JALANDHAR WEATHER

ਅਣਪਛਾਤੇ ਮੋਟਰਸਾਈਕਲ ਸਵਾਰਾਂ ਵਲੋਂ ਦੁਕਾਨ 'ਤੇ ਪੈਟਰੋਲ ਬੰਬ ਨਾਲ ਹਮਲੇ ਦੀ ਕੋਸ਼ਿਸ਼

ਠੱਠੀ ਭਾਈ, 25 ਅਕਤੂਬਰ (ਜਗਰੂਪ ਸਿੰਘ ਮਠਾੜੂ)-ਬਾਘਾ ਪੁਰਾਣਾ ਹਲਕੇ ਦੇ ਪਿੰਡ ਮਾੜੀ ਮੁਸਤਫਾ ਵਿਚ ਉਸ ਸਮੇਂ ਮੁੜ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਤਿੰਨ ਅਣਪਛਾਤੇ ਵਿਅਕਤੀਆਂ ਨੇ ਮਾੜੀ ਮੁਸਤਫਾ ਦੇ ਵੈਰੋਕੇ ਰੋਡ ਦੇ ਕੋਲ ਭੋਡੀ ਵਾਲਿਆਂ ਦੀ ਦੁਕਾਨ ਉਤੇ ਪੈਟਰੋਲ ਬੰਬ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਜਾਣਕਾਰੀ ਅਨੁਸਾਰ ਇਹ ਵਿਅਕਤੀ ਮੋਟਰਸਾਈਕਲ ‘ਤੇ ਸਵਾਰ ਹੋ ਕੇ ਬਾਘਾ ਪੁਰਾਣੇ ਵਾਲੇ ਅੱਡੇ ਵਲੋਂ ਆਏ ਸਨ ਅਤੇ ਉਨ੍ਹਾਂ ਨੇ ਮੂੰਹ ਬੰਨ੍ਹੇ ਹੋਏ ਸਨ, ਜਦਕਿ ਮੋਟਰਸਾਈਕਲ ਦਾ ਨੰਬਰ ਪਲੇਟ ਵੀ ਮਿਟਾਇਆ ਹੋਇਆ ਸੀ। ਜਦੋਂ ਉਨ੍ਹਾਂ ਨੇ ਪੈਟਰੋਲ ਬੰਬ ਸੁੱਟਿਆ, ਉਹ ਦੁਕਾਨ ਤੋਂ ਬਾਹਰ ਕੰਧ ਵਿਚ ਵੱਜਣ ਕਾਰਨ ਵੱਡਾ ਹਾਦਸਾ ਟਲ ਗਿਆ ਪਰ ਉਸ ਪੈਟਰੋਲ ਕਾਰਨ ਦੁਕਾਨ ਦੇ ਬਾਹਰ ਅੱਗ ਲੱਗ ਗਈ, ਜਿਸ ਨੂੰ ਜਲਦੀ ਹੀ ਕਾਬੂ ਕਰ ਲਿਆ ਗਿਆ।

ਦੱਸਣਯੋਗ ਹੈ ਕਿ ਜੇਕਰ ਉਕਤ ਬੰਬ ਦੁਕਾਨ ਦੇ ਅੰਦਰ ਡਿੱਗ ਪੈਂਦਾ ਤਾਂ ਦੁਕਾਨ ਅੰਦਰ ਟਾਇਰ ਟਿਊਬਾਂ ਅਤੇ ਹੋਰ ਪਲਾਸਟਿਕ ਦਾ ਵੱਡੀ ਪੱਧਰ ਉਤੇ ਸਾਮਾਨ ਪਿਆ ਸੀ, ਜਿਸ ਕਾਰਨ ਇਹ ਵੱਡੀ ਘਟਨਾ ਵਾਪਰ ਸਕਦੀ ਸੀ। ਹਮਲਾ ਕਰਨ ਤੋਂ ਬਾਅਦ ਤਿੰਨੋਂ ਵਿਅਕਤੀ ਪਿੰਡ ਵੈਰੋਕੇ ਵੱਲ ਨੂੰ ਫਰਾਰ ਹੋ ਗਏ। ਇਸ ਘਟਨਾ ਕਾਰਨ ਪਿੰਡ ਮਾੜੀ ਮੁਸਤਫਾ ਵਿਚ ਮੁੜ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਇਸੇ ਪਿੰਡ ਵਿਚ ਦੋ ਵਿਅਕਤੀਆਂ ਉਤੇ ਗੋਲੀਆਂ ਨਾਲ ਜਾਨਲੇਵਾ ਹਮਲੇ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਚੁੱਕੀਆਂ ਹਨ। ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਦੋਸ਼ੀਆਂ ਨੂੰ ਕਾਬੂ ਕਰਕੇ ਸਖਤ ਕਾਰਵਾਈ ਕੀਤੀ ਜਾਵੇ। ਪਿੰਡ ਮਾੜੀ ਮੁਸਤਫਾ ਦੇ ਸਰਪੰਚ ਗੁਰਭੇਜ ਸਿੰਘ ਬਰਾੜ ਨੇ ਇਸ ਮਾਮਲੇ ਦੀ ਪੁਸ਼ਟੀ ਕਰਦਿਆਂ ਘਟਨਾ ਉਤੇ ਚਿੰਤਾ ਜਤਾਈ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ