ਫਿਰੌਤੀ ਨਾ ਦੇਣ 'ਤੇ ਦੁਕਾਨ 'ਤੇ ਚਲਾਈਆਂ ਗੋਲੀਆਂ
ਜੰਡਿਆਲਾ ਗੁਰੂ, 6 ਨਵੰਬਰ (ਪ੍ਰਮਿੰਦਰ ਸਿੰਘ ਜੋਸਨ)-ਅੱਜ ਰਾਤ ਸਮੇਂ ਜੰਡਿਆਲਾ ਗੁਰੂ ਦੇ ਸ਼ੇਖਫਤੇ ਦਰਵਾਜ਼ੇ ਦੇ ਅੰਦਰਵਾਰ ਇਕ ਪੰਸਾਰੀ ਦੀ ਦੁਕਾਨ ਕਰਦੇ ਦੋ ਭਰਾਵਾਂ ਵਲੋਂ ਫਿਰੌਤੀ ਦੀ ਰਕਮ ਨਾ ਦੇਣ ਉਤੇ ਤਿੰਨ ਮੋਟਰਸਾਈਕਲ ਸਵਾਰਾਂ ਨੇ ਉਨ੍ਹਾਂ ਉਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਤੇ ਦੁਕਾਨਦਾਰ ਵਲੋਂ ਹੀ ਆਪਣੇ ਲਾਇਸੰਸੀ ਹਥਿਆਰ ਨਾਲ ਲੁਟੇਰਿਆਂ ਦਾ ਮੁਕਾਬਲਾ ਕਰਦਿਆਂ ਗੋਲੀਆਂ ਚਲਾਈਆਂ ਗਈਆਂ ਜੋ ਕਿ ਫਰਾਰ ਹੋਣ ਵਿਚ ਸਫਲ ਹੋ ਗਏ।
ਜਾਣਕਾਰੀ ਅਨੁਸਾਰ ਸ਼ੇਖਫਤੇ ਦਰਵਾਜ਼ੇ ਦੇ ਅੰਦਰਵਾਰ ਲਾਲ ਸਿੰਘ ਪੰਸਾਰੀ ਦੇ ਨਾਂਅ ਹੇਠ ਦੇਸੀ ਦਵਾਈਆਂ ਦੀ ਦੁਕਾਨ ਕਰਦੇ ਦੋ ਭਰਾਵਾਂ ਕਿਰਪਾਲ ਸਿੰਘ ਅਤੇ ਗਗਨਦੀਪ ਸਿੰਘ ਜੋ ਆਪਣੀ ਦੁਕਾਨ ਉਤੇ ਰੋਜ਼ਾਨਾ ਵਾਂਗ ਬੈਠੇ ਸਨ ਅਤੇ ਮੋਟਰਸਾਈਕਲ ਉਤੇ ਆਏ ਤਿੰਨ ਸਵਾਰਾਂ ਨੇ ਪਹਿਲਾਂ ਤਾਂ ਬਾਜ਼ਾਰ ਦਾ ਇਕ ਚੱਕਰ ਲਗਾਇਆ ਅਤੇ ਫਿਰ ਦੁਕਾਨ ਦੇ ਬਾਹਰ ਆ ਕੇ ਬਾਹਰੋਂ ਅੰਦਰ ਨੂੰ ਗੋਲੀਆਂ ਮਾਰੀਆਂ ਜੋ ਕਿ ਬਾਹਰਲੇ ਸ਼ੀਸ਼ੇ ਨੂੰ ਤੋੜਦੀਆਂ ਹੋਈਆਂ ਅਗਲੇ ਸ਼ੀਸ਼ੇ ਵਿਚ ਜਾ ਕੇ ਵੱਜੀਆਂ ਪਰ ਇਸ ਗੋਲੀਬਾਰੀ ਵਿਚ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਜਦੋਂ ਲੁਟੇਰਿਆਂ ਵਲੋਂ ਦੁਕਾਨਦਾਰ ਉਤੇ ਗੋਲੀਆਂ ਚਲਾਈਆਂ ਗਈਆਂ ਤਾਂ ਉਨ੍ਹਾਂ ਨੇ ਵੀ ਆਪਣੇ ਲਾਇਸੰਸੀ ਹਥਿਆਰ ਨਾਲ ਉਨ੍ਹਾਂ ਦਾ ਮੁਕਾਬਲਾ ਕਰਦਿਆਂ ਗੋਲੀਆਂ ਚਲਾਈਆਂ ਤਾਂ ਉਹ ਸਥਿਤੀ ਨੂੰ ਵੇਖਦੇ ਹੋਏ ਫਰਾਰ ਹੋ ਗਏ।
ਪੁਲਿਸ ਚੌਕੀ ਜੰਡਿਆਲਾ ਗੁਰੂ ਦੇ ਇੰਚਾਰਜ ਰਜਿੰਦਰ ਪਾਲ ਸਿੰਘ ਨੇ ਦੱਸਿਆ ਕਿ ਲਾਲ ਸਿੰਘ ਪੰਸਾਰੀ ਦੇ ਨਾਂਅ ਹੇਠ ਦੇਸੀ ਦਵਾਈਆਂ ਦੀ ਦੁਕਾਨ ਕਰਦੇ ਦੋ ਭਰਾਵਾਂ ਕਿਰਪਾਲ ਸਿੰਘ ਤੇ ਗਗਨਦੀਪ ਸਿੰਘ ਕੋਲੋਂ ਲੁਟੇਰਿਆਂ ਵਲੋਂ 50 ਲੱਖ ਦੀ ਫਿਰੌਤੀ ਮੰਗੀ ਗਈ ਸੀ ਜੋ ਕਿ ਨਾ ਦੇਣ ਉਤੇ ਅੱਜ ਰਾਤ ਸਮੇਂ ਮੋਟਰਸਾਈਕਲ ਉਤੇ ਆਏ ਤਿੰਨ ਵਿਅਕਤੀਆਂ ਨੇ ਉਨ੍ਹਾਂ ਉਤੇ ਫਾਇਰਿੰਗ ਕੀਤੀ, ਜਿਸ ਦੇ ਜਵਾਬ ਵਿਚ ਦੁਕਾਨਦਾਰਾਂ ਨੇ ਵੀ ਆਪਣੇ ਲਾਇਸੰਸੀ ਹਥਿਆਰ ਨਾਲ ਉਨ੍ਹਾਂ ਉਤੇ ਫਾਇਰਿੰਗ ਕੀਤੀ।
;
;
;
;
;
;
;
;