ਸੀ.ਬੀ.ਆਈ. ਨੇ ਅਕੀਲ ਅਖ਼ਤਰ ਕਤਲ ਮਾਮਲੇ ਵਿਚ ਐਫ਼.ਆਈ.ਆਰ. ਕੀਤੀ ਦਰਜ
ਚੰਡੀਗੜ੍ਹ, 7 ਨਵੰਬਰ (ਉਮਾ ਕਪਿਲ)- ਕੇਂਦਰੀ ਜਾਂਚ ਬਿਊਰੋ ਨੇ ਅਕੀਲ ਅਖ਼ਤਰ ਹੱਤਿਆ ਮਾਮਲੇ ਵਿਚ 6 ਨਵੰਬਰ 2025 ਨੂੰ ਐਫ.ਆਈ.ਆਰ. ਦਰਜ ਕਰ ਲਈ ਹੈ। ਇਹ ਮਾਮਲਾ ਪੰਜਾਬ ਦੇ ਸਾਬਕਾ ਡੀ.ਜੀ.ਪੀ. ਮੁਹੰਮਦ ਮੁਸਤਫ਼ਾ ਦੇ ਪੁੱਤਰ ਅਤੇ ਸਾਬਕਾ ਪੀ.ਡਬਲਿਊ.ਡੀ. ਮੰਤਰੀ ਰਜ਼ੀਆ ਸੁਲਤਾਨਾ ਦੇ ਪੁੱਤਰ ਅਕੀਲ ਅਖ਼ਤਰ ਦੀ ਸ਼ੱਕੀ ਹਾਲਾਤ ਵਿਚ ਹੋਈ ਮੌਤ ਨਾਲ ਜੁੜਿਆ ਹੈ।
ਜਾਣਕਾਰੀ ਅਨੁਸਾਰ ਅਕੀਲ ਅਖ਼ਤਰ (ਨਿਵਾਸੀ – ਸੈਕਟਰ 4, ਮਨਸਾ ਦੇਵੀ ਮੰਦਰ ਦੇ ਨੇੜੇ, ਪੰਚਕੂਲਾ) ਦੀ ਮੌਤ 16 ਅਕਤੂਬਰ 2025 ਨੂੰ ਹੋਈ ਸੀ। ਸ਼ੁਰੂਆਤੀ ਜਾਂਚ ਵਿਚ ਇਹ ਮਾਮਲਾ ਸ਼ੱਕੀ ਪਾਇਆ ਗਿਆ। ਦੱਸਿਆ ਗਿਆ ਹੈ ਕਿ ਪਰਿਵਾਰਕ ਮੈਂਬਰਾਂ ਵਿਚ ਕਾਫ਼ੀ ਸਮੇਂ ਤੋਂ ਆਪਸੀ ਤਣਾਅ ਚੱਲ ਰਿਹਾ ਸੀ।
27 ਅਗਸਤ ਨੂੰ ਅਕੀਲ ਅਖ਼ਤਰ ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਪੋਸਟ ਕੀਤਾ ਸੀ, ਜਿਸ ਵਿਚ ਉਸ ਨੇ ਇਹ ਦੋਸ਼ ਲਗਾਇਆ ਸੀ ਕਿ ਉਸ ਦੇ ਪਿਤਾ ਦੇ ਉਸ ਦੀ ਪਤਨੀ ਨਾਲ ਗੈਰ-ਕਾਨੂੰਨੀ ਸੰਬੰਧ ਹਨ। ਉਸ ਨੇ ਇਹ ਵੀ ਕਿਹਾ ਸੀ ਕਿ ਉਸ ਦੀ ਮਾਂ, ਭੈਣ ਅਤੇ ਸਾਰਾ ਪਰਿਵਾਰ ਮਿਲ ਕੇ ਉਸ ਨੂੰ ਜਾਂ ਤਾਂ ਮਾਰਨਾ ਚਾਹੁੰਦੇ ਹਨ ਜਾਂ ਕਿਸੇ ਝੂਠੇ ਮਾਮਲੇ ਵਿਚ ਫਸਾਉਣਾ ਚਾਹੁੰਦੇ ਹਨ।
ਇਸ ਘਟਨਾ ਤੋਂ ਬਾਅਦ ਹਰਿਆਣਾ ਸਰਕਾਰ ਨੇ ਇਸ ਮਾਮਲੇ ਦੀ ਜਾਂਚ ਸੀ.ਬੀ.ਆਈ. ਨੂੰ ਸੌਂਪਣ ਦੀ ਸਿਫ਼ਾਰਸ਼ ਕੀਤੀ ਸੀ, ਜੋ ਪਹਿਲਾਂ ਐਫ.ਆਈ.ਆਰ. ਨੰਬਰ 131 ਮਿਤੀ 20 ਅਕਤੂਬਰ 2025 ਦੇ ਤਹਿਤ ਪੁਲਿਸ ਥਾਣਾ ਮਨਸਾ ਦੇਵੀ ਕੰਪਲੈਕਸ, ਜ਼ਿਲ੍ਹਾ ਪੰਚਕੂਲਾ ਵਿਚ ਦਰਜ ਹੋਈ ਸੀ।
ਕੇਂਦਰ ਸਰਕਾਰ ਦੀ ਸੂਚਨਾ (DoPT) ਤੋਂ ਬਾਅਦ ਸੀ.ਬੀ.ਆਈ. ਨੇ ਅਧਿਕਾਰਤ ਤੌਰ 'ਤੇ ਐਫ.ਆਈ.ਆਰ. ਦਰਜ ਕੀਤੀ ਹੈ, ਜਿਸ ਵਿਚ ਬੀ.ਐਨ.ਐਸ. 2023 ਦੀ ਧਾਰਾ 103(1) ਅਤੇ 61 ਤਹਿਤ ਦੋਸ਼ ਲਗਾਏ ਗਏ ਹਨ।
ਐਫ.ਆਈ.ਆਰ. ਵਿਚ ਨਾਮਜ਼ਦ ਦੋਸ਼ੀਆਂ ਵਿਚ ਮੁਹੰਮਦ ਮੁਸਤਫ਼ਾ (ਸਾਬਕਾ ਡੀਜੀਪੀ ਪੰਜਾਬ), ਰਜ਼ੀਆ ਸੁਲਤਾਨਾ (ਸਾਬਕਾ ਪੀਡਬਲਿਊਡੀ ਮੰਤਰੀ, ਪੰਜਾਬ), ਮ੍ਰਿਤਕ ਦੀ ਪਤਨੀ ਤੇ ਮ੍ਰਿਤਕ ਦੀ ਭੈਣ ਦੇ ਨਾਂਅ ਸ਼ਾਮਿਲ ਹਨ।
ਸੀ.ਬੀ.ਆਈ. ਨੇ ਕਿਹਾ ਹੈ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਸਾਰੇ ਪੱਖਾਂ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
;
;
;
;
;
;
;
;