ਬਲਕੌਰ ਸਿੰਘ ਸਿੱਧੂ ਵਲੋਂ ਸ਼ੂਟਰਾਂ ਤੇ ਘਟਨਾ ਸਮੇਂ ਵਰਤੀਆਂ ਗੱਡੀਆਂ ਦੀ ਸ਼ਨਾਖ਼ਤ

ਮਾਨਸਾ, 17 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)-ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਸਥਾਨਕ ਜ਼ਿਲ੍ਹਾ ਤੇ ਸੈਸ਼ਨਜ਼ ਜੱਜ ਦੀ ਅਦਾਲਤ ’ਚ ਅੱਜ ਜਿਥੇ ਸ਼ੂਟਰਾਂ ਦੀ ਸ਼ਨਾਖ਼ਤ ਕੀਤੀ, ਉਥੇ ਵਾਰਦਾਤ ਸਮੇਂ ਵਰਤੀਆਂ ਬਲੈਰੋ ਤੇ ਕਰੋਲਾ ਗੱਡੀਆਂ ਦੀ ਵੀ ਪਛਾਣ ਕੀਤੀ। ਪੁਲਿਸ ਵਲੋਂ ਸ਼ੂਟਰ ਪ੍ਰਿਆਵਰਤ ਫ਼ੌਜੀ, ਦੀਪਕ ਮੁੰਡੀ ਤੇ ਕੁਲਦੀਪ ਕਸ਼ਿਸ਼ ਤੋਂ ਇਲਾਵਾ ਰੇਕੀ ਕਰਨ ਵਾਲੇ ਸੰਦੀਪ ਕੇਕੜਾ ਤੇ ਉਸ ਦੇ ਭਰਾ ਬਲਦੇਵ ਨਿੱਕੂ ਨੂੰ ਭਾਰੀ ਸੁਰੱਖਿਆ ਹੇਠ ਲਿਆਂਦਾ ਗਿਆ। ਇਨ੍ਹਾਂ ਪੰਜਾਂ ਨੇ ਵਿਅਕਤੀਗਤ ਤੌਰ ’ਤੇ ਪੇਸ਼ੀ ਭੁਗਤੀ ਜਦਕਿ ਲਾਰੈਂਸ ਬਿਸ਼ਨੋਈ, ਗੈਂਗਸਟਰ ਜੱਗੂ ਭਗਵਾਨਪੁਰੀਆ ਤੇ ਹੋਰਾਂ ਨੂੰ ਵੀਡੀਓ ਕਾਨਫਰੰਸਿੰਗ ਜ਼ਰੀਏ ਪੇਸ਼ ਕੀਤਾ ਗਿਆ। ਅੱਜ ਬਲਕੌਰ ਸਿੰਘ ਦੀ ਗਵਾਹੀ ਵੀ ਹੋਣੀ ਸੀ ਪਰ ਕਿਸੇ ਕਾਰਨ ਨਹੀਂ ਹੋ ਸਕੀ। ਸੈਸ਼ਨ ਜੱਜ ਮਨਿੰਦਰਜੀਤ ਸਿੰਘ ਦੀ ਅਦਾਲਤ ਨੇ ਅਗਲੀ ਸੁਣਵਾਈ 14 ਨਵੰਬਰ ’ਤੇ ਪਾਈ ਹੈ।