ਨੂੰ
ਅਲੰਕ੍ਰਿਤ ਕਰਨਾ
ਪਰ ਹਰਵੇਰ
ਹਰ ਅੱਖਰ
ਹਰ ਭਾਵ ਰੋੜ ਤੇ ਰੜਕ ਬਣ ਜੁੜਦਾ ਹੈ...।
ਮਦਨ ਵੀਰਾ ਸੱਚ ਦਾ ਤੇ ਸਾਹਮਣੇ ਦਿਸਦੀ ਅਸਲੀਅਤ ਦਾ ਸ਼ਾਇਰ ਹੈ... ਉਸ ਦੀ ਕਵਿਤਾ ਨੂੰ ਪਾਠਕ ਮਾਣ ਦਿੰਦੇ ਨੇ ਤੇ ਇਸ ਪੁਸਤਕ ਨੂੰ ਮੈਂ ਜੀ ਆਇਆਂ ਕਹਿੰਦਾ ਹਾਂ।
-ਸੁਲੱਖਣ ਸਰਹੱਦੀ
ਮੋਬਾਈਲ : 94174-84337







































































































































.jpg)

.jpg)





.jpg)
















































