ਆਈ.ਪੀ.ਐਸ. ਖ਼ੁਦਕੁਸ਼ੀ ਮਾਮਲਾ: ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਨਹੀਂ ਕੀਤਾ ਵਾਅਦਾ ਪੂਰਾ- ਰਾਹੁਲ ਗਾਂਧੀ

ਚੰਡੀਗੜ੍ਹ, 14 ਅਕਤੂਬਰ- ਆਈ.ਪੀ.ਐਸ. ਪੂਰਨ ਕੁਮਾਰ ਦੇ ਘਰ ਪੁੱਜੇ ਲੋਕ ਸਭਾ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਕਿ ਇਹ ਇਕ ਦੁਖਾਂਤ ਵਾਪਰਿਆ ਹੈ। ਉਹ ਇਕ ਸਰਕਾਰੀ ਅਧਿਕਾਰੀ ਸਨ ਅਤੇ ਹਰਿਆਣਾ ਦੇ ਮੁੱਖ ਮੰਤਰੀ ਨੇ ਨਿੱਜੀ ਤੌਰ ’ਤੇ ਉਨ੍ਹਾਂ ਦੇ ਪਰਿਵਾਰ ਨਾਲ ਵਾਅਦਾ ਕੀਤਾ ਹੈ ਕਿ ਉਹ ਇਕ ਸੁਤੰਤਰ ਅਤੇ ਨਿਰਪੱਖ ਜਾਂਚ ਸ਼ੁਰੂ ਕਰਨਗੇ। ਉਨ੍ਹਾਂ ਨੇ ਇਹ ਤਿੰਨ ਦਿਨ ਪਹਿਲਾਂ ਕਿਹਾ ਸੀ, ਪਰ ਇਹ ਵਾਅਦਾ ਪੂਰਾ ਨਹੀਂ ਹੋ ਰਿਹਾ ਹੈ। ਉਨ੍ਹਾਂ ਦੀਆਂ ਦੋ ਧੀਆਂ, ਜਿਨ੍ਹਾਂ ਨੇ ਆਪਣੇ ਪਿਤਾ ਨੂੰ ਗੁਆ ਦਿੱਤਾ ਹੈ, ਬਹੁਤ ਦਬਾਅ ਹੇਠ ਹਨ।
ਉਨ੍ਹਾਂ ਅੱਗੇ ਕਿਹਾ ਕਿ ਇਹ ਇਕ ਦਲਿਤ ਜੋੜਾ ਹੈ ਅਤੇ ਇਕ ਗੱਲ ਸਪੱਸ਼ਟ ਹੈ ਕਿ ਇਸ ਅਧਿਕਾਰੀ ਦਾ ਮਨੋਬਲ ਡੇਗਣ ਅਤੇ ਉਸ ਦੇ ਕਰੀਅਰ ਅਤੇ ਉਸਦੀ ਸਾਖ ਨੂੰ ਨੁਕਸਾਨ ਪਹੁੰਚਾਉਣ ਲਈ ਸਾਲਾਂ ਤੋਂ ਯੋਜਨਾਬੱਧ ਵਿਤਕਰਾ ਕੀਤਾ ਜਾ ਰਿਹਾ ਸੀ। ਇਹ ਸਿਰਫ਼ ਇਕ ਪਰਿਵਾਰ ਦਾ ਮਾਮਲਾ ਨਹੀਂ ਹੈ। ਦੇਸ਼ ਵਿਚ ਕਰੋੜਾਂ ਦਲਿਤ ਭਰਾ-ਭੈਣ ਹਨ ਅਤੇ ਉਨ੍ਹਾਂ ਨੂੰ ਗਲਤ ਸੁਨੇਹਾ ਮਿਲ ਰਿਹਾ ਹੈ। ਇਹ ਸੁਨੇਹਾ ਕਿ ਤੁਸੀਂ ਕਿੰਨੇ ਵੀ ਸਫਲ, ਬੁੱਧੀਮਾਨ ਜਾਂ ਸਮਰੱਥ ਹੋ, ਜੇਕਰ ਤੁਸੀਂ ਇਕ ਦਲਿਤ ਹੋ, ਤਾਂ ਤੁਹਾਨੂੰ ਦਬਾਇਆ ਜਾ ਸਕਦਾ ਹੈ ਅਤੇ ਬਾਹਰ ਸੁੱਟਿਆ ਜਾ ਸਕਦਾ ਹੈ।
ਇਹ ਸਾਡੇ ਲਈ ਸਵੀਕਾਰਯੋਗ ਨਹੀਂ ਹੈ। ਵਿਰੋਧੀ ਧਿਰ ਦੇ ਨੇਤਾ ਹੋਣ ਦੇ ਨਾਤੇ ਪ੍ਰਧਾਨ ਮੰਤਰੀ ਮੋਦੀ ਅਤੇ ਮੁੱਖ ਮੰਤਰੀ ਸੈਣੀ ਨੂੰ ਮੇਰਾ ਸੁਨੇਹਾ ਇਹ ਹੈ ਕਿ ਤੁਹਾਨੂੰ ਅਧਿਕਾਰੀ ਦੇ ਅੰਤਿਮ ਸੰਸਕਾਰ ਦੀ ਇਜਾਜ਼ਤ ਦੇਣੀ ਚਾਹੀਦੀ ਹੈ ਅਤੇ ਇਸ ਡਰਾਮੇ ਨੂੰ ਬੰਦ ਕਰਨਾ ਚਾਹੀਦਾ ਹੈ। ਇਹ ਸਪੱਸ਼ਟ ਸੁਨੇਹਾ ਮੈਂ ਦੇਣਾ ਚਾਹੁੰਦਾ ਹਾਂ ਪ੍ਰਧਾਨ ਮੰਤਰੀ ਮੋਦੀ ਅਤੇ ਮੁੱਖ ਮੰਤਰੀ ਸੈਣੀ ਨੂੰ ਕਿ ਅਧਿਕਾਰੀਆਂ ਵਿਰੁੱਧ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਇਸ ਪਰਿਵਾਰ ’ਤੇ ਦਬਾਅ ਘੱਟ ਕਰਨਾ ਚਾਹੀਦਾ ਹੈ।