ਆਰ.ਪੀ. ਸਿੰਘ ਵਲੋਂ ਦਿੱਲੀ ਦੇ ਮੁੱਖ ਮੰਤਰੀ ਨਾਲ ਮੁਲਾਕਾਤ ਕਰ ਦਵਿੰਦਰ ਪਾਲ ਸਿੰਘ ਭੁੱਲਰ ਦੀ ਰਿਹਾਈ ਦੀ ਕੀਤੀ ਅਪੀਲ

ਨਵੀਂ ਦਿੱਲੀ, 14 ਅਕਤੂਬਰ- ਭਾਜਪਾ ਦੇ ਰਾਸ਼ਟਰੀ ਬੁਲਾਰੇ ਆਰ.ਪੀ. ਸਿੰਘ ਨੇ ਟਵੀਟ ਕਰ ਦੱਸਿਆ ਕਿ ਉਨ੍ਹਾਂ ਵਲੋਂ ਦਿੱਲੀ ਦੇ ਮਾਣਯੋਗ ਮੁੱਖ ਮੰਤਰੀ, ਸ੍ਰੀਮਤੀ ਰੇਖਾ ਗੁਪਤਾ ਜੀ ਨਾਲ ਮੁਲਾਕਾਤ ਕਰਕੇ ਦਵਿੰਦਰ ਪਾਲ ਸਿੰਘ ਭੁੱਲਰ ਦੀ ਹਮਦਰਦੀ ਭਰੀ ਰਿਹਾਈ ਲਈ ਨਿੱਜੀ ਤੌਰ ’ਤੇ ਅਪੀਲ ਕੀਤੀ ਗਈ। ਉਨ੍ਹਾਂ ਕਿਹਾ ਕਿ ਮੇਰੀ ਬੇਨਤੀ ਪੂਰੀ ਤਰ੍ਹਾਂ ਮਾਨਵਤਾਵਾਦੀ ਆਧਾਰ ’ਤੇ ਹੈ। ਭੁੱਲਰ ਨੇ 28 ਸਾਲ ਜੇਲ੍ਹ ਵਿਚ ਬਿਤਾਏ ਹਨ। 14 ਸਾਲਾਂ ਤੋਂ ਵੱਧ ਸਮੇਂ ਤੋਂ ਉਹ ਸ਼ਾਈਜ਼ੋਫਰੀਨੀਆ ਦਾ ਇਲਾਜ ਕਰਵਾ ਰਿਹਾ ਹੈ। ਬੇਲੋੜੀ ਦੇਰੀ ਅਤੇ ਉਸਦੀ ਨਾਜ਼ੁਕ ਸਿਹਤ ਨੂੰ ਸਵੀਕਾਰ ਕਰਦੇ ਹੋੲ ਸੁਪਰੀਮ ਕੋਰਟ ਨੇ ਖੁਦ 2014 ਵਿਚ ਉਸ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿਚ ਬਦਲ ਦਿੱਤਾ।
ਕੇਂਦਰ ਸਰਕਾਰ ਦੇ 2019 ਦੇ ਨਿਰਦੇਸ਼ਾਂ ਦੇ ਬਾਵਜੂਦ ਜੋ ਉਸ ਦੀ ਰਿਹਾਈ ਨਾਲ ਸਹਿਮਤ ਸੀ, ਉਹ ਕੈਦ ਵਿਚ ਹੈ। ਦਿੱਲੀ ਸਜ਼ਾ ਸਮੀਖਿਆ ਬੋਰਡ ਨੇ ਵਾਰ-ਵਾਰ ਉਸ ਦੀ ਰਿਹਾਈ ਤੋਂ ਇਨਕਾਰ ਕੀਤਾ ਹੈ, ਪਰ ਹਾਲਾਤ ਦਇਆ ਅਤੇ ਮਨੁੱਖੀ ਸਨਮਾਨ ਦੇ ਆਧਾਰ ’ਤੇ ਮੁੜ ਵਿਚਾਰ ਦੀ ਮੰਗ ਕਰਦੇ ਹਨ।
ਉਨ੍ਹਾਂ ਅੱਗੇ ਕਿਹਾ ਕਿ ਇਹ ਉਸ ਅਪਰਾਧ ਬਾਰੇ ਨਹੀਂ ਹੈ, ਜਿਸ ਲਈ ਉਸ ਨੇ ਸਜ਼ਾ ਭੁਗਤੀ ਹੈ, ਸਗੋਂ ਦਇਆ ਅਤੇ ਮਾਨਸਿਕ ਤੌਰ ’ਤੇ ਬਿਮਾਰ ਆਦਮੀ ਲਈ ਇਕ ਮੌਕਾ ਬਾਰੇ ਹੈ। ਮੈਂ ਮੁੱਖ ਮੰਤਰੀ ਨੂੰ ਦਖਲ ਦੇਣ ਅਤੇ ਇਸ ਲੰਬੇ ਸਮੇਂ ਤੋਂ ਲਟਕਦੀ ਰਾਹਤ ਨੂੰ ਪੂਰੀ ਤਰ੍ਹਾਂ ਮਾਨਵਤਾਵਾਦੀ ਆਧਾਰ ’ਤੇ ਦੇਣ ਦੀ ਅਪੀਲ ਕੀਤੀ ਹੈ।