ਸ਼ਹੀਦੀ ਸਾਕੇ ਦੀ 350 ਸਾਲਾ ਸ਼ਤਾਬਦੀ ਨੂੰ ਸਮਰਪਿਤ ਨਗਰ ਕੀਰਤਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਲਈ ਰਵਾਨਾ
ਛੇਹਰਟਾ, (ਅੰਮ੍ਰਿਤਸਰ), 7 ਨਵੰਬਰ (ਪੱਤਰ ਪ੍ਰੇਰਕ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਵਲੋਂ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਸਮੂਹ ਸਿੱਖ ਸੰਪਰਦਾਵਾਂ,ਸੇਵਾ ਸੁਸਾਇਟੀਆਂ ਦੇ ਸਹਿਯੋਗ ਨਾਲ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ ਦੇ ਸ਼ਹੀਦੀ ਸਾਕੇ ਦੀ 350 ਸਾਲਾ ਸ਼ਤਾਬਦੀ ਤੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾਂ ਗੁਰਿਆਈ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਜੋ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ, ਧੋਬੜੀ ਸਾਹਿਬ (ਅਸਾਮ) ਤੋਂ ਆਰੰਭ ਹੋਇਆ ਸੀ, ਉਹ ਦੇਰ ਰਾਤ ਗੁਰਦੁਆਰਾ ਸ੍ਰੀ ਛੇਹਰਟਾ ਸਾਹਿਬ ਵਿਖੇ ਪਹੁੰਚਿਆ ਤੇ ਰਾਤ ਵਿਸ਼ਰਾਮ ਕਰਨ ਤੋਂ ਬਾਅਦ ਅੱਜ ਕਰੀਬ 10:30 ਵਜੇ ਗੁਰਦੁਆਰਾ ਸ੍ਰੀ ਛੇਹਰਟਾ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਲਈ ਰਵਾਨਾ ਹੋਇਆ। ਨਗਰ ਕੀਰਤਨ ਰਵਾਨਾ ਹੋਣ ਤੋਂ ਪਹਿਲਾਂ ਸ੍ਰੀ ਆਨੰਦ ਸਾਹਿਬ ਜੀ ਦੇ ਪਾਠ ਦੇ ਭੋਗ ਪੈਣ ਉਪਰੰਤ ਸਿੰਘ ਸਾਹਿਬ ਜੀ ਵੱਲੋਂ ਅਰਦਾਸ ਕੀਤੀ ਗਈ। ਇਸ ਮੌਕੇ ਸਿੰਘ ਸਾਹਿਬ ਗਿਆਨੀ ਕੇਵਲ ਸਿੰਘ ਜੀ ਵੱਲੋਂ ਪੰਜ ਪਿਆਰੇ ਸਾਹਿਬਾਨ ਜੀ ਤੇ ਨਿਸ਼ਾਨਚੀ ਸਿੰਘਾਂ ਨੂੰ ਗੁਰੂ ਸਾਹਿਬ ਦੀ ਬਖਸ਼ਿਸ਼ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਪ੍ਰਮੁੱਖ ਸ਼ਖ਼ਸੀਅਤਾਂ ਸਮੇਤ ਵੱਡੀ ਗਿਣਤੀ ਦੇ ਵਿਚ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੇ ਹਾਜ਼ਰੀਆਂ ਭਰੀਆਂ।
;
;
;
;
;
;
;
;