ਮਾਮਲਾ ਰਿਚੀ ਕੇ.ਪੀ. ਦੀ ਮੌਤ ਦਾ - ਕਰੇਟਾ ਚਾਲਕ ਪ੍ਰਿੰਸ ਨੇ ਕੀਤਾ ਸਰੰਡਰ, ਪੁਲਿਸ ਨੇ ਲਿਆ 2 ਦਿਨ ਦਾ ਰਿਮਾਂਡ
ਜਲੰਧਰ, 28 ਅਕਤੂਬਰ ( ਚੰਦੀਪ ਭੱਲਾ) - ਬੀਤੇ ਮਹੀਨੇ ਸਥਾਨਕ ਮਾਡਲ ਟਾਊਨ ਵਿਖੇ ਹੋਏ ਸੜਕ ਹਾਦਸੇ ਦੇ ਮਾਮਲੇ 'ਚ ਸਾਬਕਾ ਸਾਂਸਦ ਮਹਿੰਦਰ ਸਿੰਘ ਕੇ.ਪੀ. ਦੇ ਲੜਕੇ ਰਿਚੀ ਕੇ.ਪੀ.ਦੀ ਮੌਤ ਦੇ ਮਾਮਲੇ 'ਚ ਨਾਮਜ਼ਦ ਕੀਤੇ ਗਏ ਕਰੇਟਾ ਕਾਰ ਦੇ ਚਾਲਕ ਕਪੜਾ ਵਪਾਰੀ ਗੁਰਸ਼ਰਨ ਸਿੰਘ ਪ੍ਰਿੰਸ ਨੇ ਅੱਜ ਅਦਾਲਤ ਚ ਸਰੰਡਰ ਕਰ ਦਿੱਤਾ , ਜਿਸ ਤੋਂ ਬਾਅਦ ਥਾਣਾ 6 ਦੀ ਪੁਲਿਸ ਨੇ ਉਸ ਗ੍ਰਿਫ਼ਤਾਰ ਕਰਕੇ ਉਸ ਦਾ 2 ਦਿਨ ਦਾ ਰਿਮਾਂਡ ਹਾਸਲ ਕਰ ਲਿਆ। ਜ਼ਿਕਰਯੋਗ ਹੈ ਕਿ ਉਕਤ ਕਰੇਟਾ ਚਾਲਕ ਪਿਛਲੇ ਮਹੀਨੇ 13 ਸਤੰਬਰ ਦੀ ਰਾਤ ਜਿਸ ਦਿਨ ਇਹ ਹਾਦਸਾ ਹੋਇਆ ਸੀ ਤੋਂ ਬਾਅਦ ਦਾ ਹੀ ਫ਼ਰਾਰ ਹੈ। ਪ੍ਰਿੰਸ ਵਲੋਂ ਪਹਿਲਾਂ ਜਲੰਧਰ ਦੀ ਅਦਾਲਤ 'ਚ ਪੇਸ਼ਗੀ ਜ਼ਮਾਨਤ ਦੀ ਅਰਜ਼ੀ ਲਗਾਈ ਗਈ ਸੀ , ਜਿਸ ਨੂੰ ਅਦਾਲਤ ਵਲੋਂ ਰੱਦ ਕਰ ਦਿੱਤਾ ਗਿਆ ਸੀ। ਉਸ ਤੋਂ ਬਾਅਦ ਪ੍ਰਿੰਸ ਵਲੋਂ ਹਾਈਕੋਰਟ 'ਚ ਵੀ ਪੇਸ਼ਗੀ ਜ਼ਮਾਨਤ ਦੀ ਅਰਜ਼ੀ ਲਗਾਈ ਗਈ ਤੇ ਹਾਈਕੋਰਟ ਨੇ ਵੀ ਉਸ ਅਰਜ਼ੀ ਨੂੰ ਰੱਦ ਕਰ ਦਿੱਤਾ ਸੀ । ਇਸੇ ਕੇਸ 'ਚ ਇਕ ਹੋਰ ਨਾਮਜ਼ਦ ਵਿਸ਼ੂ ਕਪੂਰ ਵਲੋਂ ਵੀ ਜ਼ਮਾਨਤ ਦੀ ਅਰਜ਼ੀ ਲਗਾਈ ਗਈ ਸੀ ਪਰ ਉਸ ਨੂੰ ਵੀ ਜ਼ਮਾਨਤ ਨਹੀਂ ਮਿਲੀ ਸੀ ।
ਇੱਥੇ ਜ਼ਿਕਰਯੋਗ ਹੈ ਕਿ ਇਸ ਸੜਕ ਹਾਦਸੇ ਦੌਰਾਨ ਕਾਰਾਂ ਦੀ ਟੱਕਰ ਚ ਸਾਬਕਾ ਸਾਂਸਦ ਮਹਿੰਦਰ ਸਿੰਘ ਕੇ ਪੀ ਦੇ ਇਕਲੌਤੇ ਲੜਕੇ ਰਿਚੀ ਕੇ.ਪੀ.ਦੀ ਮੌਤ ਹੋ ਗਈ ਸੀ। ਪੁਲਿਸ ਨੇ ਕਿਹਾ ਸੀ ਕਰੇਟਾ ਚਾਲਕ ਦੀ ਲਾਪਰਵਾਹੀ ਤੇ ਤੇਜ਼ ਰਫ਼ਤਾਰ ਕਰਕੇ ਹੀ ਰਿਚੀ ਕੇ.ਪੀ.ਦੀ ਜਾਨ ਗਈ ਸੀ ਤੇ ਹਾਦਸੇ ਤੋਂ ਪ੍ਰਿੰਸ ਰਿਚੀ ਕੇ.ਪੀ. ਨੂੰ ਹਸਪਤਾਲ ਲਿਜਾਉਣ ਦੀ ਥਾਂ ਮੌਕੇ ਤੋਂ ਫ਼ਰਾਰ ਹੋ ਗਿਆ ਸੀ।
;
;
;
;
;
;
;
;