ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਦਾ ਸੰਤ ਸੀਚੇਵਾਲ ਨੇ ਲਿਆ ਜਾਇਜ਼ਾ
ਸੁਲਤਾਨਪੁਰ ਲੋਧੀ, 28 ਅਕਤੂਬਰ (ਥਿੰਦ) - ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਕੀਤੀਆਂ ਜਾ ਰਹੀਆਂ ਤਿਆਰੀਆਂ ਦਾ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਜਾਇਜ਼ਾ ਲਿਆ। ਉਨ੍ਹਾਂ ਅੱਜ ਸੰਤ ਘਾਟ ਨੇੜੇ ਪਲਟੂਨ ਪੁਲ ਮੁੜ ਤੋਂ ਰੱਖੇ ਜਾਣ ਨੂੰ ਮੌਕੇ ‘ਤੇ ਜਾ ਕੇ ਦੇਖਿਆ। ਇਤਿਹਾਸਕ ਨਗਰੀ ਸੁਲਤਾਨਪੁਰ ਲੋਧੀ ਸ਼ਹਿਰ ਦੀਆਂ ਪਿਛਲੇ 3 ਸਾਲ ਤੋਂ ਪੁੱਟੀਆਂ ਸੜਕਾਂ ਦਾ ਨਿਰਮਾਣ ਸਮੇਂ ਸਿਰ ਨਾ ਹੋਣ ‘ਤੇ ਤਿੱਖੀ ਪ੍ਰਤੀਕ੍ਰਿਆ ਦਿੰਦਿਆ ਸੰਤ ਸੀਚੇਵਾਲ ਨੇ ਕਿਹਾ ਕਿ ਉਹ ਹੈਰਾਨ ਹਨ ਕਿ ਪ੍ਰਸ਼ਾਸਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਗੰਭੀਰਤਾ ਨਾਲ ਨਹੀਂ ਲੈ ਰਿਹਾ ਜਦ ਕਿ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ 2 ਮਹੀਨੇ ਪਹਿਲਾਂ ਸ਼ੁਰੂ ਹੋ ਜਾਣੀਆਂ ਚਾਹੀਦੀਆਂ ਸਨ।
ਸੰਤ ਸੀਚੇਵਾਲ ਨੇ ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਨਾਲ ਵੀ ਫ਼ੋਨ ‘ਤੇ ਗੱਲ ਕਰਦਿਆ ਉਨ੍ਹਾਂ ਨੂੰ ਸੜਕਾਂ ਦਾ ਕੰਮ 5 ਨਵੰਬਰ ਤੋਂ ਪਹਿਲਾਂ ਕਰਨ ਦੀਆਂ ਹਿਦਾਇਤਾਂ ਕੀਤੀਆਂ। ਇਸੇ ਤਰ੍ਹਾਂ ਸੁਲਤਾਨਪੁਰ ਦੀ ਐਸ.ਡੀ.ਐਮ. ਅਲਕਾ ਕਾਲੀਆ ਨਾਲ ਵੀ ਗੱਲ ਕੀਤੀ ਤੇ ਅਧੂਰੇ ਕੰਮਾਂ ਨੂੰ ਪੂਰਾ ਕਰਨ ਦੀਆਂ ਹਿਦਾਇਤਾਂ ਕੀਤੀਆਂ। ਸੰਤ ਸੀਚੇਵਾਲ ਨੇ ਦੱਸਿਆ ਕਿ ਸਾਲ 2019 ਵਿਚ ਸ੍ਰੀ ਗੁਰੁ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਵੱਡੇ ਐਲਾਨ ਹੋਏ ਸਨ। ਇਨ੍ਹਾਂ ਵਿਚ ਬਾਬੇ ਨਾਨਕ ਦਾ ਪਿੰਡ ਬਣਾਉਣ ਅਤੇ ਕੇਂਦਰ ਸਰਕਾਰ ਵਲੋਂ ਸੁਲਤਾਨਪੁਰ ਲੋਧੀ ਨੂੰ ਸਮਾਰਟ ਸਿਟੀ ਐਲਾਨਿਆ ਸੀ। ਪਵਿੱਤਰ ਵੇਈਂ ਦੀ ਸਫਾਈ ਅਤੇ ਇਸ ਦੇ ਸੁੰਦਰੀਕਰਨ ਲਈ 46 ਕਰੋੜ ਰੁਪਏ ਆਏ ਸਨ ਅਜੇ ਤੱਕ ਨਹੀਂ ਲੱਗੇ।
;
;
;
;
;
;
;
;