ਪਰਾਲੀ ਦੀ ਭਰੀ ਟਰਾਲੀ ਨੂੰ ਲੱਗੀ ਅੱਗ, ਡਰਾਈਵਰ ਦੀ ਹੁਸ਼ਿਆਰੀ ਨਾਲ ਜਾਨੀ ਬਚਾਅ
ਕੋਟਫ਼ਤੂਹੀ (ਹੁਸ਼ਿਆਰਪੁਰ), 30 ਅਕਤੂਬਰ (ਅਵਤਾਰ ਸਿੰਘ ਅਟਵਾਲ)-ਨਜ਼ਦੀਕੀ ਪਿੰਡ ਪੰਡੋਰੀ ਗੰਗਾ ਸਿੰਘ ਦੀ ਮੁੱਖ ਸੜਕ ਉਤੇ ਲਗਭਗ ਦਿਨੇ ਢਾਈ ਕੁ ਵਜੇ ਦੇ ਕਰੀਬ ਸੜਕ ਉੱਪਰ ਲੰਘਦੀਆਂ ਬਿਜਲੀ ਦੀਆਂ ਢਿੱਲੀਆਂ ਤਾਰਾਂ ਹੋਣ ਕਰਕੇ ਖੇਤਾਂ ਵਿਚੋਂ ਪਰਾਲੀ ਦੀਆਂ ਗੱਠਾਂ ਬੰਨ੍ਹ ਕੇ ਲੈ ਜਾ ਰਹੀ ਟਰਾਲੀ ਨੂੰ ਤਾਰਾਂ ਦੇ ਸੰਪਰਕ ਨਾਲ ਭਿਆਨਕ ਅੱਗ ਲੱਗ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ। ਜਾਣਕਾਰੀ ਅਨੁਸਾਰ ਸੰਦੀਪ ਸਿੰਘ ਨਿਵਾਸੀ ਟੋਡਰਪੁਰ ਉਨ੍ਹਾਂ ਦੇ ਸਾਥੀ ਸੁਖਵਿੰਦਰ ਸਿੰਘ ਲੱਡੂ, ਜਸਪ੍ਰੀਤ ਸਿੰਘ, ਕੁਲਵਰਨ ਸਿੰਘ ਪੰਡੋਰੀ ਗੰਗਾ ਸਿੰਘ, ਗੁਰਪ੍ਰੀਤ ਸਿੰਘ ਆਦਿ ਨੇ ਦੱਸਿਆ ਕਿ ਉਹ ਹਰ ਰੋਜ਼ ਦੀ ਤਰ੍ਹਾਂ ਖੇਤਾਂ ਵਿਚੋਂ ਪਰਾਲੀ ਦੀਆਂ ਗੱਠਾਂ ਬੰਨ੍ਹ ਕੇ ਪਿੰਡ ਪੰਜੌੜ ਵਿਖੇ ਡੰਪ ਕਰ ਰਹੇ ਹਨ, ਅੱਜ ਉਨ੍ਹਾਂ ਦਾ ਡਰਾਈਵਰ ਜੀਤਾ ਮੁਖਸ਼ੂਸਪੁਰ ਪਰਾਲੀ ਦੀਆਂ ਗੱਠਾਂ ਨਾਲ ਭਰੀ ਹੋਈ ਟਰੈਕਟਰ-ਟਰਾਲੀ ਲੈ ਕੇ ਪੰਡੋਰੀ ਗੰਗਾ ਸਿੰਘ ਵਾਲੀ ਮੁੱਖ ਸੜਕ ਤੋਂ ਪਿੰਡ ਪੰਜੌੜ ਵੱਲ ਨੂੰ ਜਾ ਰਿਹਾ ਸੀ, ਜਦੋਂ ਉਹ ਮੁੱਖ ਸੜਕ ਉਤੇ ਘਰਾਂ ਦੇ ਕਰੀਬ ਆਇਆ ਤਾਂ ਸੜਕ ਉੱਪਰ ਕਰਾਸ ਕਰਦਿਆਂ ਬਿਜਲੀ ਦੀਆਂ ਨੀਵੀਂਆਂ ਢਿੱਲੀਆਂ ਤਾਰਾਂ ਨਾਲ ਟਕਰਾਉਣ ਨਾਲ ਉਨ੍ਹਾਂ ਦੀ ਟਰਾਲੀ ਦੇ ਉੱਪਰ ਸੁੱਕੀ ਪਰਾਲੀ ਨੂੰ ਅੱਗ ਲੱਗ ਗਈ। ਮੌਕੇ ਉਤੇ ਡਰਾਈਵਰ ਨੇ ਹੁਸ਼ਿਆਰੀ ਨਾਲ ਆਪਣਾ ਟਰੈਕਟਰ ਟਰਾਲੀ ਅੱਗੇ ਸੜਕ ਕਿਨਾਰੇ ਲਿਆ ਕੇ ਖੜ੍ਹਾ ਕਰ ਦਿੱਤਾ ਅਤੇ ਟਰਾਲੀ ਨੂੰ ਟਰੈਕਟਰ ਨਾਲ ਪਲਟਾਉਣ ਦੀ ਕੋਸ਼ਿਸ਼ ਕੀਤੀ ਫਿਰ ਜੇ. ਬੀ. ਸੀ. ਮੰਗਵਾ ਕੇ ਖਾਲੀ ਖੇਤ ਵਿਚ ਟਰਾਲੀ ਨੂੰ ਪਲਟਾ ਕੇ ਵੱਡਾ ਹਾਦਸਾ ਹੋਣੋਂ ਬਚਾਅ ਕੀਤਾ।
ਮੌਕੇ ਉਤੇ ਫਾਇਰ ਬ੍ਰਿਗੇਡ ਦੀ ਗੱਡੀ ਗੜ੍ਹਸ਼ੰਕਰ ਤੋਂ ਪਹੁੰਚ ਕੇ ਅੱਗ ਉਤੇ ਕਾਬੂ ਪਾਇਆ। ਇਸ ਅੱਗ ਵਿਚ ਟਰਾਲੀ ਪੂਰੀ ਤਰ੍ਹਾਂ ਨਾਲ ਸੜ ਗਈ, ਜਿਸ ਨਾਲ ਕਿਸਾਨ ਦਾ ਲਗਭਗ 2 ਲੱਖ ਰੁਪਏ ਤੋਂ ਵੱਧ ਦਾ ਨੁਕਸਾਨ ਹੋ ਗਿਆ। ਉਨ੍ਹਾਂ ਦੱਸਿਆ ਕਿ ਉਹ ਬਿਜਲੀ ਬੋਰਡ ਦੇ ਅਧਿਕਾਰੀਆਂ ਨੂੰ ਇਨ੍ਹਾਂ ਨੀਵੀਂਆਂ ਬਿਜਲੀ ਦੀਆਂ ਤਾਰਾਂ ਦੇ ਸੰਬੰਧ ਵਿਚ ਮਹਿਕਮਾ ਖੇਤੀਬਾੜੀ ਅਤੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਰਾਹੀਂ ਕਈ ਵਾਰ ਲਿਖਤੀ ਸ਼ਿਕਾਇਤ ਤੇ ਢਿੱਲੀਆਂ ਤਾਰਾਂ ਦੀਆਂ ਲੁਕੇਸ਼ਨ ਵੀ ਭੇਜ ਚੁੱਕੇ ਹਨ ਪਰ ਬਿਜਲੀ ਵਿਭਾਗ ਦੇ ਅਧਿਕਾਰੀ ਇਸ ਪਾਸੇ ਗ਼ੌਰ ਨਹੀਂ ਕੀਤਾ, ਜਿਸ ਦਾ ਖ਼ਮਿਆਜ਼ਾ ਅੱਜ ਉਹ ਭੁਗਤ ਰਹੇ ਹਨ।
;
;
;
;
;
;
;
;