ਹੜ੍ਹ ਪ੍ਰਭਾਵਿਤ 7 ਜ਼ਿਲ੍ਹਿਆਂ ਦੇ ਕਿਸਾਨਾਂ ਨੂੰ ਪੀ.ਏ.ਯੂ. ਨੇ ਕਣਕ ਤੇ ਗੋਭੀ, ਸਰ੍ਹੋਂ ਦੇ ਬੀਜ ਵੰਡੇ
ਕਪੂਰਥਲਾ, 6 ਨਵੰਬਰ (ਅਮਰਜੀਤ ਕੋਮਲ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਲੋਂ ਪੰਜਾਬ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਕਿਸਾਨਾਂ ਨੂੰ ਮੁੜ ਆਪਣੇ ਪੈਰਾਂ 'ਤੇ ਖੜ੍ਹੇ ਕਰਨ ਲਈ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਸਤਬੀਰ ਸਿੰਘ ਗੋਸਲ ਦੀ ਅਗਵਾਈ ਵਿਚ ਪੰਜਾਬ ਦੇ ਹੜ੍ਹ ਪ੍ਰਭਾਵਿਤ 7 ਜ਼ਿਲ੍ਹਿਆਂ ਅੰਮ੍ਰਿਤਸਰ, ਗੁਰਦਾਸਪੁਰ, ਤਰਨਤਾਰਨ, ਕਪੂਰਥਲਾ, ਫ਼ਿਰੋਜ਼ਪੁਰ, ਫਾਜ਼ਿਲਕਾ ਤੇ ਪਟਿਆਲਾ ਦੇ ਕਿਸਾਨਾਂ ਨੂੰ ਕਣਕ ਦੀਆਂ ਸੁਧਰੀਆਂ ਕਿਸਮਾਂ ਦਾ 725 ਕੁਇੰਟਲ ਬੀਜ ਤੇ ਕਨੌਲਾ ਗੋਭੀ ਸਰ੍ਹੋਂ, ਜੀ.ਐਸ.ਸੀ.-7 ਦਾ 5 ਕੁਇੰਟਲ ਬੀਜ ਮੁਫ਼ਤ ਤਕਸੀਮ ਕੀਤਾ ਗਿਆ ਤੇ ਇਸ ਵਿਚ ਕਣਕ ਦੀਆਂ ਸੁਧਰੀਆਂ ਕਿਸਮਾਂ ਪੀ.ਬੀ.ਡਬਲਯੂ. 826, ਪੀ.ਬੀ.ਡਬਲਯੂ. 725, ਪੀ.ਬੀ.ਡਬਲਯੂ. 869, ਪੀ.ਬੀ.ਡਬਲਯੂ. 766, ਪੀ.ਬੀ.ਡਬਲਯੂ. 677, ਪੀ.ਬੀ.ਡਬਲਯੂ. 824, ਪੀ.ਬੀ.ਡਬਲਯੂ. ਜਿੰਕ 2 ਸ਼ਾਮਿਲ ਹਨ।
ਇਹ ਜਾਣਕਾਰੀ ਅੱਜ ਕ੍ਰਿਸ਼ੀ ਵਿਗਿਆਨ ਕੇਂਦਰ ਕਪੂਰਥਲਾ ਵਿਚ ਯੂਨੀਵਰਸਿਟੀ ਵਲੋਂ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਕਣਕ ਤੇ ਸਰ੍ਹੋਂ ਦਾ ਬੀਜ ਤਕਸੀਮ ਕਰਨ ਲਈ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਡਾ. ਐਮ.ਐਸ. ਭੁੱਲਰ ਸਿੱਖਿਆ ਡਾਇਰੈਕਟਰ ਵਿਸਥਾਰ ਸਿੱਖਿਆ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਕਹੀ। ਉਨ੍ਹਾਂ ਕਿਹਾ ਕਿ ਹੜ੍ਹ ਪੀੜਤ ਕਿਸਾਨਾਂ ਦੀ ਮਦਦ ਲਈ ਸ਼ੁਰੂ ਕੀਤੀ ਇਸ ਮੁਹਿੰਮ ਤਹਿਤ ਯੂਨੀਵਰਸਿਟੀ ਦੇ ਵਿਦਵਾਨਾਂ ਅਤੇ ਕਰਮਚਾਰੀਆਂ ਵਲੋਂ ਆਪਣੀ ਤਨਖ਼ਾਹ ਵਿਚੋਂ ਯੋਗਦਾਨ ਪਾਇਆ ਗਿਆ ਹੈ।
ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦਾ ਉਦੇਸ਼ ਨਾ ਸਿਰਫ ਤੁਰੰਤ ਸਹਾਇਤਾ ਕਰਨਾ ਹੈ ਸਗੋਂ ਕਿਸਾਨਾਂ ਨੂੰ ਯੂਨੀਵਰਸਿਟੀ ਵਲੋਂ ਸਿਫ਼ਾਰਸ਼ ਕੀਤੇ ਬੀਜਾਂ ਨੂੰ ਭਵਿੱਖ ਵਿਚ ਸੰਭਾਲਣ ਯੋਗ ਬਣਾਉਣਾ ਵੀ ਹੈ ਤਾਂ ਜੋ ਕਿਸਾਨ ਲੰਬੇ ਸਮੇਂ ਲਈ ਬੀਜ ਰੱਖ ਕੇ ਸਵੈ ਨਿਰਭਰ ਹੋ ਸਕਣ। ਉਨ੍ਹਾਂ ਕਿਹਾ ਕਿ ਅੱਜ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ 70 ਕਿਸਾਨਾਂ ਨੂੰ 50 ਕੁਇੰਟਲ ਕਣਕ ਤੇ 22 ਕੁਇੰਟਲ ਸਰ੍ਹੋਂ ਦਾ ਬੀਜ ਵੰਡਿਆ ਗਿਆ ਹੈ। ਸਮਾਗਮ ਨੂੰ ਸੰਬੋਧਨ ਕਰਦਿਆਂ ਯੂਨੀਵਰਸਿਟੀ ਦੇ ਸਹਾਇਕ ਵਿਸਥਾਰ ਸਿੱਖਿਆ ਡਾਇਰੈਕਟਰ ਡਾ. ਤਰਸੇਮ ਸਿੰਘ ਢਿੱਲੋਂ ਨੇ ਕਿਹਾ ਕਿ ਹੜ੍ਹ ਕਾਰਨ ਮਿੱਟੀ ਦੀ ਸਿਹਤ ਨੂੰ ਹੋਏ ਨੁਕਸਾਨ ਦੀ ਪੂਰਤੀ ਲਈ ਵਿਗਿਆਨਕ ਤਰੀਕੇ ਨਾਲ ਮਿੱਟੀ ਦੀ ਮੁੜ ਸੰਰਚਨਾ ਕਰਨਾ ਬਹੁਤ ਜ਼ਰੂਰੀ ਹੈ। ਇਸ ਮੌਕੇ ਬੋਲਦਿਆਂ ਕ੍ਰਿਸ਼ੀ ਵਿਗਿਆਨ ਕੇਂਦਰ ਕਪੂਰਥਲਾ ਦੇ ਇੰਚਾਰਜ ਡਾ. ਹਰਿੰਦਰ ਸਿੰਘ ਨੇ ਕਿਹਾ ਕਿ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਵਿਗਿਆਨੀਆਂ ਨੇ ਯੋਗ ਲਾਭਪਾਤਰੀ ਕਿਸਾਨਾਂ ਦੀ ਪਛਾਣ ਕਰਕੇ ਉਨ੍ਹਾਂ ਦੀ ਲੋੜ ਅਨੁਸਾਰ ਤਕਨੀਕੀ ਤੇ ਖੇਤੀਬਾੜੀ ਸਹਾਇਤਾ ਮੁਹੱਈਆ ਕਰਵਾਉਣ ਲਈ ਇਕ ਰਣਨੀਤੀ ਤਿਆਰ ਕੀਤੀ ਹੈ।
ਉਨ੍ਹਾਂ ਕਿਹਾ ਕਿ ਕ੍ਰਿਸ਼ੀ ਵਿਗਿਆਨ ਕੇਂਦਰ ਵਲੋਂ ਜ਼ਿਲ੍ਹੇ ਦੇ ਮੰਡ ਖੇਤਰ ਦੇ ਪਿੰਡ ਸਾਂਗਰਾ, ਰਾਮਪੁਰ ਗੋਰੇ, ਬਾਊਪੁਰ ਕਦੀਮ, ਬਾਊਪੁਰ ਜਦੀਦ ਅਤੇ ਆਹਲੀ ਕਲਾਂ ਸਮੇਤ 5 ਪ੍ਰਭਾਵਿਤ ਪਿੰਡਾਂ ਨੂੰ ਗੋਦ ਲਿਆ ਹੈ ਤੇ ਉਨ੍ਹਾਂ ਨੂੰ ਸਬਜ਼ੀ ਦੀਆਂ ਕਿੱਟਾਂ ਤੇ ਵੱਖ-ਵੱਖ ਸਬਜ਼ੀਆਂ ਦੀਆਂ ਪਨੀਰੀਆਂ ਮੁਹੱਈਆ ਕਰਵਾਈਆਂ ਗਈਆਂ ਹਨ। ਸਮਾਗਮ ਵਿਚ ਬੀਜ ਪ੍ਰਾਪਤ ਕਰਨ ਆਏ ਹੜ੍ਹ ਪ੍ਰਭਾਵਿਤ ਕਿਸਾਨਾਂ ਨੇ ਯੂਨੀਵਰਸਿਟੀ ਵਲੋਂ ਦਿੱਤੇ ਗਏ ਹੁੰਗਾਰੇ ਲਈ ਯੂਨੀਵਰਸਿਟੀ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਤੇ ਕਿਹਾ ਕਿ ਉਨ੍ਹਾਂ ਨੂੰ ਉੱਚ ਗੁਣਵੱਤਾ ਵਾਲਾ ਬੀਜ ਪ੍ਰਾਪਤ ਹੋਣ ਨਾਲ ਉਨ੍ਹਾਂ ਵਿਚ ਮੁੜ ਖੇਤੀ ਕਰਨ ਦਾ ਹੌਸਲਾ ਪੈਦਾ ਹੋਇਆ ਹੈ।
;
;
;
;
;
;
;
;