ਮੋਟਰਸਾਈਕਲਾਂ ਦੀ ਟੱਕਰ 'ਚ ਇਕ ਨੌਜਵਾਨ ਦੀ ਮੌਤ, ਦੂਜਾ ਜ਼ਖਮੀ
ਕਪੂਰਥਲਾ, 25 ਅਕਤੂਬਰ (ਅਮਨਜੋਤ ਸਿੰਘ ਵਾਲੀਆ)-ਸੁਲਤਾਨਪੁਰ ਲੋਧੀ ਰੋਡ ਉਤੇ ਆਰ.ਸੀ.ਐਫ. ਦੇ ਗੇਟ ਨੰਬਰ ਤਿੰਨ ਨੇੜੇ ਦੋ ਮੋਟਰਸਾਈਕਲਾਂ ਦੀ ਟੱਕਰ ਵਿਚ ਦੋ ਨੌਜਵਾਨ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਉਨ੍ਹਾਂ ਦੇ ਸਾਥੀਆਂ ਨੇ 108 ਐਂਬੂਲੈਂਸ ਦੀ ਸਹਾਇਤਾ ਨਾਲ ਸਿਵਲ ਹਸਪਤਾਲ ਦਾਖਲ ਕਰਵਾਇਆ ਜਿਥੇ ਇਕ ਨੌਜਵਾਨ ਦੀ ਇਲਾਜ ਦੌਰਾਨ ਮੌਤ ਹੋ ਗਈ। ਜ਼ੇਰੇ ਇਲਾਜ ਕੁਲਜਿੰਦਰ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਟਿੱਬਾ ਨੇ ਦੱਸਿਆ ਕਿ ਉਹ ਆਪਣੇ ਸਾਥੀ ਗੁਰਪ੍ਰੀਤ ਸਿੰਘ ਉਰਫ ਬਬਲੂ ਨਾਲ ਸੁਲਤਾਨਪੁਰ ਲੋਧੀ ਵਲੋਂ ਕਪੂਰਥਲਾ ਵੱਲ ਜਾ ਰਹੇ ਸੀ ਜਦੋਂ ਉਹ ਰੇਲ ਕੋਚ ਫੈਕਟਰੀ ਕਪੂਰਥਲਾ ਦੇ ਗੇਟ ਨੰਬਰ ਤਿੰਨ ਉਤੇ ਪੁੱਜੇ ਤਾਂ ਸਾਹਮਣੇ ਤੋਂ ਆਉਂਦੇ ਮੋਟਰਸਾਈਕਲ ਨਾਲ ਉਨ੍ਹਾਂ ਦੀ ਟੱਕਰ ਹੋ ਗਈ, ਜਿਸ ਵਿਚ ਉਹ ਦੋਵੇਂ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਸਥਾਨਕ ਲੋਕਾਂ ਤੇ ਸਾਥੀਆਂ ਨੇ ਸਿਵਲ ਹਸਪਤਾਲ ਕਪੂਰਥਲਾ ਦਾਖਲ ਕਰਵਾਇਆ।
ਐਮਰਜੈਂਸੀ ਵਾਰਡ ਵਿਚ ਤਾਇਨਾਤ ਡਿਊਟੀ ਡਾਕਟਰ ਇੰਦਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਰੋਡ ਐਕਸੀਡੈਂਟ ਵਿਚ ਜ਼ਖਮੀ ਦੋ ਵਿਅਕਤੀ ਆਏ ਸਨ ਜਿਨ੍ਹਾਂ ਨੂੰ ਉਨ੍ਹਾਂ ਨੇ ਮੁੱਢਲੀ ਸਹਾਇਤਾ ਦੇਣ ਉਪਰੰਤ ਇਲਾਜ ਸ਼ੁਰੂ ਕਰ ਦਿੱਤਾ ਪਰ ਗੁਰਪ੍ਰੀਤ ਸਿੰਘ ਉਰਫ ਬਬਲੂ ਵਾਸੀ ਮਸੀਤਾਂ ਦੇ ਸਿਰ ਉਤੇ ਸੱਟ ਜ਼ਿਆਦਾ ਗੰਭੀਰ ਹੋਣ ਕਾਰਨ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ। ਇਸ ਸੰਬੰਧੀ ਥਾਣੇ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਗੁਰਪ੍ਰੀਤ ਸਿੰਘ ਉਰਫ ਬਬਲੂ ਦੀ ਪਤਨੀ ਦੀ ਕੁਝ ਦਿਨ ਪਹਿਲਾਂ ਵੱਡੇ ਆਪਰੇਸ਼ਨ ਨਾਲ ਬੱਚੇ ਦੀ ਡਲਿਵਰੀ ਦੌਰਾਨ ਮੌਤ ਹੋ ਗਈ ਸੀ ਤੇ ਬੀਤੇ ਦਿਨ ਉਸ ਦਾ ਭੋਗ ਸੀ ਅਤੇ ਅੱਜ ਉਸਦੇ ਪਤੀ ਦੀ ਵੀ ਸੜਕ ਹਾਦਸੇ ਵਿਚ ਮੌਤ ਹੋ ਗਈ।
;
;
;
;
;
;
;
;